ਕੈਨੇਡਾ ਸਰਕਾਰ ਨੇ ਅਤਿਵਾਦੀ ਸੂਚੀ 'ਚ ਪਾਏ 'ਖ਼ਾਲਿਸਤਾਨੀ ਸੰਗਠਨ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਵਿਚ ਪਹਿਲੀ ਵਾਰ ਕੈਨੇਡਾ ਨੇ ਦੇਸ਼ ਲਈ ਖ਼ਾਲਿਸਤਾਨੀ ਸੰਗਠਨਾਂ ਨੂੰ ਅਤਿਵਾਦੀ ਖ਼ਤਰੇ ਵਜੋਂ ...

ਟਰੂਡੋ

ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਵਿਚ ਪਹਿਲੀ ਵਾਰ ਕੈਨੇਡਾ ਨੇ ਦੇਸ਼ ਲਈ ਖ਼ਾਲਿਸਤਾਨੀ ਸੰਗਠਨਾਂ ਨੂੰ ਅਤਿਵਾਦੀ ਖ਼ਤਰੇ ਵਜੋਂ ਸੂਚੀਬੱਧ ਕੀਤਾ ਹੈ। ਇਸ ਚਿੰਤਾ ਦਾ ਪ੍ਰਗਟਾਵਾ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਰਾਲਫ ਗੂਡੇਲ ਵਲੋਂ ਅਤਿਵਾਦੀ ਖ਼ਤਰੇ ਸਬੰਧੀ 2018 ਦੀ ਜਨਤਕ ਕੀਤੀ ਗਈ ਰਿਪੋਰਟ ਵਿਚ ਕੀਤਾ ਗਿਆ ਹੈ। ਕੈਨੇਡਾ ਸਰਕਾਰ ਨੇ ਦੋ ਸਿੱਖ ਸੰਗਠਨਾਂ ਬੱਬਰ ਖ਼ਾਲਸਾ ਇੰਟਰਨੈਸ਼ਨਲ ਅਤੇ ਅੰਤਰਰਾਸ਼ਟਰੀ ਸਿੱਖ ਯੂਥ ਸੰਗਠਨ ਨੂੰ ਇਸ ਸੂਚੀ ਵਿਚ ਰਖਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਨੂੰ ਹਿੰਸਕ ਵਿਚਾਰਧਾਰਾ ਤੋਂ ਪ੍ਰੇਰਿਤ ਸਮੂਹਾਂ ਤੋਂ ਖ਼ਤਰਾ ਹੈ।

 

ਇਸ ਵਿਚ ਸੁੰਨੀ ਕੱਟੜਵਾਦੀ ਜਥੇਬੰਦੀਆਂ ਇਸਲਾਮਿਕ ਸਟੇਟ ਅਤੇ ਅਲ-ਕਾਇਦਾ ਦੇ ਨਾਲ-ਨਾਲ ਦੋ ਕੱਟੜ ਖ਼ਾਲਿਸਤਾਨੀ ਸਿੱਖ ਸੰਗਠਨਾਂ ਨੂੰ ਵੀ ਸ਼ਾਮਿਲ ਕੀਤਾ ਗਿਐ। ਰਿਪੋਰਟ ਵਿਚ ਜਿੱਥੇ ਇਸਲਾਮਕ ਸਟੇਟ ਸਮੇਤ ਹੋਰ ਕੱਟੜਵਾਦੀ ਜਥੇਬੰਦੀਆਂ ਦੀਆਂ ਕੁੱਝ ਹਿੰਸਕ ਗਤੀਵਿਧੀਆਂ ਦਾ ਜ਼ਿਕਰ ਕੀਤਾ ਗਿਐ। ਉਥੇ ਹੀ 1985 ਵਿਚ ਏਅਰ ਇੰਡੀਆ ਫਲਾਈਟ ਟੋਰਾਂਟੋ-ਮਾਂਟ੍ਰੀਅਲ-ਲੰਡਨ-ਦਿੱਲੀ ਵਿਚ ਹੋਏ ਬੰਬ ਵਿਸਫ਼ੋਟ ਦਾ ਜ਼ਿਕਰ ਕੱਟੜਵਾਦੀ ਖ਼ਾਲਿਸਤਾਨੀ ਸੰਗਠਨ ਦੀ ਹਿੰਸਾ ਦੇ ਤੌਰ 'ਤੇ ਕੀਤਾ ਗਿਆ ਹੈ। ਜਿਸ ਵਿਚ 331 ਲੋਕ ਮਾਰੇ ਗਏ ਸਨ। 

ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਭਾਵੇਂ ਕੈਨੇਡਾ ਵਿਚ ਇਨ੍ਹ੍ਹਾਂ ਸੰਗਠਨਾਂ ਦੇ ਹਮਲੇ ਕਾਫ਼ੀ ਸੀਮਤ ਹੋ ਗਏ ਹਨ ਪਰ ਫਿਰ ਵੀ ਸ਼ੀਆ ਅਤੇ ਸਿੱਖ ਕੱਟੜਪੰਥੀ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਹ ਵੀ ਕਿਹਾ ਗਿਆ ਹੈ ਕਿ ਕੁਝ ਕੈਨੇਡਾ ਵਾਸੀਆਂ ਨੇ ਇਨ੍ਹਾਂ ਅਤਿਵਾਦੀ ਸਮੂਹਾਂ ਦਾ ਸਮਰਥਨ ਜਾਰੀ ਰਖਿਆ ਹੋਇਆ ਹੈ, ਜਿਸ ਵਿਚ ਵਿੱਤੀ ਸਹਾਇਤਾ ਵੀ ਸ਼ਾਮਲ ਹੈ। ਦਸ ਦਈਏ ਕਿ ਕੈਨੇਡਾ ਦੀ ਧਰਤੀ 'ਤੇ ਕਈ ਖ਼ਾਲਿਸਤਾਨੀ ਸੰਗਠਨ ਸਰਗਰਮ ਹਨ, ਜਿਨ੍ਹਾਂ ਵਲੋਂ ਭਾਰਤ ਵਿਚ ਸਿੱਖਾਂ ਲਈ ਇਕ ਆਜ਼ਾਦ ਖਿੱਤੇ ਦੀ ਮੰਗ ਕੀਤੀ ਜਾ ਰਹੀ ਹੈ।

ਭਾਵੇਂ ਕਿ ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ਨੇ ਕਦੇ ਖ਼ਾਲਿਸਤਾਨੀ ਸੰਗਠਨਾਂ ਬਾਰੇ ਕੁੱਝ ਗ਼ਲਤ ਨਹੀਂ ਆਖਿਆ ਕਿ ਪਰ ਮੌਜੂਦਾ ਕਾਰਵਾਈ ਨੂੰ ਭਾਰਤ ਸਮੇਤ ਕੁੱਝ ਹੋਰ ਦੇਸ਼ਾਂ ਦੇ ਦਬਾਅ ਦੇ ਤੌਰ 'ਤੇ ਦੇਖਿਆ ਜਾ ਰਿਹੈ।