ਮੁਖਤਾਰ ਅੰਸਾਰੀ ਨੂੰ 10 ਸਾਲ ਦੀ ਸਜ਼ਾ, ਅਦਾਲਤ ਨੇ ਗੈਂਗਸਟਰ ਐਕਟ ਤਹਿਤ 5 ਲੱਖ ਦਾ ਜੁਰਮਾਨਾ ਵੀ ਲਗਾਇਆ
ਮੁਖਤਾਰ ਅੰਸਾਰੀ ਇਸ ਸਮੇਂ ਕਤਲ, ਜਬਰੀ ਵਸੂਲੀ ਸਮੇਤ ਕਈ ਮਾਮਲਿਆਂ ਵਿਚ ਬਾਂਦਾ ਜੇਲ੍ਹ ਵਿਚ ਬੰਦ ਹੈ।
ਲਖਨਊ: ਉੱਤਰ ਪ੍ਰਦੇਸ਼ ਵਿਚ ਗਾਜ਼ੀਪੁਰ ਕੋਰਟ ਨੇ ਮਾਫੀਆ ਮੁਖਤਾਰ ਅਤੇ ਉਸ ਦੇ ਸਾਥੀ ਭੀਮ ਸਿੰਘ ਨੂੰ ਪੰਜ ਮਾਮਲਿਆਂ 'ਚ 10 ਸਾਲ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਦੀ ਬਹਿਸ ਕੁਝ ਦਿਨ ਪਹਿਲਾਂ ਹੀ ਪੂਰੀ ਹੋਈ ਸੀ। ਅਦਾਲਤ ਨੇ ਮੁਖਤਾਰ ਅਤੇ ਉਸ ਦੇ ਸਾਥੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਇਹ ਫੈਸਲਾ ਸੁਣਾਇਆ। ਸਜ਼ਾ ਦੇ ਨਾਲ ਦੋਵੇਂ ਦੋਸ਼ੀਆਂ ਨੂੰ 5-5 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ। ਮਾਫੀਆ ਮੁਖਤਾਰ ਨੂੰ ਪਿਛਲੇ ਤਿੰਨ ਮਹੀਨਿਆਂ ਵਿਚ ਤੀਜੀ ਵਾਰ ਸਜ਼ਾ ਸੁਣਾਈ ਗਈ ਹੈ। ਮੁਖਤਾਰ ਅੰਸਾਰੀ ਇਸ ਸਮੇਂ ਕਤਲ, ਜਬਰੀ ਵਸੂਲੀ ਸਮੇਤ ਕਈ ਮਾਮਲਿਆਂ ਵਿਚ ਬਾਂਦਾ ਜੇਲ੍ਹ ਵਿਚ ਬੰਦ ਹੈ।
ਵਧੀਕ ਜ਼ਿਲ੍ਹਾ ਸਰਕਾਰੀ ਵਕੀਲ ਨੀਰਜ ਕੁਮਾਰ ਨੇ ਦੱਸਿਆ ਕਿ ਐਮਪੀ/ਐਮਐਲਏ ਅਦਾਲਤ ਦੇ ਜੱਜ ਦੁਰਗੇਸ਼ ਨੇ 3 ਅਗਸਤ 1991 ਨੂੰ ਸਾਬਕਾ ਵਿਧਾਇਕ ਅਜੇ ਰਾਏ ਦੇ ਭਰਾ ਅਵਧੇਸ਼ ਰਾਏ ਦੀ ਹੱਤਿਆ ਦੇ ਮਾਮਲੇ ਵਿਚ ਮੁਖਤਾਰ ਅੰਸਾਰੀ ਅਤੇ ਉਸ ਦੇ ਸਾਥੀ ਭੀਮ ਸਿੰਘ ਨੂੰ 10-10 ਸਾਲ ਦੀ ਸਜ਼ਾ ਸੁਣਾਈ ਅਤੇ ਦੋਵਾਂ 'ਤੇ 5-5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਕੁਮਾਰ ਨੇ ਦੱਸਿਆ ਕਿ 3 ਅਗਸਤ 1991 ਨੂੰ ਅਜੈ ਰਾਏ ਆਪਣੇ ਭਰਾ ਅਵਧੇਸ਼ ਰਾਏ ਨਾਲ ਵਾਰਾਣਸੀ ਸਥਿਤ ਘਰ ਦੇ ਗੇਟ 'ਤੇ ਖੜ੍ਹਾ ਸੀ ਤਾਂ ਮੁਖਤਾਰ ਅੰਸਾਰੀ ਅਤੇ ਉਸ ਦੇ ਸਾਥੀਆਂ ਨੇ ਕਾਰ 'ਚ ਆ ਕੇ ਅਵਧੇਸ਼ 'ਤੇ ਗੋਲੀਆਂ ਚਲਾ ਦਿੱਤੀਆਂ। ਕੁਮਾਰ ਅਨੁਸਾਰ ਅਜੇ ਰਾਏ ਨੇ ਵੀ ਬਚਾਅ ਲਈ ਆਪਣੀ ਲਾਇਸੈਂਸੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਅੰਸਾਰੀ ਅਤੇ ਉਸ ਦੇ ਸਾਥੀ ਆਪਣੀ ਗੱਡੀ ਛੱਡ ਕੇ ਭੱਜ ਗਏ।
ਵਕੀਲ ਅਨੁਸਾਰ ਅਜੈ ਰਾਏ ਆਪਣੇ ਗੰਭੀਰ ਜ਼ਖ਼ਮੀ ਭਰਾ ਨੂੰ ਕਬੀਰਚੌਰਾ ਦੇ ਹਸਪਤਾਲ ਲੈ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਮੁਖਤਾਰ ਅੰਸਾਰੀ ਅਤੇ ਭੀਮ ਸਿੰਘ ਦੇ ਖ਼ਿਲਾਫ਼ ਗਾਜ਼ੀਪੁਰ ਕੋਤਵਾਲੀ ਵਿਚ ਗੈਂਗਸਟਰ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਸੀ।