ਕਾਂਗਰਸ ਵਲੋਂ ਮੱਧ ਪ੍ਰਦੇਸ਼ ਵਿਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼
ਕਾਂਗਰਸ ਦੇ ਸੀਨੀਅਰ ਆਗੂਆਂ ਕਮਲਨਾਥ ਅਤੇ ਜਯੋਤੀਰਾਦਿਤਯ ਸਿੰਧੀਆ ਨੇ ਦੁਪਹਿਰ ਸਮੇਂ ਰਾਜ ਭਵਨ ਵਿਚ ਜਾ ਕੇ ਰਾਜਪਾਲ ਆਨੰਦੀ ਬੇਨ ਪਟੇਲ ਕੋਲ ਸੂਬੇ ਵਿਚ ਸਰਕਾਰ ਬਣਾਉਣ.......
ਭੋਪਾਲ : ਕਾਂਗਰਸ ਦੇ ਸੀਨੀਅਰ ਆਗੂਆਂ ਕਮਲਨਾਥ ਅਤੇ ਜਯੋਤੀਰਾਦਿਤਯ ਸਿੰਧੀਆ ਨੇ ਦੁਪਹਿਰ ਸਮੇਂ ਰਾਜ ਭਵਨ ਵਿਚ ਜਾ ਕੇ ਰਾਜਪਾਲ ਆਨੰਦੀ ਬੇਨ ਪਟੇਲ ਕੋਲ ਸੂਬੇ ਵਿਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿਤਾ। ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਅਤੇ ਸੂਬਾ ਕਾਂਗਰਸ ਚੋਣ ਪ੍ਰਚਾਰ ਕਮੇਟੀ ਦੇ ਪ੍ਰਧਾਨ ਤੇ ਗੁਣਾਂ ਤੋਂ ਸੰਸਦ ਮੈਂਬਰ ਸਿੰਧੀਆ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਅਪਣੀ ਪਾਰਟੀ ਦੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਨ੍ਹਾਂ ਨਾਲ ਦਿਗਵਿਜੇ ਸਿੰਘ, ਅਰੁਣ ਯਾਦਵ ਅਤੇ ਵਿਵੇਕ ਤਨਖ਼ਾ ਵੀ ਸਨ।
ਕਰੀਬ 25 ਮਿੰਟ ਤਕ ਹੋਈ ਮੁਲਾਕਾਤ ਮਗਰੋਂ ਦੋਵੇਂ ਆਗੂ ਰਾਜ ਭਵਨ ਤੋਂ ਬਾਹਰ ਆਏ ਅਤੇ ਉਥੇ ਮੌਜੂਦ ਪੱਤਰਕਾਰਾਂ ਸਾਹਮਣੇ ਜਿੱਤ ਦਾ ਨਿਸ਼ਾਨ ਵਿਖਾਇਆ। ਸੂਬੇ ਦੀਆਂ 230 ਸੀਟਾਂ ਲਈ ਹੋਈਆਂ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। ਕਾਂਗਰਸ 114 ਸੀਟਾਂ ਨਾਲ ਸੱਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਸਰਕਾਰ ਬਣਾਉਣ ਲਈ ਉਸ ਨੂੰ ਦੋ ਸੀਟਾਂ ਦੀ ਲੋੜ ਹੈ। 15 ਸਾਲ ਤੋਂ ਸੱਤਾ 'ਤੇ ਕਾਬਜ ਭਾਜਪਾ 109 ਸੀਟਾਂ ਨਾਲ ਦੂਜੇ ਨੰਬਰ 'ਤੇ ਹੈ। ਕਾਂਗਰਸ ਦਾ ਦਾਅਵਾ ਹੈ ਕਿ ਉਸ ਕੋਲ ਬਸਪਾ ਅਤੇ ਸਮਾਜਵਾਦੀ ਪਾਰਟੀ ਦੇ ਵਿਧਾਇਕਾਂ ਤੋਂ ਇਲਾਵਾ ਆਜ਼ਾਦ ਉਮੀਦਦਵਾਰਾਂ ਦਾ ਸਮਰਥਨ ਹੈ।
ਬਸਪਾ ਮੁਖੀ ਮਾਇਆਵਤੀ ਨੇ ਪਹਿਲਾਂ ਹੀ ਕਹਿ ਦਿਤਾ ਹੈ ਕਿ ਉਹ ਕਾਂਗਰਸ ਦਾ ਸਮਰਥਨ ਕਰੇਗੀ। ਸੂਬੇ ਵਿਚ ਬਸਪਾ ਦੇ ਦੋ ਆਗੂ ਵਿਧਾਇਕ ਬਣੇ ਹਨ।
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਵੀ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿਤਾ ਹੈ। ਇਸ ਪਾਰਟੀ ਦਾ ਇਥੇ ਇਕ ਵਿਧਾਇਕ ਹੈ। ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਚੁਕੇ ਸ਼ਿਵਰਾਜ ਸਿੰਘ ਚੌਹਾਨ ਨੇ ਸਪੱਸ਼ਟ ਕੀਤਾ ਕਿ ਭਾਜਪਾ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕਰੇਗੀ ਕਿਉਂਕਿ ਉਸ ਕੋਲ ਬਹੁਮਤ ਨਹੀਂ। (ਏਜੰਸੀ)