ਅਯੁੱਧਿਆ ਮੁੱਦੇ ਦੀ ਦੇਰੀ 'ਚ ਕਾਂਗਰਸ, ਖੱਬੇਪੱਖੀ ਦਲ ਅਤੇ ਸੁਪਰੀਮ ਕੋਰਟ ਦੇ ਜੱਜ ਕਸੂਰਵਾਰ : ਆਰਐਸਐਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਰਐਸਐਸ ਨੇਤਾ ਨੇ ਦੋਸ਼ ਲਗਾਇਆ ਕਿ ਰਾਮ ਮੰਦਰ ਮਾਮਲੇ ਵਿਚ ਨਿਆਂ ਵਿਚ ਦੇਰੀ ਲਈ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਅਸਲ ਕਸੂਰਵਾਰ ਹਨ।

RSS leader Indresh Kumar

ਪੁਣੇ  : ਆਰਐਸਐਸ ਦੇ ਨੇਤਾ ਇੰਦਰੇਸ਼ ਕੁਮਾਰ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸ, ਖੱਬੇ ਪੱਖੀ ਪਾਰਟੀਆਂ ਅਤੇ ਸੁਪਰੀਮ ਕੋਰਟ ਦੇ ਦੋ-ਤਿੰਨ ਜੱਜ ਉਹਨਾਂ ਕਸੂਰਵਾਰਾਂ ਵਿਚ ਸ਼ਾਮਲ ਹਨ ਜੋ ਨਿਆਂ ਵਿਚ ਦੇਰੀ ਕਰ ਕੇ ਅਯੁੱੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਵਿਚ ਰੁਕਾਵਟਾਂ ਪਾ ਰਹੇ ਹਨ। ਉਹਨਾਂ ਦੁਬਾਰਾ ਕਿਹਾ ਕਿ ਆਰਐਸਐਸ ਦੀ ਇਹ ਮੰਗ ਹੈ ਕਿ ਮੰਦਰ ਦੀ ਉਸਾਰੀ ਵਿਚ ਸਰਕਾਰ ਆਰਡੀਨੈਂਸ ਲਿਆਵੇ। ਆਰਐਸਐਸ ਨੇਤਾ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਸੰਸਦ ਵਿਚ ਇਸ ਮੁੱਦੇ 'ਤੇ  ਚਰਚਾ ਕਰਵਾਉਣ ਦੀ ਅਪੀਲ ਕਰਦੇ ਹਾਂ।

ਸਾਡਾ ਮੰਨਣਾ ਹੈ ਕਿ ਛੇਤੀ ਤੋਂ ਛੇਤੀ ਨਿਆਂ ਹੋਣਾ ਚਾਹੀਦਾ ਹੈ। ਪੂਰੇ ਦੇਸ਼ ਦੀ ਇਹੋ ਭਾਵਨਾ ਹੈ ਕਿ ਜਿੰਨੀ ਛੇਤੀ ਹੋ ਸਕੇ ਸ਼੍ਰੀ ਰਾਮਚੰਦਰ ਜੀ ਦੇ ਮੰਦਰ ਦੀ ਉਸਾਰੀ ਹੋਣੀ ਚਾਹੀਦੀ ਹੈ। ਉਹਨਾਂ ਨੇ ਪੁਣੇ ਵਿਚ ਪ੍ਰੈਸ ਕਾਨਫਰੰਸ ਰਾਹੀਂ ਕਾਂਗਰਸ ਅਤੇ ਹੋਰਨਾਂ ਦਲਾਂ ਦੇ ਦੋਸ਼ਾਂ ਨੂੰ ਝੂਠਾ ਦੱਸਦੇ ਹੋਏ ਖਾਰਜ ਕਰ ਦਿਤਾ ਕਿ ਸੱਤਾਧਾਰੀ ਭਾਜਪਾ ਆਉਣ ਵਾਲੀਆਂ ਲੋਕਸਭਾ ਚੋਣਾਂ ਵਿਚ ਰਾਜਨੀਤਕ ਲਾਭ ਲੈਣ ਲਈ ਰਾਮ ਮੰਦਰ ਦੇ ਮੁੱਦੇ ਨੂੰ ਚੁੱਕ ਰਹੀ ਹੈ। ਆਰਐਸਐਸ ਨਾਲ ਜੁੜੇ ਰਾਸ਼ਟਰੀ ਮੁਸਲਿਮ ਫੋਰਮ ਦੇ ਮੁਖੀ ਕੁਮਾਰ ਕੁਝ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਪੁਣੇ ਆਏ ਹੋਏ ਸਨ।

ਆਰਐਸਐਸ ਨੇਤਾ ਨੇ ਦੋਸ਼ ਲਗਾਇਆ ਕਿ ਰਾਮ ਮੰਦਰ ਮਾਮਲੇ ਵਿਚ ਨਿਆਂ ਵਿਚ ਦੇਰੀ ਲਈ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਅਸਲ ਕਸੂਰਵਾਰ ਹਨ। ਕੁਮਾਰ ਨੇ ਕਿਹਾ ਕਿ ਤੀਜੇ ਕਸੂਰਵਾਰ ਸੁਪਰੀਮ ਕੋਰਟ ਦੇ ਦੋ ਤਿੰਨ ਜੱਜ ਹਨ, ਜੋ ਇਸ ਮਾਮਲੇ ਵਿਚ ਦੇਰੀ ਕਰਦੇ ਜਾ ਰਹੇ ਹਨ। ਉਹਨਾਂ ਦੇ ਅਜਿਹੇ ਕੰਮਾਂ ਕਾਰਨ ਹੀ ਇਸ ਮਾਮਲੇ ਵਿਚ ਰੁਕਾਵਟਾਂ ਆ ਰਹੀਆਂ ਹਨ। ਉਹਨਾਂ ਨੇ ਇਹ ਦਾਅਵਾ ਵੀ ਕੀਤਾ ਕਿ ਤਿੰਨ ਸਾਲ ਪਹਿਲਾਂ ਸੁਪਰੀਮ ਕੋਰਟ ਨੇ ਸਾਫ ਕਿਹਾ ਸੀ ਕਿ ਉਹ ਜ਼ਮੀਨ ਦੀ ਮਲਕੀਅਤ ਦੇ ਮਾਮਲੇ ਵਿਚ ਰੋਜ਼ਾਨਾ ਸੁਣਵਾਈ ਕਰੇਗੀ ਅਤੇ ਛੇਤੀ ਤੋਂ ਛੇਤੀ ਫ਼ੈਸਲੇ ਨੂੰ ਯਕੀਨੀ ਬਣਾਏਗੀ।