ਈਡੀ ਨੇ ਮੁਖਤਾਰ ਅੰਸਾਰੀ ਦੇ ਬੇਟੇ ਅੱਬਾਸ ਅੰਸਾਰੀ ਨੂੰ ਕੀਤਾ ਗ੍ਰਿਫ਼ਤਾਰ, ਕੀ ਹੈ ਮਾਮਲਾ?

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਬਾਸ ਅੰਸਾਰੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਈਡੀ ਦੇ ਉੱਚ ਅਧਿਕਾਰੀਆਂ ਨੇ ਕੀਤੀ ਹੈ।

ED arrests MLA Abbas Ansari in money laundering case

 

ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਨੀਵਾਰ ਸਵੇਰੇ ਬਾਹੂਬਲੀ ਨੇਤਾ ਮੁਖਤਾਰ ਅੰਸਾਰੀ ਦੇ ਬੇਟੇ ਅਤੇ ਮਊ ਵਿਧਾਨ ਸਭਾ ਤੋਂ ਵਿਧਾਇਕ ਅੱਬਾਸ ਅੰਸਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਬਾਸ ਅੰਸਾਰੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਈਡੀ ਦੇ ਉੱਚ ਅਧਿਕਾਰੀਆਂ ਨੇ ਕੀਤੀ ਹੈ। ਅੱਬਾਸ ਇਸ ਸਮੇਂ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਵਿਧਾਇਕ ਹਨ।

ਈਡੀ ਮੁਤਾਬਕ ਅੱਬਾਸ ਅੰਸਾਰੀ ਨੂੰ ਗੋਦਾਮ ਬਣਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ 'ਤੇ ਗੈਰ-ਕਾਨੂੰਨੀ ਢੰਗ ਨਾਲ ਜ਼ਮੀਨ ਖਰੀਦਣ ਅਤੇ ਫਿਰ ਉਸ 'ਤੇ ਗੋਦਾਮ ਬਣਾਉਣ ਦਾ ਦੋਸ਼ ਹੈ।ਇਹ ਵੀ ਦੋਸ਼ ਹੈ ਕਿ ਬਾਅਦ ਵਿਚ ਭਾਰਤੀ ਖੁਰਾਕ ਨਿਗਮ (ਐਫਸੀਆਈ) ਵੱਲੋਂ ਇਸ ਉਸਾਰੀ ਦੇ ਆਧਾਰ ’ਤੇ ਟੈਂਡਰ ਅਲਾਟ ਕੀਤੇ ਗਏ ਸਨ।

ਇਸ ਮਾਮਲੇ ਨਾਲ ਜੁੜੀਆਂ ਸਾਰੀਆਂ ਐਫਆਈਆਰਜ਼ ਵਿਚ 15 ਕਰੋੜ ਦੇ ਜੁਰਮ ਦਾ ਮੁਲਾਂਕਣ ਹੈ ਪਰ ਈਡੀ ਦਾ ਮੰਨਣਾ ਹੈ ਕਿ ਇਸ ਤੋਂ ਇਲਾਵਾ ਕਾਫੀ ਨਕਦੀ ਜਮ੍ਹਾਂ ਵੀ ਹੈ। ਇਹਨਾਂ ਦੀ ਅਜੇ ਜਾਂਚ ਹੋਣੀ ਬਾਕੀ ਹੈ ਤਾਂ ਜੋ ਇਸ ਨਕਦ ਲੈਣ-ਦੇਣ ਦੇ ਸਰੋਤ ਦਾ ਪਤਾ ਲੱਗ ਸਕੇ।

ਈਡੀ ਦਾ ਦੋਸ਼ ਹੈ ਕਿ ਬਹੁਤ ਸਾਰਾ ਪੈਸਾ ਅੱਬਾਸ ਅੰਸਾਰੀ ਕੋਲ ਵੀ ਗਿਆ ਹੈ ਅਤੇ ਉਸ ਨੇ ਇਸ ਤੋਂ ਜਾਇਦਾਦ ਵੀ ਖਰੀਦੀ ਹੈ। ਅੱਬਾਸ ਅੰਸਾਰੀ ਨੂੰ ਪੁੱਛਗਿੱਛ ਲਈ ਪ੍ਰਯਾਗਰਾਜ 'ਚ ਰੱਖਿਆ ਜਾਵੇਗਾ। ਕੁਝ ਦਿਨ ਪਹਿਲਾਂ ਈਡੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਸ ਨੇ ਅੱਬਾਸ ਅੰਸਾਰੀ ਦੇ ਪਿਤਾ ਅਤੇ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਦੀਆਂ ਕਰੀਬ 1.5 ਕਰੋੜ ਰੁਪਏ ਦੀਆਂ ਸੱਤ ਜਾਇਦਾਦਾਂ ਕੁਰਕ ਕੀਤੀਆਂ ਹਨ।