ਛੱਤੀਸਗੜ੍ਹ 'ਚ ਸਰਕਾਰ ਬਣਨ ਤੋਂ ਪਹਿਲਾਂ ਇੰਟੈਲੀਜੈਂਸ ਨੇ ਸਾੜੀਆਂ ਫਾਈਲਾਂ, ਉਠੇ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਛੱਤੀਸਗੜ੍ਹ ਵਿਚ ਸੱਤਾ ਤਬਦੀਲੀ ਤੋਂ ਪਹਿਲਾਂ  ਇੰਟੈਲੀਜੈਂਸ ਵਿਭਾਗ ਨੇ ਕੇਵਲ ਰਾਜਧਾਨੀ ਸਥਿਤ ਹੈੱਡਕੁਆਰਟਰ ਦੀਆਂ ਹੀ ਨਹੀਂ, ਸਗੋਂ ਸਾਰੇ ਖੇਤਰ ਦੇ ਅਪਣੇ ਦਫ਼ਤਰ...

File

ਰਾਏਪੁਰ (ਭਾਸ਼ਾ) : ਛੱਤੀਸਗੜ੍ਹ ਵਿਚ ਸੱਤਾ ਤਬਦੀਲੀ ਤੋਂ ਪਹਿਲਾਂ  ਇੰਟੈਲੀਜੈਂਸ ਵਿਭਾਗ ਨੇ ਕੇਵਲ ਰਾਜਧਾਨੀ ਸਥਿਤ ਹੈੱਡਕੁਆਰਟਰ ਦੀਆਂ ਹੀ ਨਹੀਂ, ਸਗੋਂ ਸਾਰੇ ਖੇਤਰ ਦੇ ਅਪਣੇ ਦਫ਼ਤਰ ਦੀਆਂ ਫਾਈਲਾਂ ਮੰਗਵਾ ਕੇ ਉਨ੍ਹਾਂ ਨੂੰ ਸਾੜਿਆ ਹੈ। ਸ਼ੁੱਕਰਵਾਰ ਨੂੰ ਇਸ ਖੁਲਾਸੇ ਤੋਂ ਬਾਅਦ ਇਹ ਮਾਮਲਾ ਹੋਰ ਜ਼ਿਆਦਾ ਗਰਮਾ ਗਿਆ ਹੈ। ਅਜਿਹੇ 'ਚ ਇਕ ਪਾਸੇ ਜਿੱਥੇ ਕਾਂਗਰਸ ਦੇ ਨਾਲ- ਨਾਲ ਦੂਜੇ ਰਾਜਨੀਤਕ ਦਲਾਂ ਨੇ ਇਸ 'ਤੇ ਸ਼ੱਕ ਪ੍ਰਗਟਾਉਂਦੇ ਹੋਏ ਸਵਾਲ ਖੜ੍ਹੇ ਕੀਤੇ ਹਨ ਤਾਂ ਉਥੇ ਹੀ ਦੂਜੇ ਪਾਸੇ ਖ਼ੁਫ਼ੀਆ ਵਿਭਾਗ ਨੇ ਜਾਂਚ ਕਰਵਾਉਣ ਦਾ ਐਲਾਨ ਕਰਕੇ ਚੁੱਪੀ ਸਾਧ ਲਈ ਹੈ। 

ਫਾਈਲਾਂ ਸਾੜਨ ਦੇ ਮਾਮਲੇ ਵਿਚ ਅਜੇ ਤਕ ਕਿਸੇ ਵੀ ਅਫ਼ਸਰ ਵਲੋਂ ਕੋਈ ਬਿਆਨ ਨਹੀਂ ਆਇਆ ਹੈ। ਅਜਿਹੇ 'ਚ ਬੀਤੇ ਦਿਨ ਖ਼ੁਲਾਸਾ ਹੋਇਆ ਹੈ ਕਿ ਅਫ਼ਸਰਾਂ ਨੇ ਸਿਰਫ਼ ਰਾਏਪੁਰ ਸਥਿਤ ਹੈੱਡਕੁਆਰਟਰ ਦੀਆਂ ਫਾਈਲਾਂ ਨਹੀਂ ਸਾੜੀਆਂ, ਸਗੋਂ ਉਨ੍ਹਾਂ ਨੇ ਸੂਬੇ ਭਰ ਵਿਚ ਇੰਟੈਲੀਜੈਂਸ ਦੇ ਜਿੰਨੇ ਵੀ ਦਫ਼ਤਰ ਹਨ, ਉਥੋਂ ਹੀ ਦਸਤਾਵੇਜ਼ ਮੰਗਵਾ ਕੇ ਉਨ੍ਹਾਂ ਨੂੰ ਸਾੜਿਆ ਹੈ। 

ਜਾਣਕਾਰੀ ਮੁਤਾਬਕ ਬੀਤੇ ਦਿਨ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਉਥਲ ਪੁਥਲ ਮਚੀ ਰਹੀ। ਅਫ਼ਸਰ ਇਸ ਗੱਲ ਤੋਂ ਹੈਰਾਨ ਹਨ ਕਿ ਇੰਟੈਲੀਜੈਂਸ ਦੇ ਦਫ਼ਤਰ ਵਲੋਂ ਚੁੱਪਚਾਪ ਰਵਾਨਾ ਕੀਤੇ ਗਏ ਟਰੱਕਾਂ ਦੇ ਬਾਰੇ ਵਿਚ ਖਬਰਾਂ ਆਖ਼ਰ ਕਿਵੇਂ ਲੀਕ ਹੋ ਗਈਆਂ? ਇਸ ਗੱਲ ਨਾਲ ਅਫ਼ਸਰਾਂ ਦੇ ਕਾਫ਼ੀ ਨਰਾਜ਼ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।

 ਕਿਹਾ ਜਾ ਰਿਹਾ ਹੈ ਕਿ ਵੀਰਵਾਰ ਨੂੰ ਇੰਟੈਲੀਜੈਂਸ ਦੇ ਅਫਸਰਾਂ ਨੇ ਸਵੇਰੇ ਅਪਣੇ ਦਫ਼ਤਰ ਤੋਂ ਦੋ ਟਰੱਕ ਫਾਈਲਾਂ ਦਾ ਜ਼ਖ਼ੀਰਾ ਰਵਾਨਾ ਕੀਤਾ ਸੀ। ਸਾਰੀਆਂ ਫਾਈਲਾਂ ਅਵੰਤੀ ਵਿਹਾਰ ਦੇ ਖਾਲੀ ਮੈਦਾਨ ਵਿਚ ਡੰਪ ਕਰਕੇ ਉਥੇ ਸਾੜੀਆਂ ਗਈਆਂ। ਇਸ ਮਾਮਲੇ ਨੂੰ ਲੈ ਕੇ ਸਵਾਲ ਇਸ ਲਈ ਵੀ ਖੜ੍ਹੇ ਹੋ ਰਹੇ ਹਨ ਕਿਉਂਕਿ ਅਫ਼ਸਰ ਸਾਰੀਆਂ ਫਾਈਲਾਂ ਸੜਨ ਤਕ ਉਥੇ ਹੀ ਖੜ੍ਹੇ ਰਹੇ ਸਨ। ਉਨ੍ਹਾਂ ਨੇ ਇਕ ਇਕ ਫਾਈਲ ਅਪਣੇ ਆਪ ਅੱਗ 'ਚ ਸੁੱਟੀ। 

ਇਸ ਪੂਰੇ ਮਾਮਲੇ 'ਤੇ ਕਾਂਗਰਸ ਦੇ ਮੁੱਖ ਬੁਲਾਰੇ ਸੁਸ਼ੀਲ ਆਨੰਦ ਸ਼ੁਕਲਾ ਨੇ ਪੁੱਛਿਆ ਕਿ ਸਰਕਾਰ ਦੇ ਸਹੁੰ ਚੁੱਕਣ ਤੋਂ ਪਹਿਲਾਂ ਦਸਤਾਵੇਜ਼ਾਂ ਨੂੰ ਕਿਉਂ ਸਾੜਿਆ ਗਿਆ? ਜੇਕਰ ਦਸਤਾਵੇਜ਼ ਗੈਰ ਜ਼ਰੂਰੀ ਸਨ ਤਾਂ ਉਹ ਨੂੰ ਨਸ਼ਟ ਕਰਨ ਦਾ ਕੰਮ ਆਉਣ ਵਾਲੀ ਸਰਕਾਰ ਕਰਦੀ। ਛੱਤੀਸਗੜ੍ਹ ਸਮਾਜ ਪਾਰਟੀ ਨੇ ਐਫਆਈਆਰ ਕਰਨ ਦੀ ਮੰਗ ਕੀਤੀ ਹੈ।ਪਾਰਟੀ ਦੇ ਪ੍ਰਧਾਨ ਅਨਿਲ ਦੁਬੇ, ਲਾਲਾ ਰਾਮ ਵਰਮਾ ਦੇ ਨਾਲ ਹੋਰ ਅਹੁਦੇਦਾਰਾਂ 'ਤੇ ਇਲਜ਼ਾਮ ਲਗਾਇਆ ਕਿ 15 ਸਾਲ ਤੋਂ ਵਿਰੋਧੀ ਨੇਤਾਵਾਂ ਸਬੰਧਤ ਅਤੇ ਝੀਰਾਮ ਘਾਟੀ ਮਨੁੱਖੀ ਕਤਲੇਆਮ ਦੇ ਭ੍ਰਿਸ਼ਟਾਚਾਰ ਸਮੇਤ ਅਗਾਊਂ ਕੰਮਾਂ ਦੇ ਆਦੇਸ਼ ਦੀਆਂ ਕਾਪੀਆਂ ਨਵੀਂ ਸਰਕਾਰ ਦੇ ਗਠਨ ਤੋਂ ਪਹਿਲਾਂ ਹੀ ਸਾੜ ਦਿੱਤੀਆਂ ਗਈਆਂ।