ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਤੇ ਭੰਨਤੋੜ ਦਾ ਮਾਮਲਾ: NIA ਵਲੋਂ 45 ਲੋਕਾਂ ਦੀਆਂ ਤਸਵੀਰਾਂ ਅਤੇ ਲੁਕਆਊਟ ਨੋਟਿਸ ਜਾਰੀ
ਆਮ ਜਨਤਾ ਨੂੰ ਸੂਚਨਾ ਦੇਣ ਦੀ ਕੀਤੀ ਅਪੀਲ
ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਬ੍ਰਿਟੇਨ 'ਚ ਭਾਰਤੀ ਹਾਈ ਕਮਿਸ਼ਨ 'ਤੇ ਹਾਲ ਹੀ 'ਚ ਹੋਏ ਹਮਲੇ ਵਿਚ ਸ਼ਾਮਲ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕਰਕੇ ਲੋਕਾਂ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ ਹੈ। ਐਨ.ਆਈ.ਏ. ਨੇ ਲੁਕਆਊਟ ਨੋਟਿਸ ਜਾਰੀ ਕਰਕੇ ਘਟਨਾ ਵਿਚ ਸ਼ਾਮਲ 45 ਲੋਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ’ਤੇ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੀ ਭੰਨਤੋੜ ਕਰਨ ਅਤੇ ਇਸ ਸਾਲ ਮਾਰਚ ਵਿਚ ਭਾਰਤੀ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦੇ ਇਲਜ਼ਾਮ ਹਨ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਦੇ ਹੈਂਡਲਰ ਅਵਤਾਰ ਸਿੰਘ ਖੰਡਾ ਦੀ ਬਲੱਡ ਕੈਂਸਰ ਕਾਰਨ ਮੌਤ
ਐਨ.ਆਈ.ਏ. ਦੇ ਅਧਿਕਾਰਤ ਟਵਿਟਰ ਹੈਂਡਲ ਤੋਂ ਬੁਧਵਾਰ ਨੂੰ ਕੀਤੇ ਗਏ ਟਵੀਟ 'ਚ ਲਿਖਿਆ ਗਿਆ ਹੈ ਕਿ ਇਨ੍ਹਾਂ ਦੀ ਪਛਾਣ ਕਰਨ ਜਾਂ ਜਾਣਕਾਰੀ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ। ਇਹ ਲੋਕ 19 ਮਾਰਚ ਨੂੰ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ 'ਤੇ ਹੋਏ ਹਮਲੇ ਵਿਚ ਸ਼ਾਮਲ ਸਨ। ਉਨ੍ਹਾਂ ਨੇ ਕਾਫੀ ਨੁਕਸਾਨ ਕੀਤਾ ਅਤੇ ਭਾਰਤੀ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ। ਜੇਕਰ ਕਿਸੇ ਨੂੰ ਇਨ੍ਹਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ ਇਸ ਨੰਬਰ +917290009373 'ਤੇ ਵਟਸਐਪ ਜਾਂ ਸਿੱਧਾ ਸੰਪਰਕ ਕਰੋ।
ਇਹ ਵੀ ਪੜ੍ਹੋ: ਲੱਖਾਂ ਵਿਦਿਆਰਥੀਆਂ ਨੂੰ ਰਾਹਤ: NEET UG-2024 ਪ੍ਰੀਖਿਆ ਲਈ ਉਮਰ ਵਿਚ 11 ਮਹੀਨਿਆਂ ਦੀ ਛੋਟ
ਇਸ ਤੋਂ ਪਹਿਲਾਂ ਸੋਮਵਾਰ ਨੂੰ ਐਨ.ਆਈ.ਏ. ਨੇ ਹਮਲੇ ਸਬੰਧੀ 2 ਘੰਟੇ ਦੀ ਵੀਡੀਉ ਫੁਟੇਜ ਜਾਰੀ ਕੀਤੀ ਸੀ। ਜਾਂਚ ਏਜੰਸੀ ਨੇ ਸੀਸੀਟੀਵੀ ਤੋਂ ਲਗਭਗ ਦੋ ਘੰਟੇ ਦੇ ਫੁਟੇਜ ਨੂੰ ਅਪਣੀ ਵੈਬਸਾਈਟ ’ਤੇ ਪੋਸਟ ਕੀਤਾ ਅਤੇ ਲਿੰਕ ਨੂੰ ਅਪਣੇ ਟਵਿਟਰ ਹੈਂਡਲ ਉਤੇ ਸਾਂਝਾ ਕੀਤਾ ਹੈ, ਜਿਸ ਵਿਚ ਲੋਕਾਂ ਨੂੰ ਵੀਡੀਉ ਵਿਚ ਦਿਖਾਈ ਦੇਣ ਵਾਲੇ ਵਿਅਕਤੀਆਂ ਬਾਰੇ ਕੋਈ ਵੀ ਜਾਣਕਾਰੀ ਏਜੰਸੀ ਨੂੰ ਮੁਹਈਆ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਇਹ ਵੀ ਪੜ੍ਹੋ: ਆਰਥਕ ਤੰਗੀ ਕਰ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਜਾਂਚ ਏਜੰਸੀ ਨੇ ਬਿਆਨ ਵਿਚ ਕਿਹਾ ਹੈ ਕਿ ਇਸ ਸਾਲ 19 ਮਾਰਚ ਨੂੰ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਕੰਪਲੈਕਸ ਵਿਚ ਦੇਸ਼ ਵਿਰੋਧੀ ਤੱਤਾਂ ਵਲੋਂ ਕੀਤੇ ਗਏ ਹਮਲੇ ਦਾ ਸੀਸੀਟੀਵੀ ਫੁਟੇਜ ਅਪਲੋਡ ਕੀਤਾ ਗਿਆ ਹੈ। ਬਿਆਨ ਵਿਚ ਲਿਖਿਆ, “ਲੋਕਾਂ ਨੂੰ ਅਪੀਲ ਹੈ ਕਿ ਫੁਟੇਜ ਵਿਚ ਦਿਖਾਈ ਦੇਣ ਵਾਲੇ ਵਿਅਕਤੀਆਂ ਬਾਰੇ ਜਨਹਿਤ ਵਿਚ ਕੋਈ ਵੀ ਜਾਣਕਾਰੀ ਐਨ.ਆਈ.ਏ. ਨੂੰ ਦਿਤੀ ਜਾਵੇ”।