Big Breaking : ਉੜੀਸਾ ਵਿਚ ਵਾਪਰ ਗਿਆ ਸਾਲ ਦਾ ਪਹਿਲਾ ਰੇਲ ਹਾਦਸਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਦਸੇ ਤੋਂ ਬਾਅਦ ਸਥਾਨਕ ਅਤੇ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ

File Photo

ਪੁਰੀ : ਅੱਜ ਵੀਰਵਾਰ ਸਵੇਰੇ ਉੜੀਸਾ ਦੇ ਕਟਕ ਵਿਚ ਇਕ ਵੱਡਾ ਰੇਲ ਹਾਦਸਾ ਵਾਪਰ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁੰਬਈ-ਭਵਨੇਸ਼ਵਰ ਲੋਕਮਾਨਿਆ ਤਿਲਕ ਟਰਮੀਨਸ ਐਕਸਪ੍ਰੈਸ ਪਟਰੀ ਤੋਂ ਉੱਤਰ ਗਈ ਜਿਸ ਕਰਕੇ ਇਸ ਹਾਦਸੇ ਵਿਚ 40 ਤੋਂ ਵੱਧ ਲੋਕਾਂ ਦੇ ਜਖ਼ਮੀ ਹੋਣ ਦੀ ਖਬਰ ਸਾਹਮਣੇ ਆਈ ਹੈ।

 


 

ਮੀਡੀਆ ਰਿਪੋਰਟਾਂ ਅਨੁਸਾਰ ਕਟਕ ਦੇ ਕੋਲ ਨਰਗੁੰਡੀ ਰੇਲਵੇ ਸਟੇਸ਼ਨ 'ਤੇ ਸਵੇਰੇ-ਸਵੇਰੇ ਮੁੰਬਈ-ਭਵਨੇਸ਼ਵਰ ਲੋਕਮਾਨਿਆ ਤਿਲਕ ਨੇ ਇਕ ਮਾਲਗੱਡੀ ਵਿਚ ਟੱਕਰ ਮਾਰ ਦਿੱਤੀ। ਸੰਘਣੀ ਧੁੰਦ  ਛਾਈ ਹੋਣ ਕਰਕੇ ਪਿੱਛੇ ਤੋਂ ਆ ਰਹੀ ਮਾਲ ਗੱਡੀ ਨਾਲ ਟਰੇਨ ਦੀ ਟੱਕਰ ਹੋ ਗਈ ਜਿਸ ਕਰਕੇ ਲੋਕਮਾਨਿਆ ਤਿਲਕ ਐਕਸਪ੍ਰੈਸ ਦੇ ਸੱਤ ਡੱਬੇ ਪਟਰੀ ਤੋਂ ਉੱਤਰ ਗਏ।

ਇਸ ਹਾਦਸੇ ਵਿਚ ਕਈ ਲੋਕਾਂ ਦੇ ਜਖ਼ਮੀ ਹੋਣ ਦੀ ਖਬਰ ਹੈ ਪਰ ਸ਼ੁਰੂਆਤੀ ਜਾਣਕਾਰੀ ਅਨੁਸਾਰ ਇਸ ਘਟਨਾ ਵਿਚ 40 ਲੋਕ ਫੱਟੜ ਹੋਏ ਹਨ ਜਿਨ੍ਹਾਂ ਵਿਚੋਂ ਪੰਜਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜਖ਼ਮੀਆਂ ਨੂੰ ਐਂਬੂਲਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ।ਹਾਦਸੇ ਤੋਂ ਬਾਅਦ ਸਥਾਨਕ ਅਤੇ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਹਾਦਸੇ ਵਾਲੀ ਥਾਂ ਨੂੰ ਚਾਰੇ ਪਾਸਿਓ ਬੰਦ ਕਰ ਦਿੱਤਾ ਗਿਆ ਹੈ ਤਾਂ ਕਿ ਲੋਕਾਂ ਦੀ ਭੀੜ ਉੱਥੇ ਇੱਕਠੀ ਨਾਂ ਹੋਵੇ।

 ਇਸ ਹਾਦਸੇ ਦਾ ਕਾਰਨ ਸੰਘਣੀ ਧੁੰਦ ਨੂੰ ਮੰਨਿਆ ਜਾ ਰਿਹਾ ਹੈ। ਦੱਸ ਦਈਏ ਕਿ ਉੱਤਰ ਭਾਰਤ ਤੋਂ ਲੈ ਕੇ ਪੂਰਬੀ ਭਾਰਤ ਤੱਕ ਧੁੰਦ ਦਾ ਕਹਿਰ ਜਾਰੀ ਹੈ ਜਿਸ ਦੇ ਕਾਰਨ ਕਈਂ ਟਰੇਨਾ ਲੇਟ ਚੱਲ ਰਹੀਆਂ ਹਨ ਅਤੇ ਕਈਆਂ ਨੂੰ ਰੱਦ ਵੀ ਕੀਤਾ ਜਾ ਚੁੱਕਾ ਹੈ।