ਮਹਾਰਾਸ਼ਟਰ 'ਚ ਗਠਜੋੜ ਦੀ ਸਰਕਾਰ ਬਣਨੀ ਤੈਅ, ਜਾਣੋ ਕਿਸ ਪਾਰਟੀ ਦਾ ਹੋਵੇਗਾ ਮੁੱਖ ਮੰਤਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਤਰਾਂ ਮੁਤਾਬਕ ਤਿੰਨੇ ਪਾਰਟੀਆਂ ਵਿਚਾਲੇ ਘੱਟੋ- ਘੱਟ ਸਾਂਝੇ ਪ੍ਰੋਗਰਾਮ ਨੂੰ ਲੈ ਕੇ ਬਣੀ ਸਹਿਮਤੀ

File Photo

ਮੁੰਬਈ: ਮਹਾਰਸ਼ਟਰ ਵਿਚ ਗਠਜੋੜ ਦੀ ਸਰਕਾਰ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਸੂਤਰਾਂ ਮੁਤਾਬਕ ਲੰਬੀ ਗੱਲਬਾਤ ਤੋਂ ਬਾਅਦ ਸ਼ਿਵ ਸੈਨਾ, ਕਾਂਗਰਸ ਅਤੇ ਰਾਸ਼ਟਰੀ ਕਾਂਗਰਸ ਪਾਰਟੀ ਵਿਚਾਲੇ ਸਰਕਾਰ ਬਣਾਉਣ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਸਮਝੌਤੇ ਮੁਤਾਬਕ ਸ਼ਿਵ ਸੈਨਾ ਦਾ ਪੂਰੇ ਪੰਜ ਸਾਲ ਦੇ ਕਾਰਜਕਾਲ ਲਈ ਮੁੱਖ ਮੰਤਰੀ ਹੋਵੇਗਾ ਅਤੇ ਕਾਂਗਰਸ 'ਤੇ ਐੱਨਸੀਪੀ ਦੇ ਖਾਤੇ ਵਿਚ ਉੱਪ- ਮੁੱਖ ਮੰਤਰੀ ਦਾ ਇਕ -ਇਕ ਅਹੁਦਾ ਹੋਵੇਗਾ।

ਸੂਤਰਾਂ ਮੁਤਾਬਕ ਸਰਕਾਰ ਬਣਾਉਣ ਨੂੰ ਲੈ ਕੇ ਮਹਾਰਾਸ਼ਟਰ ਵਿਚ ਸ਼ਿਵ ਸੈਨਾ, ਕਾਂਗਰਸ ਅਤੇ ਐੱਨਸੀਪੀ ਵਿਚਾਲੇ ਲਗਾਤਾਰ ਗੱਲਬਾਤ ਚੱਲ ਰਹੀ ਹੈ। ਤਿੰਨੇ ਪਾਰਟੀਆਂ ਵਿਚਾਲੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਸਮਝੌਤੇ ਮੁਤਾਬਕ ਸ਼ਿਵ ਸੈਨਾ ਦਾ ਮੁੱਖ ਮੰਤਰੀ ਪੰਜ ਸਾਲਾਂ ਲਈ ਹੋਵੇਗਾ ਜਦਕਿ ਐੱਨਸੀਪੀ ਨੂੰ 14 ਮੰਤਰੀਆਂ ਅਤੇ ਕਾਂਗਰਸ ਨੂੰ 12 ਮੰਤਰੀਆਂ ਦੇ ਅਹੁਦੇ ਮਿਲਣਗੇ ਅਤੇ ਸ਼ਿਵ ਸੈਨਾ ਦੇ 14 ਮੰਤਰੀ ਹੋਣਗੇ।

ਇਸ ਸਮਝੌਤੇ 'ਚ ਹਿੰਦੂਤਵ ਦਾ ਮੁੱਦਾ ਸ਼ਾਮਲ ਨਹੀਂ ਕੀਤਾ ਗਿਆ ਹੈ। ਸਾਂਝੇ ਪ੍ਰੋਗਰਾਮ ਵਿਚ ਕਿਸਾਨਾਂ ਅਤੇ ਨੌਜਵਾਨਾਂ ਨਾਲ ਜੁੜੇ ਮਾਮਲਿਆਂ ਵੱਲ ਧਿਆਨ ਕੇਂਦ੍ਰਿਤ ਕਰਨ ਲਈ ਸਹਿਮਤੀ ਬਣ ਗਈ ਹੈ। ਸਮਝੌਤੇ ਵਿਚ ਸ਼ਿਵ ਸੈਨਾ ਨੇ ਵਿਨਾਇਕ ਦਾਮੋਦਰ ਸਾਵਰਕਰ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਕਾਂਗਰਸ ਅਤੇ ਐੱਨਸੀਪੀ ਮੁਸਲਮਾਨਾਂ ਨੂੰ 5 ਫ਼ੀਸਦੀ ਰਾਖਵਾਂਕਰਨ ਦੇਣ ਦੀ ਮੰਗ ਕਰ ਰਹੀ ਹੈ।  ਸੂਤਰਾਂ ਮੁਤਾਬਕ ਇਸ ਹਫ਼ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਐੱਨਸੀਪੀ ਆਗੂ ਸ਼ਰਦ ਪਵਾਰ ਵਿਚਾਲੇ ਮੁਲਾਕਾਤ ਹੋ ਸਕਦੀ ਹੈ।