ਇਨਕਮ ਟੈਕਸ ਸਲੈਬ 'ਚ ਵੱਡੀ ਤਬਦੀਲੀ ਦੀ ਤਿਆਰੀ, ਸਰਕਾਰ ਬਣਾ ਰਹੀ ਖਾਸ ਯੋਜਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਰਥਚਾਰੇ ਦੀ ਬਿਹਤਰੀ ਲਈ ਕਦਮ ਚੁੱਕੇਗੀ ਸਰਕਾਰ

file photo

ਨਵੀਂ ਦਿੱਲੀ : ਦੇਸ਼ ਦੇ ਕਮਜ਼ੋਰ ਪੈ ਰਹੀ ਵਿੱਤੀ ਹਾਲਾਤਾਂ ਨੇ ਸਰਕਾਰ ਦੇ ਨਾਲ ਨਾਲ ਅਰਥ-ਸ਼ਾਸਤਰੀਆਂ ਨੂੰ ਵੀ ਚਿੰਤਾ 'ਚ ਪਾਇਆ ਹੋਇਆ। ਦੇਸ਼ ਦੀ ਆਰਥਿਕਤਾ ਨੂੰ ਲੀਂਹ 'ਤੇ ਲਿਆਉਣ ਖ਼ਾਤਰ ਸਰਕਾਰ ਵਲੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਸਰਕਾਰ ਆਮਦਨ ਟੈਕਸ ਦੇ ਢਾਂਚੇ 'ਚ ਤਬਦੀਲੀ ਦਾ ਮਨ ਬਣਾ ਰਹੀ ਹੈ।

ਇਕ ਅੰਗਰੇਜ਼ੀ ਵੈੱਬਸਾਈਟ ਦੇ ਰਿਪੋਰਟ ਅਨੁਸਾਰ ਸਰਕਾਰ ਦੀ ਮਨਸ਼ਾ ਕੋਈ ਅਜਿਹੀ ਯੋਜਨਾ ਤਿਆਰ ਕਰਨ ਦੀ ਹੈ, ਜਿਸ ਨਾਲ ਲੋਕਾਂ ਨੂੰ ਮਾਇਕੀ ਲਾਭ ਪਹੁੰਚਦਾ ਹੋਵੇ। ਸਰਕਾਰ ਦਾ ਮਕਸਦ ਲੋਕਾਂ ਦੀ ਮਾਇਕੀ ਹਾਲਤ 'ਚ ਸੁਧਾਰ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਪੈਸਾ ਖਰਚਣ 'ਚ ਦਿੱਕਤ ਨਾ ਆਵੇ।

ਰਿਪੋਰਟ ਅਨੁਸਾਰ ਸਰਕਾਰ ਆਉਂਦੇ ਬਜਟ ਵਿਚ ਖਪਤਕਾਰਾਂ ਦੀ ਮੰਗ ਨੂੰ ਹੁਲਾਰਾ ਦੇਣ ਖ਼ਾਤਰ ਇਸ ਦਾ ਐਲਾਨ ਕਰ ਸਕਦੀ ਹੈ। ਰਿਪੋਰਟ ਮੁਤਾਬਕ ਵਿੱਤੀ ਕਮਜ਼ੋਰੀਆਂ ਦਾ ਲੋਕਾਂ ਦੀ ਖ਼ਰਚ ਕਰਨ ਦੀ ਸਮਰੱਥਾ 'ਤੇ ਅਸਰ ਪਿਆ ਹੈ। ਇਸ ਕਾਰਨ ਸਰਕਾਰ ਲੋਕਾਂ ਦੀ ਆਮਦਨੀ ਵਧਾਉਣ ਦਾ ਮਨ ਬਣਾ ਰਹੀ ਹੈ। ਇਸ ਮਕਸਦ ਦੀ ਪੂਰਤੀ ਲਈ ਸਰਕਾਰ ਟਾਕਸ ਫੋਰਸ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰ ਸਕਦੀ ਹੈ।

ਬਜਟ 'ਚ ਹੋ ਸਕਦੀਆਂ ਨੇ ਤਿੰਨ ਦੀ ਥਾਂ ਚਾਰ ਟੈਕਸ ਸਲੈਬ :  ਨਵੇਂ ਟੈਕਸ ਸਲੈਬ ਮੁਤਾਬਕ ਢਾਈ ਲੱਖ ਤੋਂ ਲੈ ਕੇ 10 ਲੱਖ ਰੁਪਏ ਤਕ ਦੀ ਆਮਦਨੀ 'ਤੇ 10 ਫ਼ੀ ਸਦੀ ਟੈਕਸ ਲਾਇਆ ਜਾ ਸਕਦਾ ਹੈ। 10 ਲੱਖ ਤੋਂ ਲੈ ਕੇ 20 ਲੱਖ ਰੁਪਏ 'ਤੇ 20 ਫ਼ੀ ਸਦੀ, 20 ਲੱਖ ਤੋਂ ਦੋ ਕਰੋੜ ਤਕ 30 ਫ਼ੀਸਦੀ ਤੇ 30 ਕਰੋੜ ਤੋਂ ਵੱਧ ਦੀ ਆਮਦਨ 'ਤੇ 35 ਫ਼ੀ ਸਦੀ ਟੈਕਸ ਲਏ ਜਾਣ ਦੀ ਸੰਭਾਵਨਾ ਹੈ।