ਆਖ਼ਰ ਕੀ ਹੈ ਬੀ.ਐਸ.ਐਫ਼ ਨੂੰ ਵੱਧ ਅਧਿਕਾਰ ਦੇਣ ਦਾ ਮਕਸਦ, ਜਾਣੋ ਕੀ ਹੈ ਨਵਾਂ ਨਿਯਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੁੱਝ ਸੂਬੇ ਇਸ ਫ਼ੈਸਲੇ ਦਾ ਸਵਾਗਤ ਕਰ ਰਹੇ ਹਨ ਤੇ ਕੁੱਝ ਨੇ ਪ੍ਰਗਟਾਈ ਹੈ ਨਾਰਾਜ਼ਗੀ

BSF

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪਛਮੀ ਬੰਗਾਲ, ਪੰਜਾਬ ਤੇ ਅਸਾਮ ’ਚ ਸੀਮਾ ਸੁਰੱਖਿਆ ਬਲ (ਬੀਐਸਐਫ਼) ਦੇ ਅਧਿਕਾਰ ਖੇਤਰ ਨੂੰ ਵਧਾ ਦਿਤਾ ਹੈ। ਕਾਨੂੰਨ ’ਚ ਸੋਧ ਕਰ ਕੇ ਸਰਕਾਰ ਨੇ ਬੀਐਸਐਫ ਨੂੰ ਪੰਜਾਬ, ਪਛਮੀ ਬੰਗਾਲ ਤੇ ਅਸਾਮ ਦੀ ਅੰਤਰਰਾਸਟਰੀ ਸਰਹੱਦ ਤੋਂ 15 ਕਿਲੋਮੀਟਰ ਦੀ ਬਜਾਏ 50 ਕਿਲੋਮੀਟਰ ਦੇ ਵਿਸਾਲ ਖੇਤਰ ’ਚ ਤਲਾਸ਼ੀ, ਜ਼ਬਤ ਤੇ ਗਿ੍ਰਫ਼ਤਾਰੀਆਂ ਕਰਨ ਦਾ ਅਧਿਕਾਰ ਦਿਤਾ ਹੈ। ਕੇਂਦਰ ਸਰਕਾਰ ਦੇ ਇਸ ਫ਼ੈਸਲੇ ’ਤੇ ਸਿਆਸਤ ਗਰਮਾ ਗਈ ਹੈ। ਅਸਾਮ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ, ਜਦਕਿ ਪੰਜਾਬ ਤੇ ਬੰਗਾਲ ਨੇ ਇਸ ਨੂੰ ਸੰਘੀ ਢਾਂਚੇ ’ਤੇ ਹਮਲਾ ਕਰਾਰ ਦਿਤਾ।

ਹੋਰ ਪੜ੍ਹੋ: ਐਸ. ਚਟੋਪਾਧਿਆਏ ਬਣੇ ਪੰਜਾਬ ਦੇ ਨਵੇ ਵਿਜੀਲੈਂਸ ਬਿਉਰੋ ਮੁਖੀ

ਆਖ਼ਰ ਇਸ ਪਿਛੇ ਕੇਂਦਰ ਸਰਕਾਰ ਦੀ ਮਨਸ਼ਾ ਕੀ ਹੈ? ਪੰਜਾਬ ਦੇ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਪੰਜਾਬ ਨਾਲ ਸ਼ੁਰੂ ਤੋਂ ਧੱਕਾ ਕਰਦਾ ਆ ਰਿਹਾ ਹੈ ਤੇ ਹੁਣ ਕਿਸਾਨ ਅੰਦੋਲਨ ਦਾ ਬਦਲਾ ਲੈਣ ਲਈ ਅਜਿਹਾ ਕਰ ਰਿਹਾ ਹੈ। ਆਗੂਆਂ ਦਾ ਕਹਿਣਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਕਾਰਨ ਪੰਜਾਬੀ ਉਂਜ ਤਾਂ ਭਾਜਪਾ ਨੂੰ ਮੂੰਹ ਨਹੀਂ ਲਾ ਰਹੇ ਪਰ ਭਾਜਪਾ ਪਿਛਲੇ ਦਰਵਾਜ਼ਿਉਂ ਬੀ.ਐਸ.ਐਫ਼ ਦੇ ਜ਼ੋਰ ’ਤੇ ਚੋਣਾਂ ਜਿੱਤਣਾ ਚਾਹੁੰਦੀ ਹੈ। ਉਹ ਬੰਗਾਲ ਦੀ ਉਦਾਹਰਣ ਵੀ ਦਿੰਦੇ ਹਨ ਕਿ ਮਮਤਾ ਨੂੰ ਹਰਾਉਣ ਲਈ ਕੇਂਦਰ ਸਰਕਾਰ ਨੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਸੀ। 

ਹੋਰ ਪੜ੍ਹੋ: ਸੰਪਾਦਕੀ: ਅੱਧਾ ਪੰਜਾਬ, ਬੰਗਾਲ, ਕਸ਼ਮੀਰ ਤੇ ਰਾਜਸਥਾਨ ਬੀ.ਐਸ.ਐਫ਼ ਰਾਹੀਂ ਕੇਂਦਰ ਦੇ ਸ਼ਿਕੰਜੇ ਹੇਠ

ਸਥਾਨਕ ਪੁਲਿਸ ਦਾ ਮਨੋਬਲ ਟੁਟ ਜਾਵੇਗਾ

ਇਥੇ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਸਰਹੱਦੀ ਖੇਤਰਾਂ ਵਿਚ ਕਾਨੂੰਨ ਸਥਾਪਤੀ ਦਾ ਕੰਮ ਬੀ.ਐਸ.ਐਫ਼ ਨੇ ਦੇਖਣਾ ਹੈ ਤਾਂ ਸਥਾਨਕ ਪੁਲਿਸ ਕੀ ਕਰੇਗੀ? ਖ਼ਾਸ ਕਰ ਕੇ ਪੰਜਾਬ ਵਰਗੇ ਛੋਟੇ ਸੂਬੇ ਵਿਚ ਜਿਸ ਦੇ ਛੇ ਮਹੱਤਵਪੂਰਨ ਜ਼ਿਲ੍ਹੇ ਬੀ.ਐਸ.ਐਫ਼ ਦੇ ਅਧਿਕਾਰ ਖੇਤਰ ਹੇਠ ਆ ਜਾਣਗੇ ਤਾਂ ਇਥੋਂ ਦੀ ਪੁਲਿਸ ਦਾ ਮਨੋਬਲ ਟੁਟ ਜਾਵੇਗਾ। ਪੰਜਾਬ ਪੁਲਿਸ ਨੂੰ ਦੁਨੀਆਂ ਦੀਆਂ ਬਿਹਤਰਹੀਣ ਪੁਲਿਸ ਮੰਨਿਆ ਜਾਂਦਾ ਹੈ ਤੇ ਜੇਕਰ ਉਸ ਕੋਲੋਂ ਸਾਰੇ ਅਧਿਕਾਰ ਲੈ ਲਏ ਜਾਂਦੇ ਹਨ ਤਾਂ ਕੁਦਰਤੀ ਹੈ ਕਿ ਉਸ ਦੀ ਅਗਵਾਈ ਕਰਨ ਵਾਲੇ ਅਫ਼ਸਰਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ। 

ਕੀ ਹੈ ਨਵਾਂ ਨਿਯਮ

ਕੇਂਦਰ ਨੇ ਬੀਐਸਐਫ਼ ਨੂੰ ਪੰਜਾਬ, ਪੱਛਮੀ ਬੰਗਾਲ ਤੇ ਅਸਾਮ ’ਚ ਅੰਤਰਰਾਸਟਰੀ ਸਰਹੱਦ ਦੇ 50 ਕਿਲੋਮੀਟਰ ਦੇ ਅੰਦਰ ਤਲਾਸ਼ੀ, ਜ਼ਬਤ ਤੇ ਗਿ੍ਰਫ਼ਤਾਰੀਆਂ ਕਰਨ ਦਾ ਅਧਿਕਾਰ ਦਿਤਾ ਹੈ। ਪਹਿਲਾਂ ਇਹ ਸੀਮਾ 15 ਕਿਲੋਮੀਟਰ ਸੀ। ਕੇਂਦਰ ਨੇ ਪਾਕਿਸਤਾਨ ਦੀ ਸਰਹੱਦ ਨਾਲ ਲਗਦੇ ਗੁਜਰਾਤ ਦੇ ਖੇਤਰਾਂ ’ਚ ਇਹ ਰੇਂਜ 80 ਕਿਲੋਮੀਟਰ ਤੋਂ ਘਟਾ ਕੇ 50 ਕਿਲੋਮੀਟਰ ਕਰ ਦਿਤੀ ਹੈ। ਇਸ ਦੇ ਨਾਲ ਹੀ ਰਾਜਸਥਾਨ ’ਚ 50 ਕਿਲੋਮੀਟਰ ਤਕ ਦੇ ਖੇਤਰ ਦੀ ਸੀਮਾ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵਲੋਂ 11 ਅਕਤੂਬਰ ਨੂੰ ਜਾਰੀ ਨੋਟੀਫ਼ਿਕੇਸਨ ਅਨੁਸਾਰ ਸੀਮਾ ਸੁਰੱਖਿਆ ਬਲ ਪਾਸਪੋਰਟ ਐਕਟ, ਵਿਦੇਸੀ ਰਜਿਸਟ੍ਰੇਸ਼ਨ ਐਕਟ, ਕੇਂਦਰੀ ਆਬਕਾਰੀ ਐਕਟ ਤਹਿਤ ਕਾਰਵਾਈ ਕਰਨ ਦੇ ਯੋਗ ਹੋਵੇਗਾ।

ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (15 ਅਕਤੂਬਰ 2021)

ਬੀਐਸਐਫ਼ ਨੂੰ ਵਿਦੇਸੀ ਐਕਟ, ਵਿਦੇਸੀ ਮੁਦਰਾ ਪ੍ਰਬੰਧਨ ਐਕਟ, ਕਸਟਮਜ ਐਕਟ ਜਾਂ ਕਿਸੇ ਹੋਰ ਕੇਂਦਰੀ ਐਕਟ ਦੇ ਅਧੀਨ ਸਜ਼ਾਯੋਗ ਕਿਸੇ ਵੀ ਅਪਰਾਧ ਦੀ ਰੋਕਥਾਮ ਲਈ ਕਾਰਵਾਈ ਕਰਨ ਦਾ ਅਧਿਕਾਰ ਦਿਤਾ ਜਾਵੇਗਾ। ਇਸ ਦੇ ਨਾਲ ਹੀ ਪੰਜ ਉਤਰ-ਪੂਰਬੀ ਰਾਜਾਂ- ਮਨੀਪੁਰ, ਮਿਜੋਰਮ, ਤਿ੍ਰਪੁਰਾ, ਨਾਗਾਲੈਂਡ ਤੇ ਮੇਘਾਲਿਆ ’ਚ ਸੀਮਾ ਸੁਰੱਖਿਆ ਬਲ ਦੇ ਅਧਿਕਾਰ ਖੇਤਰ ‘ਚ 30 ਕਿਲੋਮੀਟਰ ਦੀ ਕਟੌਤੀ ਹੈ। ਬੀਐਸਐਫ਼ ਦੇ ਸੱਭ ਤੋਂ ਹੇਠਲੇ ਦਰਜੇ ਦੇ ਅਧਿਕਾਰੀ ਹੁਣ ਮੈਜਿਸਟ੍ਰੇਟ ਦੇ ਆਦੇਸ਼ ਤੇ ਵਾਰੰਟ ਤੋਂ ਬਿਨਾਂ ਵੀ ਅਪਣੀਆਂ ਸਕਤੀਆਂ ਤੇ ਫ਼ਰਜ਼ਾਂ ਨੂੰ ਨਿਭਾ ਸਕਦੇ ਹਨ। ਬੀਐਸਐਫ਼ ਦਾ ਇਕ ਅਧਿਕਾਰੀ ਹੁਣ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਗਿ੍ਰਫ਼ਤਾਰ ਕਰ ਸਕਦਾ ਹੈ ਜੋ ਕਿਸੇ ਵੀ ਬੋਧਯੋਗ ਅਪਰਾਧ ’ਚ ਸਾਮਲ ਹੈ, ਜਾਂ ਜਿਸ ਵਿਰੁਧ ਉਚਿਤ ਸ਼ਿਕਾਇਤ ਕੀਤੀ ਗਈ ਹੈ, ਜਾਂ ਖ਼ੁਫ਼ੀਆ ਜਾਣਕਾਰੀ ਪ੍ਰਾਪਤ ਹੋਈ ਹੈ।

ਦਰਅਸਲ ਸਰਹੱਦੀ ਸੂਬਿਆਂ ਖ਼ਾਸ ਕਰ ਕੇ ਪੰਜਾਬ, ਬੰਗਾਲ, ਜੰਮੂ-ਕਸਮੀਰ, ਅਸਾਮ ਤੇ ਰਾਜਸਥਾਨ ’ਚ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਤੇ ਘੁਸਪੈਠ ਇਕ ਵੱਡੀ ਸਮੱਸਿਆ ਰਹੀ ਹੈ। ਬੀਐਸਐਫ਼ ਨੇ ਕਈ ਵਾਰ ਤਸਕਰਾਂ ਤੇ ਘੁਸਪੈਠੀਆਂ ਦੇ ਮਨਸੂਬਿਆਂ ਨੂੰ ਨਾਕਾਮ ਕੀਤਾ ਹੈ। ਅਫ਼ਗ਼ਾਨਿਸਤਾਨ ’ਚ ਤਾਲਿਬਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਡਰੱਗਜ਼ ਤੇ ਹਥਿਆਰਾਂ ਦੀ ਤਸਕਰੀ ਦੇ ਨਾਲ-ਨਾਲ ਘੁਸਪੈਠ ਦੀਆਂ ਘਟਨਾਵਾਂ ਵਧਣ ਦਾ ਖ਼ਦਸਾ ਹੈ। ਖ਼ੁਫ਼ੀਆ ਏਜੰਸੀਆਂ ਵਲੋਂ ਇਸ ਸਬੰਧੀ ਅਲਰਟ ਵੀ ਜਾਰੀ ਕੀਤਾ ਗਿਆ ਹੈ।