ਆਸਟ੍ਰੇਲੀਆ 'ਚ ਵੀ ਜ਼ਿੰਦਗੀਆਂ ਨਿਗਲ ਰਹੀ 'ਦਾਜ ਦੀ ਲਾਹਣਤ'
ਭਾਰਤ ਵਿਚ ਦਾਜ ਦੀ ਸਮੱਸਿਆ ਕਿੰਨੀ ਗੰਭੀਰ ਹੈ, ਇਸ ਦਾ ਸਾਰਿਆਂ ਨੂੰ ਪਤਾ ਹੈ, ਜਿਸ ਦੀ ਭੇਂਟ ਰੋਜ਼ਾਨਾ ਪਤਾ ਨਹੀਂ ਕਿੰਨੀਆਂ ਕੁ ਲੜਕੀਆਂ ਚੜ੍ਹਦੀਆਂ...
ਨਵੀਂ ਦਿੱਲੀ (ਭਾਸ਼ਾ) : ਭਾਰਤ ਵਿਚ ਦਾਜ ਦੀ ਸਮੱਸਿਆ ਕਿੰਨੀ ਗੰਭੀਰ ਹੈ, ਇਸ ਦਾ ਸਾਰਿਆਂ ਨੂੰ ਪਤਾ ਹੈ, ਜਿਸ ਦੀ ਭੇਂਟ ਰੋਜ਼ਾਨਾ ਪਤਾ ਨਹੀਂ ਕਿੰਨੀਆਂ ਕੁ ਲੜਕੀਆਂ ਚੜ੍ਹਦੀਆਂ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਰਗਾ ਅਗਾਂਹਵਧੂ ਦੇਸ਼ ਵੀ ਇਸ ਵੇਲੇ ਦਾਜ ਦੀ ਸਮੱਸਿਆ ਨਾਲ ਜੂਝ ਰਿਹਾ ਹੈ? ਇੱਥੇ ਵੀ ਦਾਜ ਦੀ ਸਮੱਸਿਆ ਵਿਰਾਟ ਰੂਪ ਧਾਰਨ ਕਰਦੀ ਜਾ ਰਹੀ ਹੈ। ਜਿਸ ਕਰਕੇ ਇਥੋਂ ਦੇ ਵਿਕਟੋਰੀਆ ਸੂਬੇ ਨੇ ਹੁਣ ਦਾਜ-ਵਿਰੋਧੀ ਕਾਨੂੰਨ ਪਾਸ ਕੀਤਾ ਹੈ, ਜੋ ਅਗਲੇ ਵਰ੍ਹੇ ਲਾਗੂ ਹੋ ਜਾਵੇਗਾ। ਹੈਰਾਨੀ ਦੀ ਗੱਲ ਇਹ ਹੈ ਕਿ ਆਸਟ੍ਰੇਲੀਆ ਵਿਚ ਮਰਦ ਅਤੇ ਔਰਤਾਂ ਦੋਵੇਂ ਹੀ ਦਾਜ ਦੇ ਪੀੜਤਾਂ ਵਿਚ ਸ਼ਾਮਲ ਹਨ।
ਜਿੱਥੇ ਵਿਆਹ ਵੇਲੇ ਲਾੜੀ ਦੇ ਪਰਿਵਾਰ ਤੋਂ ਮੋਟੇ ਦਾਜ ਦੀ ਮੰਗ ਕੀਤੀ ਜਾਂਦੀ ਹੈ, ਉੱਥੇ ਮਰਦਾਂ ਦੀ ਸ਼ਿਕਾਇਤ ਹੈ ਕਿ ਤਲਾਕ ਵੇਲੇ ਉਨ੍ਹਾਂ ਤੋਂ ਮੋਟੀਆਂ ਰਕਮਾਂ ਮੰਗੀਆਂ ਜਾਂਦੀਆਂ ਹਨ। ਆਸਟ੍ਰੇਲੀਆਈ ਸਿਹਤ ਤੇ ਕਲਿਆਣ ਸੰਸਥਾਨ ਦੀ ਇਕ ਰਿਪੋਰਟ ਮੁਤਾਬਕ ਇਕ ਔਰਤ ਹਰ ਹਫ਼ਤੇ ਅਤੇ ਇਕ ਮਰਦ ਹਰ ਮਹੀਨੇ ਮੌਜੂਦਾ ਜਾਂ ਸਾਬਕਾ ਪਾਰਟਨਰ ਵਲੋਂ ਕਤਲ ਕੀਤਾ ਜਾ ਰਿਹਾ ਹੈ ਜੋ ਕਿ ਬੇਹੱਦ ਚਿੰਤਾਜਨਕ ਅੰਕੜਾ ਹੈ। ਇਕ ਆਸਟ੍ਰੇਲੀਆਈ ਨਾਗਰਿਕ ਸ਼ਾਨ ਦਾ ਕਹਿਣਾ ਹੈ ਕਿ ਉਸ ਦਾ ਤਲਾਕ ਹੋਇਆਂ ਭਾਵੇਂ ਸੱਤ ਵਰ੍ਹੇ ਬੀਤ ਚੁੱਕੇ ਹਨ ਪਰ ਉਸ ਨੂੰ ਆਸਟਰੇਲੀਆ ਤੇ ਭਾਰਤ 'ਚ ਹਾਲੇ ਵੀ ਦਾਜ ਦੇ ਝੂਠੇ ਕਾਨੂੰਨੀ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਸ ਨੇ ਦੋਸ਼ ਲਾਇਆ ਕਿ ਤਲਾਕ ਦੇ ਛੇ ਮਹੀਨਿਆਂ ਬਾਅਦ ਉਸ ਦੀ ਸਾਬਕਾ ਪਤਨੀ ਨੇ ਉਸ ਅਤੇ ਉਸ ਦੇ ਪਰਿਵਾਰ ਵਿਰੁੱਧ ਭਾਰਤ ਦੀਆਂ ਅਦਾਲਤਾਂ ਵਿਚ ਦਾਜ ਮੰਗਣ ਦੇ ਚਾਰ ਕੇਸ ਠੋਕ ਦਿਤੇ, ਜਿਸ ਵਿਚ ਉਸ ਦੇ 51 ਲੱਖ ਰੁਪਏ ਖ਼ਰਚ ਹੋ ਚੁੱਕੇ ਹਨ। ਭਾਰਤ ਵਿਚ ਵੱਸਦੇ ਭਾਰਤੀ ਮੂਲ ਦੇ ਬਹੁਤ ਸਾਰੇ ਮਰਦ ਤੇ ਔਰਤਾਂ ਦੀ ਵੀ ਇਹੋ ਕਹਾਣੀ ਹੈ। ਆਸਟ੍ਰੇਲੀਆ ਦੀ ਇਕ ਲੜਕੀ ਰਿਤੂ ਦਾ ਦਾਅਵਾ ਹੈ ਕਿ ਉਸ ਦਾ ਸਾਢੇ ਤਿੰਨ ਵਰ੍ਹਿਆਂ ਦਾ ਵਿਆਹੁਤਾ ਜੀਵਨ ਹਿੰਸਾ ਤੇ ਦਾਜ ਦੀਆਂ ਮੰਗਾਂ ਕਾਰਨ ਬਿਖ਼ਰ ਕੇ ਰਹਿ ਗਿਆ।
ਵਿਆਹ ਵੇਲੇ ਫ਼ੈਸਲਾ ਹੋਇਆ ਸੀ ਕਿ ਅਸੀਂ 20 ਲੱਖ ਰੁਪਏ ਅਦਾ ਕਰਾਂਗੇ ਪਰ ਬਾਅਦ ਵਿਚ ਉਹ 30 ਲੱਖ ਰੁਪਏ ਮੰਗਣ ਲੱਗ ਪਏ। ਕੇਸ ਅਦਾਲਤ 'ਚ ਗਿਆ...ਹੱਕ ਲਈ ਕਈ ਕਾਨੂੰਨੀ ਲੜਾਈਆਂ ਲੜਨੀਆਂ ਪੈ ਰਹੀਆਂ ਹਨ। ਉਧਰ ਬਹੁਤ ਸਾਰੇ ਮਰਦਾਂ ਦਾ ਦੋਸ਼ ਹੈ ਕਿ ਪਤਨੀਆਂ ਇਸ ਕਾਨੂੰਨ ਦੀ ਬਹੁਤ ਜ਼ਿਆਦਾ ਦੁਰਵਰਤੋਂ ਕਰ ਰਹੀਆਂ ਹਨ। ਔਰਤਾਂ ਨੂੰ ਅਪਣੇ ਨਾਲ ਹੋਏ ਦੁਰਵਿਹਾਰ ਦਾ ਕੋਈ ਸਬੂਤ ਦੇਣ ਦੀ ਲੋੜ ਨਹੀਂ ਪੈਂਦੀ ਜਦਕਿ ਉਨ੍ਹਾਂ ਦੇ ਪਤੀਆਂ ਨੂੰ ਪਹਿਲੇ ਹੀ ਦਿਨ ਤੋਂ ਦੋਸ਼ੀ ਮੰਨ ਲਿਆ ਜਾਂਦਾ ਹੈ। ਦਾਜ ਦੇ ਅਜਿਹੇ ਮਾਮਲਿਆਂ 'ਚੋਂ ਹੁਣ 80 ਫ਼ੀ ਸਦੀ ਵਿਅਕਤੀ ਬਰੀ ਵੀ ਹੋ ਰਹੇ ਹਨ। ਜਿਸ ਤੋਂ ਸਾਬਤ ਹੁੰਦਾ ਹੈ ਕਿ ਔਰਤਾਂ ਇਸ ਦੀ ਦੁਰਵਰਤੋਂ ਕਰ ਰਹੀਆਂ ਹਨ।
ਆਸਟਰੇਲੀਆ 'ਚ ਦਾਜ ਦੀ ਲਾਹਨਤ ਦੇ ਕੁੱਲ ਕਿੰਨੇ ਮਾਮਲੇ ਹਨ, ਇਸ ਦੇ ਕੋਈ ਅੰਕੜੇ ਤਾਂ ਮੌਜੂਦ ਨਹੀਂ ਹਨ ਪਰ ਗ੍ਰਹਿ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਪਰਿਵਾਰ ਹੁਣ ਹਿੰਸਾ ਤੋਂ ਸੁਰੱਖਿਆ ਦੇ ਵੀਜ਼ੇ ਮੰਗਦੇ ਹਨ। ਸਾਲ 2012 ਤੋਂ ਲੈ ਕੇ 2018 ਤਕ 280 ਭਾਰਤੀ ਨਾਗਰਿਕਾਂ ਨੂੰ ਅਜਿਹੇ ਵੀਜ਼ੇ ਜਾਰੀ ਕੀਤੇ ਜਾ ਚੁੱਕੇ ਹਨ ਤੇ ਉਨ੍ਹਾਂ 'ਚੋਂ 180 ਨੂੰ ਪਿਛਲੇ ਤਿੰਨ ਵਰ੍ਹਿਆਂ ਦੌਰਾਨ ਪਰਮਾਨੈਂਟ ਰੈਜ਼ੀਡੈਂਸੀ ਮਿਲੀ ਸੀ। ਆਸਟ੍ਰੇਲੀਆ ਵਿਚ ਦਾਜ ਸਬੰਧੀ ਮਾਮਲਿਆਂ ਦਾ ਸਰਵੇ ਸਥਾਨਕ ਬ੍ਰਾਡਕਾਸਟ ਐੱਸਬੀਐੱਸ ਪੰਜਾਬੀ ਵਲੋਂ ਕੀਤਾ ਗਿਆ ਸੀ, ਜਿਸ ਵਿਚ ਇਹ ਹੈਰਾਨੀਜਨਕ ਤੱਥ ਸਾਹਮਣੇ ਆਏ।