ਬਿਹਾਰ:ਬਿਹਾਰ ਦੇ ਸਿਮਰੀ ਬਖਤਿਆਰਪੁਰ ਉਪ ਚੋਣ ਵਿਚ ਪ੍ਰਚਾਰ ਕਰਨ ਆਏ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਦੀ ਰੈਲੀ ਵਿਚ ਉਸ ਸਮੇਂ ਭਾਜੜ ਮੱਚ ਗਈ ਜਦੋਂ ਉਨ੍ਹਾਂ ਦੇ ਸਮਰਥਕਾਂ ਵਿਚਾਲੇ ਝਗੜਾ ਹੋ ਗਿਆ ਅਤੇ ਉਹ ਰੈਲੀ ਵਿਚ ਹੀ ਇਕ ਦੂਜੇ ’ਤੇ ਕੁਰਸੀਆਂ ਚਲਾਉਣ ਲੱਗ ਪਏ। ਦਰਅਸਲ ਹੋਇਆ ਇੰਝ ਕਿ ਸਿਮਰੀ ਬਖਤਿਆਰਪੁਰ ਹਾਈ ਸਕੂਲ ਦੇ ਮੈਦਾਨ ਵਿਚ ਪੌਣੇ ਤਿੰਨ ਵਜੇ ਸਟੇਜ ’ਤੇ ਜਿਵੇਂ ਹੀ ਤੇਜਸਵੀ ਯਾਦਵ ਸਟੇਜ ’ਤੇ ਪਹੁੰਚੇ ਤਾਂ ਲੋਕਾਂ ਵਿਚ ਉਨ੍ਹਾਂ ਨੂੰ ਮਾਲਾ ਪਹਿਨਾਉਣ ਦੀ ਕਾਹਲੀ ਪੈ ਗਈ।
ਇਸੇ ਦੌਰਾਨ ਦਰਸ਼ਕਾਂ ਦੀ ਗੈਲਰੀ ਵਿਚ ਬੈਠਾ ਇਕ ਨੌਜਵਾਨ ਵੀ ਇਕ ਫੁੱਲ ਮਾਲਾ ਪਾਉਣ ਲਈ ਸਟੇਜ ’ਤੇ ਚੜ੍ਹ ਗਿਆ ਤੇ ਉਥੇ ਹੀ ਰੁਕ ਗਿਆ। ਉਸ ਨੂੰ ਹੇਠਾਂ ਜਾਣ ਲਈ ਕਹਿਣ ’ਤੇ ਉਸ ਨੇ ਆਪਰੇਟਰ ਨਾਲ ਝਗੜਾ ਸ਼ੁਰੂ ਕਰ ਦਿੱਤਾ। ਹੇਠਾਂ ਮੌਜੂਦ ਉਸਦੇ ਸਾਥੀ ਨੇ ਵੀ ਹੰਗਾਮਾ ਕਰਨਾ ਸੁਰੂ ਕਰ ਦਿੱਤਾ। ਬਸ ਫਿਰ ਕੀ ਸੀ ਇਸੇ ਦੌਰਾਨ ਗੈਲਰੀ ਵਿਚ ਲੋਕਾਂ ਨੇ ਇਕ ਦੂਜੇ ’ਤੇ ਕੁਰਸੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ।
ਭਾਵੇਂ ਕਿ ਇਸ ਦੌਰਾਨ ਸਟੇਜ ਤੋਂ ਲੀਡਰਾਂ ਵੱਲੋਂ ਲੋਕਾਂ ਨੂੰ ਵਾਰ-ਵਾਰ ਸ਼ਾਂਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਸੀ ਪਰ ਲੋਕਾਂ ’ਤੇ ਇਨ੍ਹਾਂ ਅਪੀਲਾਂ ਦਾ ਕੋਈ ਅਸਰ ਨਹੀਂ ਹੋਇਆ। ਝਗੜਾ ਹੋਰ ਵਧ ਗਿਆ, ਜਿਸ ਨਾਲ ਰੈਲੀ ਵਿਚ ਚਾਰੇ ਪਾਸੇ ਭਾਜੜਾਂ ਪੈ ਗਈਆਂ। ਇਸੇ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਤੇਜਸਵੀ ਨੂੰ ਸੁਰੱਖਿਅਤ ਕਰਦਿਆਂ ਸਟੇਜ ਦਾ ਘਿਰਾਓ ਕੀਤਾ ਅਤੇ ਹੁੱਲ੍ਹੜਬਾਜ਼ਾਂ ਦੀ ਚੰਗੀ ਡੰਡਾ ਪ੍ਰੇਡ ਕੀਤੀ, ਜਿਸ ਵਿਚ ਇਕ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ।
ਰੈਲੀ ਵਿਚ ਹੋਈ ਇਸ ਘਟਨਾ ਕਾਰਨ ਚੋਣ ਪ੍ਰਚਾਰ ਲਈ ਰੱਖੀ ਇਹ ਰੈਲੀ ਜੰਗ ਦਾ ਮੈਦਾਨ ਬਣ ਕੇ ਰਹਿ ਗਈ, ਜਿਸ ਵਿਚ ਤੇਜਸਵੀ ਯਾਦਵ ਦੇ ਸਮਰਥਕ ਆਪਸ ਵਿਚ ਲੜਨ ਲੱਗ ਗਏ। ਫਿਲਹਾਲ ਪੁਲਿਸ ਨੇ ਜ਼ਬਰਦਸਤੀ ਸਟੇਜ ’ਤੇ ਚੜ੍ਹੇ ਵਿਅਕਤੀ ਮਿਥੀਲੇਸ ਯਾਦਵ ਨੂੰ ਵੀ ਹਿਰਾਸਤ ਵਿਚ ਲੈ ਕੇ ਪੁਛਗਿੱਛ ਸ਼ੁਰੂ ਕਰ ਦਿੱਤੀ ਹੈ।