ਹੋਸਟਲ ਦੇ ਭੋਜਨ ਹਾਲ 'ਚ ਸ਼ਾਕਾਹਾਹੀ ਅਤੇ ਮਾਸਾਹਾਰੀਆਂ ਲਈ ਵੱਖ ਦਰਵਾਜੇ, ਵਿਦਿਆਰਥੀ ਕਰ ਰਹੇ ਵਿਰੋਧ
ਭੋਜਨ ਹਾਲ ਵਿਖੇ ਸ਼ਾਕਾਹਾਰੀ ਅਤੇ ਮਾਸਾਹਾਰੀ ਵਿਦਿਆਰਥੀਆਂ ਲਈ ਹਾਲ ਅੰਦਰ ਆਉਣ ਲਈ ਵੱਖ-ਵੱਖ ਦਰਵਾਜੇ, ਵਾਸ਼ ਬੇਸਿਨ, ਭਾਂਡੇ ਅਤੇ ਮੇਜ-ਕੁਰਸੀ ਦਾ ਪ੍ਰਬੰਧ ਕੀਤਾ ਗਿਆ ਹੈ।
ਤਾਮਿਲਨਾਡੂ , ( ਭਾਸ਼ਾ) : ਇੰਡੀਅਨ ਇੰਸਟੀਚਿਊਟ ਮਦਰਾਸ ਵਿਖੇ ਇਕ ਨਵੇਂ ਤਰ੍ਹਾਂ ਦੇ ਛੂਆਛੂਤ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦੇ ਹੋਸਟਲਾਂ ਦੇ ਭੋਜਨ ਹਾਲ ਵਿਖੇ ਸ਼ਾਕਾਹਾਰੀ ਅਤੇ ਮਾਸਾਹਾਰੀ ਵਿਦਿਆਰਥੀਆਂ ਲਈ ਹਾਲ ਅੰਦਰ ਆਉਣ ਲਈ ਵੱਖ-ਵੱਖ ਦਰਵਾਜੇ, ਵਾਸ਼ ਬੇਸਿਨ, ਭਾਂਡੇ ਅਤੇ ਮੇਜ-ਕੁਰਸੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਨਾਲ ਵਿਦਿਆਰਥੀਆਂ ਵਿਚ ਗੁੱਸਾ ਹੈ। ਇਥੇ ਦੇ ਹਿਮਾਲਿਆ ਹੋਸਟਲ ਦੇ ਭੋਜਨ ਹਾਲ ਦੇ ਦਰਵਾਜੇ 'ਤੇ ਇਸ ਵਿਵਸਥਾ ਨਾਲ ਸਬੰਧਤ ਨੋਟਿਸ ਲਗਾਇਆ ਗਿਆ ਸੀ।
ਇਸ ਨਾਲ ਨਾਰਾਜ਼ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿਤਾ ਹੈ ਅਤੇ ਇਸ ਨੂੰ ਵਖਰੇ ਤਰੀਕੇ ਦੀ ਛੂਆਛੂਤ ਕਰਾਰ ਦਿਤਾ ਹੈ। ਭੋਜਨ ਹਾਲ 'ਤੇ ਚਿਪਕਾਏ ਗਏ ਪੋਸਟਰ ਮੁਤਾਬਕ ਸ਼ਾਕਾਹਾਰੀ ਅਤੇ ਮਾਸਾਹਾਰੀ ਵਿਦਿਆਰਥੀਆਂ ਦੇ ਦਾਖਲੇ ਲਈ ਵੱਖ-ਵੱਖ ਦਰਵਾਜੇ ਦਰਸਾਏ ਗਏ ਹਨ। ਨੇਟਿਸ ਮੁਤਾਬਕ ਜੋ ਮਾਂਸਾਹਾਰੀ ਹਨ ਉਹਨਾਂ ਨੂੰ ਸ਼ਾਕਾਹਾਰੀ ਵਿਦਿਆਰਥੀਆਂ ਦੇ ਮੇਜ 'ਤੇ ਨਾ ਬੈਠਣ ਦੀ ਸਲਾਹ ਦਿਤੀ ਗਈ ਹੈ। ਹਾਲਾਂਕਿ ਦੋਹਾਂ ਸ਼੍ਰੇਣੀਆਂ ਨੂੰ ਇਕ ਹੀ ਭੋਜਨ ਹਾਲ ਵਿਚ ਰੋਟੀ ਵਰਤਾਈ ਜਾਵੇਗੀ।
ਅੰਬੇਦਕਰ ਪੇਰਿਆਰ ਸਟੱਡੀ ਸਰਕਲ ਦੇ ਕੁਆਰਡੀਨੇਟਰ ਸ਼ਸ਼ੀਭੂਸ਼ਣ ਨੇ ਦੱਸਿਆ ਕਿ ਆਈਆਈਟੀ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਵਿਚਕਾਰ ਵੰਡ ਪਾਉਣ ਵਾਲੀ ਇਸ ਵਿਵਸਥਾ ਦਾ ਵਿਦਿਆਰਥੀਆਂ ਵੱਲੋਂ ਵਿਰੋਧ ਕੀਤਾ ਜਾਵੇਗਾ। ਦੂਜੇ ਪਾਸੇ ਹੋਸਟਲ ਸਟਾਫ ਦਾ ਕਹਿਣਾ ਹੈ ਕਿ ਨਵੀਂ ਵਿਵਸਥਾ ਹੋਸਟ ਦੀ ਨਿਗਰਾਨ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੀਤੀ ਗਈ ਹੈ। ਅਜੇ ਸਰਦ ਰੁੱਤ ਦੀਆਂ ਛੱਟੀਆਂ ਚਲ ਰਹੀਆਂ ਹਨ। ਇਸ ਲਈ ਸੰਸਥਾ ਦੇ ਅੰਦਰ ਸਿਰਫ ਦੋ ਭੋਜਨ ਹਾਲ ਵਿਚ ਹੀ ਕੰਮ ਕੀਤਾ ਜਾ ਰਿਹਾ ਹੈ। ਭੋਜਨ ਹਾਲ ਵਿਚ ਜੋ ਪੋਸਟਰ ਚਿਪਕਾਏ ਗਏ ਹਨ,
ਉਹਨਾਂ ਵਿਚ ਸਾਫ ਤੌਰ 'ਤੇ ਲਿਖਿਆ ਹੈ ਕਿ ਇਹ ਵਾਸ਼ ਬੇਸਿਨ ਸ਼ਾਕਾਹਾਰੀਆਂ ਲਈ ਹਨ ਅਤੇ ਇਹ ਦਰਵਾਜਾ ਮਾਸਾਹਾਰੀ ਵਿਦਿਆਰਥੀਆਂ ਦੇ ਅੰਦਰ ਆਉਣ ਜਾਂ ਬਾਹਰ ਜਾਣ ਲਈ ਹੈ। ਇਸ ਸਬੰਧੀ ਸਟੱਡੀ ਸਰਕਲ ਨੇ ਅਪਣੇ ਫੇਸਬੁਕ ਪੋਸਟ ਵਿਚ ਲਿਖਿਆ ਹੈ ਕਿ ਭਾਰਤ ਵਿਚ ਪੁਰਾਣੇ ਸਮੇਂ ਵਿਚ ਉੱਚ ਜਾਤੀ ਦੇ ਲੋਕਾਂ ਦੇ ਘਰਾਂ ਵਿਚ ਆਮ ਤੌਰ 'ਤੇ ਦੋ ਦਰਵਾਜੇ ਹੁੰਦੇ ਸਨ।
ਸਾਹਮਣੇ ਦੇ ਦਰਵਾਜੇ ਤੋਂ ਉੱਚ ਜਾਤੀ ਦੇ ਲੋਕ ਆਉਂਦੇ ਅਤੇ ਜਾਂਦੇ ਸਨ ਜਦਕਿ ਪਿਛਲੇ ਦਰਵਾਜੇ ਤੋਂ ਹੇਠਲੀ ਜਾਤੀ ਦੇ ਲੋਕ ਆਇਆ-ਜਾਇਆ ਕਰਦੇ ਸਨ। ਪੋਸਟ ਮੁਤਾਬਕ ਆਈਆਈਟੀ ਮਦਰਾਸ ਵਿਖੇ ਵੀ ਉਹੀ ਵਿਵਸਥਾ ਲਾਗੂ ਕੀਤੀ ਜਾ ਰਹੀ ਹੈ।