ਪਤੀ ਨੇ ਪਤਨੀ ਨੂੰ ਡੇਢ ਸਾਲ ਤੋਂ ਪਖਾਨੇ 'ਚ ਕੀਤਾ ਸੀ ਕੈਦ, ਸਰੀਰ ਬਣਿਆ ਹੱਡੀਆਂ ਦਾ ਢਾਂਚਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਪਾਣੀਪਤ ਤੋਂ ਸਾਹਮਣੇ ਆਇਆ ਖੌਫ਼ਨਾਕ ਮਾਮਲਾ

Woman locked in toilet by husband for over a year

ਪਾਣੀਪਤ: ਹਰਿਆਣਾ ਦੇ ਪਾਣੀਪਤ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੋਂ ਦੇ ਇਕ ਵਿਅਕਤੀ ਨੇ ਅਪਣੀ ਪਤਨੀ ਨੂੰ ਡੇਢ ਸਾਲ ਤੱਕ ਪਖਾਨੇ ਵਿਚ ਕੈਦ ਰੱਖਿਆ। ਜ਼ਿਲ੍ਹੇ ਦੇ ਸਨੌਲੀ ਵਿਚ ਰਹਿਣ ਵਾਲਾ ਇਕ ਵਿਅਕਤੀ ਅਪਣੀ ਪਤਨੀ ਨਾਲ ਕੁੱਟਮਾਰ ਕਰਦਾ ਸੀ ਅਤੇ ਉਸ ਨੂੰ ਖਾਣਾ ਨਹੀਂ ਦਿੰਦਾ ਸੀ। 

ਜ਼ਿਲ੍ਹਾ ਮਹਿਲਾ ਸੁਰੱਖਿਆ ਅਧਿਕਾਰੀ ਰਜਨੀ ਗੁਪਤਾ ਨੇ ਸਨੌਲੀ ਥਾਣਾ ਪੁਲਿਸ ਦੀ ਮਦਦ ਨਾਲ ਮਹਿਲਾ ਨੂੰ ਮੁਕਤ ਕਰਾਇਆ। ਪਖਾਨੇ ਵਿਚ ਕੈਦ ਰਹਿਣ ਕਾਰਨ ਉਸ ਦੀ ਲੱਤਾਂ ਵੀ ਸਿੱਧੀਆਂ ਨਹੀਂ ਹੋ ਰਹੀਆਂ ਸੀ। ਦੱਸ ਦਈਏ ਕਿ ਮਹਿਲਾ ਦਾ ਨਾਂਅ ਰਾਮਰਤੀ (35) ਹੈ। ਉਸ ਨੇ ਪਤੀ ਨਰੇਸ਼ ਨੇ ਉਸ ਨੂੰ ਡੇਢ ਸਾਲ ਤੱਕ ਪਖਾਨੇ ਵਿਚ ਕੈਦ ਕਰਕੇ ਰੱਖਿਆ।

ਮਹਿਲਾ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਹ ਮੰਗਲਵਾਰ ਨੂੰ ਪਿੰਡ ਰਿਸ਼ਪੁਰ ਵਾਸੀ ਨਰੇਸ਼ ਦੇ ਘਰ ਪਹੁੰਚੀ। ਇਸ ਦੌਰਾਨ ਪੁਲਿਸ ਵੀ ਉਹਨਾਂ ਦੇ ਨਾਲ ਸੀ। ਜਦੋਂ ਸੁਰੱਖਿਆ ਅਧਿਕਾਰੀ ਨਰੇਸ਼ ਦੇ ਘਰ ਪਹੁੰਚੇ ਤਾਂ ਉਹ ਅਪਣੇ ਦੋਸਤਾਂ ਨਾਲ ਤਾਸ਼ ਖੇਡ ਰਿਹਾ ਸੀ, ਜਦੋਂ ਉਸ ਨੂੰ ਉਸ ਦੀ ਪਤਨੀ ਬਾਰੇ ਪੁੱਛਿਆ ਗਿਆ ਤਾਂ ਉਸ ਕੋਲ ਕੋਈ ਜਵਾਬ ਨਹੀਂ ਸੀ।

ਸਖਤੀ ਨਾਲ ਪੁੱਛਣ 'ਤੇ ਉਹ ਅਧਿਕਾਰੀਆਂ ਨੂੰ ਪਖਾਨੇ ਕੋਲ ਲੈ ਗਿਆ। ਮਹਿਲਾ ਸੁਰੱਖਿਆ ਅਧਿਕਾਰੀ ਨੇ ਜਦੋਂ ਔਰਤ ਨੂੰ ਪਖਾਨੇ ਵਿਚੋਂ ਬਾਹਰ ਕੱਢਿਆ ਤਾਂ ਉਸ ਨੇ ਨਿਕਲਦੇ ਸਮੇਂ ਸਭ ਤੋਂ ਪਹਿਲਾਂ ਰੋਟੀ ਮੰਗੀ। ਜਦੋਂ ਉਸ ਨੂੰ ਰੋਟੀ ਦਿੱਤੀ ਗਈ ਤਾਂ ਉਸ ਨੇ 8 ਰੋਟੀਆਂ ਖਾਧੀਆਂ।  ਅਧਿਕਾਰੀ ਨੇ ਦੱਸਿਆ ਕਿ ਮਹਿਲਾ ਦਾ 17 ਸਾਲ ਪਹਿਲਾ ਨਰੇਸ਼ ਨਾਲ ਵਿਆਹ ਹੋਇਆ ਸੀ। ਉਸ ਦੀ 15 ਸਾਲ ਦੀ ਇਕ ਲੜਕੀ, ਇਕ 11 ਸਾਲ ਦਾ ਲੜਕਾ ਅਤੇ ਇਕ 13 ਸਾਲ ਦਾ ਲੜਕਾ ਹੈ। 

ਨਰੇਸ਼ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ, ਇਸ ਲਈ ਉਸ ਨੂੰ ਬੰਦ ਰੱਖਿਆ ਗਿਆ ਸੀ। ਥਾਣਾ ਸਨੌਲੀ ਪੁਲਿਸ ਨੇ ਮਹਿਲਾ ਸੁਰੱਖਿਆ ਅਧਿਕਾਰੀ ਰਜਨੀ ਗੁਪਤਾ ਦੀ ਸ਼ਿਕਾਇਤ 'ਤੇ ਪਤੀ ਖਿਲਾਫ਼ 498ਏ ਅਤੇ 342 ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਪਤੀ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।