ਕੋਈ ਅਸ਼ਾਂਤੀ ਪੈਦਾ ਕਰੇਗਾ ਤਾਂ ਮੂੰਹਤੋੜ ਜਵਾਬ ਦਿਤਾ ਜਾਵੇਗਾ : ਰਾਸ਼ਟਰਪਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਮਨਾਥ ਕੋਵਿੰਦ ਵਲੋਂ ਕੋਰੋਨਾ ਵਾਇਰਸ ਦਾ ਫੈਲਾਅ ਰੋਕਣ ਲਈ ਭਾਰਤ ਦੇ ਯਤਨਾਂ ਦੀ ਸ਼ਲਾਘਾ

President Ramnath Kovind

ਨਵੀਂ ਦਿੱਲੀ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਭਾਰਤ ਦੇ 'ਮੋਹਰੀ ਇਨਸਾਨੀ ਯਤਨਾਂ' ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੂਰੀ ਦੁਨੀਆਂ ਦੇ ਸਾਹਮਣੇ ਅਦੁਤੀ ਮਿਸਾਲ ਹੈ। ਰਾਸ਼ਟਰਪਤੀ ਨੇ ਦੇਸ਼ ਦੇ 74ਵੇਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸ਼ਾਮ ਨੂੰ ਦੇਸ਼ ਦੇ ਨਾਮ ਸੰਬੋਧਨ ਵਿਚ ਕੋਰੋਨਾ ਯੋਧਿਆਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਸ਼ਟਰ ਉਨ੍ਹਾਂ ਸਾਰੇ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਕਾਮਿਆਂ ਦਾ ਰਿਣੀ ਹੈ

ਜੋ ਕੋਰੋਨਾ ਵਾਇਰਸ ਵਿਰੁਧ ਇਸ ਲੜਾਈ ਵਿਚ ਅਗਲੀ ਕਤਾਰ ਦੇ ਯੋਧੇ ਹਨ। ਚੀਨ ਨਾਲ ਸਰਹੱਦੀ ਝਗੜੇ ਦਾ ਅਸਿੱਧਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਜੇ ਕੋਈ ਅਸ਼ਾਂਤੀ ਪੈਦਾ ਕਰੇਗਾ ਤਾਂ ਮੂੰਹਤੋੜ ਜਵਾਬ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਹੀ ਸ਼ਾਂਤੀਪਸੰਦ ਮੁਲਕ ਰਿਹਾ ਹੈ। ਉਨ੍ਹਾਂ ਕਿਹਾ, 'ਸਾਰੇ ਕੋਰੋਨਾ ਯੋਧੇ ਉੱਚ ਪ੍ਰਸ਼ੰਸਾ ਦੇ ਪਾਤਰ ਹਨ। ਇਹ ਸਾਡੇ ਰਾਸ਼ਟਰ ਦੇ ਆਦਰਸ਼ ਸੇਵਾ ਯੋਧੇ ਹਨ। ਇਨ੍ਹਾਂ ਕੋਰੋਨਾ ਯੋਧਿਆਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਉਹ ਘੱਟ ਹੈ।'

ਉਨ੍ਹਾਂ ਕਿਹਾ ਕਿ ਮੰਦੇਭਾਗੀਂ ਮਹਾਂਮਾਰੀ ਨਾਲ ਮੁਕਾਬਲਾ ਕਰਦਿਆਂ ਇਨ੍ਹਾਂ ਵਿਚੋਂ ਕਈ ਲੋਕਾਂ ਨੇ ਜਾਨ ਗਵਾਈ। ਉਹ ਸਾਡੇ ਰਾਸ਼ਟਰੀ ਹੀਰੋ ਹਨ। ਇਨ੍ਹਾਂ ਡਾਕਟਰਾਂ, ਆਫ਼ਤ ਪ੍ਰਬੰਧਨ ਦਲਾਂ, ਪੁਲਿਸ ਮੁਲਾਜ਼ਮਾਂ, ਸਫ਼ਾਈ ਮੁਲਾਜ਼ਮਾਂ, ਸਪਲਾਈ ਸੇਵਾ ਨਾਲ ਜੁੜੇ ਮੁਲਾਜ਼ਮਾਂ, ਆਵਾਜਾਈ, ਰੇਲਵੇ ਅਤੇ ਹਵਾਈ ਸੇਵਾ ਨਾਲ ਜੁੜੇ ਮੁਲਾਜ਼ਮਾਂ, ਸਮਾਜਕ ਜਥੇਬੰਦੀ ਅਤੇ ਉਦਾਰ ਨਾਗਰਿਕ, ਇਨ੍ਹਾਂ ਸਾਰਿਆਂ ਨੇ ਸਾਹਸ ਅਤੇ ਨਿਰਸਵਾਰਥ ਸੇਵਾ ਦੀ ਗਾਥਾ ਲਿਖਣ ਦਾ ਕੰਮ ਕੀਤਾ ਹੈ।'

ਉਨ੍ਹਾਂ ਕਿਹਾ ਕਿ ਜਦ ਸੜਕਾਂ ਸੁੰਨਸਾਨ ਸਨ, ਤਦ ਉਨ੍ਹਾਂ ਲਗਾਤਾਰ ਕੰਮ ਕੀਤਾ ਤਾਕਿ ਲੋਕ ਸਿਹਤ ਸੇਵਾ ਤੋਂ ਵਾਂਝੇ ਨਾ ਹੋਣ। ਉਨ੍ਹਾਂ ਸਾਡੀ ਜਾਨ ਅਤੇ ਆਜੀਵਕਾ ਲਈ ਅਪਣਾ ਜੀਵਨ ਦਾਅ 'ਤੇ ਲਾਇਆ। ਕੋਵਿੰਦ ਨੇ ਕਿਹਾ ਕਿ ਇਹ ਬਹੁਤ ਭਰੋਸੇ ਕਰਨ ਵਾਲੀ ਗੱਲ ਹੈ ਕਿ ਇਸ ਚੁਨੌਤੀ ਦਾ ਸਾਹਮਣਾ ਕਰਨ ਲਈ, ਕੇਂਦਰ ਸਰਕਾਰ ਨੇ ਭਵਿੱਖਬਾਣੀ ਕਰਦਿਆਂ, ਸਮਾਂ ਰਹਿੰਦੇ ਅਸਰਦਾਰ ਕਦਮ ਚੁੱਕ ਲਏ ਸਨ। ਉਨ੍ਹਾਂ ਕਿਹਾ ਕਿ ਸਾਲ 2020 ਵਿਚ ਅਸੀਂ ਸਾਰਿਆਂ ਨੇ ਕਈ ਅਹਿਮ ਸਬਕ ਸਿੱਖੇ ਹਨ।

ਰਾਸ਼ਟਰਪਤੀ ਨੇ ਰਖਿਆ ਮੁਲਾਜ਼ਮਾਂ ਲਈ ਬਹਾਦਰੀ ਪੁਰਸਕਾਰਾਂ ਨੂੰ ਦਿਤੀ ਮਨਜ਼ੂਰੀ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਰਖਿਆ ਮੁਲਾਜ਼ਮਾਂ ਲਈ ਸ਼ੌਰਿਆ ਚੱਕਰ ਸਣੇ ਵੱਖ ਵੱਖ ਬਹਾਦਰੀ ਪੁਰਸਕਾਰਾਂ ਨੂੰ ਮਨਜ਼ੂਰੀ ਦਿਤੀ। ਇਸ ਵਾਰ ਚਾਰ ਰਖਿਆ ਮੁਲਾਜ਼ਮਾਂ ਨੂੰ ਸ਼ੌਰਿਆ ਚੱਕਰ ਦਿਤਾ ਗਿਆ ਹੈ। ਰਖਿਆ ਮੰਤਰਾਲੇ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਜੰਮੂ ਕਸ਼ਮੀਰ ਵਿਚ ਅਤਿਵਾਦ ਵਿਰੋਧੀ ਮੁਹਿੰਮਾਂ ਲਈ ਥਲ ਸੈਨਾ ਨੂੰ ਤਿੰਨ ਸ਼ੌਰਿਆ ਚੱਕਰ ਮਿਲੇ ਹਨ।

ਇਸ ਤੋਂ ਇਲਾਵਾ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਵਿਸ਼ਾਖ਼ ਨਾਇਰ ਨੂੰ ਵੀ ਸ਼ੌਰਿਆ ਚੱਕਰ ਨਾਲ ਸਨਮਾਨਤ ਕੀਤਾ ਗਿਆ ਹੈ। ਥਲ ਸੈਨਾ ਦੇ ਲੈਫ਼ਟੀਨੈਂਟ ਕਰਨਲ ਕ੍ਰਿਸ਼ਨ ਸਿੰਘ ਰਾਵਤ, ਮੇਜਰ ਅਨਿਲ ਉਰਸ ਅਤੇ ਹਵਲਦਾਰ ਆਲੋਕ ਕੁਮਾਰ ਦੁਬੇ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਤ ਕੀਤਾ ਗਿਆ ਹੈ। ਫ਼ੌਜ ਦੇ 31 ਜਵਾਨਾਂ ਨੂੰ ਫ਼ੌਜ ਬਹਾਦਰੀ ਤਮਗ਼ੇ ਨਾਲ ਸਨਮਾਨਤ ਕੀਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।