''ਧਾਰਾ 370 ਹਟਾਉਣਾ ਵੱਡੀ ਗਲਤੀ ਸੀ''
ਕੇਂਦਰ ਸਰਕਾਰ ਦੇ 36 ਮੰਤਰੀ 18 ਤੋਂ 25 ਜਨਵਰੀ ਤੱਕ ਜੰਮੂ ਅਤੇ ਕਸ਼ਮੀਰ ਦਾ ਦੌਰਾ ਕਰਨਗੇ
ਨਵੀਂ ਦਿੱਲੀ : ਕਾਂਗਰਸ ਨੇ ਅੱਜ ਵੀਰਵਾਰ ਨੂੰ ਦਾਅਵਾ ਕੀਤਾ ਕਿ ਧਾਰਾ 370 ਹਟਾਉਣਾ ਇਕ ਵੱਡੀ ਗਲਤੀ ਸੀ। ਮੋਦੀ ਸਰਕਾਰ ਦੁਆਰਾ ਜੰਮੂ ਕਸ਼ਮੀਰ ਵਿਚ 36 ਕੇਂਦਰੀ ਮੰਤਰੀ ਭੇਜਣ ਵਾਲੇ ਫੈਸਲੇ ਨੂੰ ਵੀ ਕਾਂਗਰਸ ਨੇ ਘਬਰਾਹਟ ਦਾ ਸੰਕੇਤ ਕਰਾਰ ਦਿੱਤਾ ਹੈ।
ਕਾਂਗਰਸ ਦੇ ਵੱਡੇ ਲੀਡਰ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਟਵੀਟ ਕਰਦਿਆ ਕਿਹਾ ਕਿ ''36 ਮੰਤਰੀਆਂ ਨੂੰ 6 ਦਿਨਾਂ ਦੇ ਅੰਦਰ ਜੰਮੂ ਕਸ਼ਮੀਰ ਭੇਜਣਾ ਕੋਈ ਸਧਾਰਨ ਸਥਿਤੀ ਨਹੀਂ ਹੈ। ਬਲਕਿ ਇਹ ਘਬਰਾਹਟ ਦਾ ਸੰਕੇਤ ਹੈ। ਧਾਰਾ 370 ਨੂੰ ਹਟਾਉਣਾ ਵੱਡੀ ਗਲਤੀ ਸੀ ਅਤੇ ਕੋਈ ਵੀ ਜਲਦੀ ਉਪਾਅ ਕੰਮ ਨਹੀਂ ਆਉਣ ਵਾਲਾ ਹੈ''।
ਕਾਂਗਰਸ ਦੇ ਸੀਨੀਅਰ ਲੀਡਰ ਕਪਿਲ ਸਿੱਬਲ ਨੇ ਕਿਹਾ ਕਿ ''ਅਮਿਤ ਸ਼ਾਹ ਕਹਿੰਦੇ ਹਨ ਕਿ ਕਸ਼ਮੀਰ ਵਿਚ ਸੱਭ ਕੁੱਝ ਸਹੀ ਹੈ। ਜੇਕਰ ਅਜਿਹਾ ਹੈ ਤਾਂ 36 ਲੋਕਾਂ ਨੂੰ ਦੁਸ਼ਪ੍ਰਚਾਰ ਦੇ ਲਈ ਕਿਉਂ ਭੇਜਿਆ ਜਾ ਰਿਹਾ ਹੈ। ਅਜਿਹੇ ਲੋਕਾਂ ਨੂੰ ਕਿਉਂ ਨਹੀਂ ਭੇਜਿਆ ਗਿਆ ਜੋ ਦੁਸ਼ਪ੍ਰਚਾਰ ਨਾਂ ਕਰਨ ਬਲਕਿ ਉੱਥੋਂ ਦੇ ਹਲਾਤਾਂ ਨੂੰ ਸਮਝ ਸਕਣ''।
ਮੀਡੀਆ ਰਿਪੋਰਟਾ ਅਨੁਸਾਰ ਕੇਂਦਰ ਸਰਕਾਰ ਦੇ 36 ਮੰਤਰੀ 18 ਤੋਂ 25 ਜਨਵਰੀ ਤੱਕ ਜੰਮੂ ਅਤੇ ਕਸ਼ਮੀਰ ਦਾ ਦੌਰਾ ਕਰਨਗੇ ਅਤੇ ਸਰਕਾਰ ਦੁਆਰਾ ਜੰਮੂ ਕਸ਼ਮੀਰ ਦੇ ਲਈ ਚਲਾਈ ਜਾ ਰਹੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਆਮ ਜਨਤਾ ਦੇ ਵਿਚ ਪਹੁੰਚਾਉਣਗੇ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਕਸ਼ਮੀਰੀ ਲੇਕਾਂ ਦੇ ਵਿਚ ਉਨ੍ਹਾਂ ਯੋਜਨਾਵਾ ਦੀ ਜਾਣਕਾਰੀ ਪਹੁੰਚਾਉਣਾ ਚਾਹੁੰਦੀ ਹੈ ਜਿਨ੍ਹਾਂ ਨੂੰ ਧਾਰਾ 370 ਦੇ ਵਿਸ਼ੇਸ਼ ਪ੍ਰਬੰਧਾਂ ਨੂੰ ਹਟਾਉਣ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ।