ਸਿਰਸਾ ਨੇੜੇ ਦਿਨ-ਦਿਹਾੜੇ ਚੱਲੀ ਤਾਬੜਤੋੜ ਗੋਲ਼ੀ, 2 ਦੀ ਮੌਤ 2 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮ੍ਰਿਤਕਾਂ ਖ਼ਿਲਾਫ਼ ਸੀ ਅਪਰਾਧਿਕ ਮਾਮਲੇ, ਗੈਂਗਵਾਰ ਦਾ ਸ਼ੱਕ 

Image

 

ਸਿਰਸਾ - ਹਰਿਆਣਾ ਦੇ ਸਿਰਸਾ ਨੇੜੇ ਪੈਂਦੇ ਮੰਡੀ ਕਾਲਾਂਵਾਲੀ 'ਚ ਸੋਮਵਾਰ ਦੁਪਹਿਰ ਨੂੰ ਇੱਕ ਗੱਡੀ 'ਚ ਆਏ ਕੁਝ ਲੋਕਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਗੋਲੀ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਜ਼ਖਮੀ ਹੋਏ। ਮ੍ਰਿਤਕਾਂ ਵਿੱਚ ਦੀਪਕ ਪੁੱਤਰ ਸੀਤਾਰਾਮ ਅਤੇ ਦੀਪੂ ਪੁੱਤਰ ਇਕਬਾਲ ਸਿੰਘ ਵਾਸੀ ਕਾਲਾਂਵਾਲੀ ਸ਼ਾਮਲ ਹਨ। ਦੋਵਾਂ 'ਤੇ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਮਾਮਲਾ ਗੈਂਗ ਵਾਰ ਦਾ ਦੱਸਿਆ ਜਾ ਰਿਹਾ ਹੈ। ਜ਼ਖ਼ਮੀਆਂ ਨੂੰ ਸਿਰਸਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਬਾਅਦ ਦੁਪਹਿਰ ਕਰੀਬ 3.30 ਵਜੇ ਕਾਲਾਂਵਾਲੀ ਸ਼ਹਿਰ ਦੇ ਦੇਸੂਮਲਕਾਣਾ ਰੋਡ 'ਤੇ ਇੱਕ ਸਕਾਰਪੀਓ ਗੱਡੀ 'ਤੇ ਸਵਾਰ ਕੁਝ ਵਿਅਕਤੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਗੱਡੀ ਵਿੱਚ ਦੀਪੂ, ਦੀਪਕ, ਕਾਲਾ ਅਤੇ ਜੱਗਾ ਵਾਸੀ ਕਾਲਾਂਵਾਲੀ ਸਵਾਰ ਸਨ ਅਤੇ ਉਹ ਕਾਲਾਂਵਾਲੀ ਮੰਡੀ ਤੋਂ ਜੱਖੂ ਵੱਲ ਜਾ ਰਹੇ ਸਨ। ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਰੋਕੀ ਅਤੇ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀ ਲੱਗਣ ਨਾਲ ਦੀਪਕ ਅਤੇ ਦੀਪੂ ਦੀ ਮੌਤ ਹੋ ਗਈ, ਜਦਕਿ ਕਾਲਾ ਅਤੇ ਜੱਗਾ ਜ਼ਖ਼ਮੀ ਹੋ ਗਏ।

ਜ਼ਖਮੀ ਕਾਲਾ ਅਤੇ ਜੱਗਾ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਸਿਰਸਾ ਦੇ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਕਾਲਾਂਵਾਲੀ ਦੇ ਡੀ.ਐਸ.ਪੀ. ਯਾਦਰਾਮ ਅਤੇ ਥਾਣਾ ਇੰਚਾਰਜ ਰਾਮਫਲ ਮੌਕੇ ’ਤੇ ਪੁੱਜੇ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਫਿਲਹਾਲ ਘਟਨਾ ਦੇ ਪਿੱਛੇ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਜ਼ਖਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਹੀ ਮਾਮਲੇ ਦਾ ਖੁਲਾਸਾ ਹੋਵੇਗਾ। ਦੱਸਿਆ ਜਾਂਦਾ ਹੈ ਕਿ ਪੁਲਿਸ ਨੇ ਮੌਕੇ ਤੋਂ ਸਕਾਰਪੀਓ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ।

ਸ਼ਰਾਰਤੀ ਅਨਸਰਾਂ ਨੇ ਕਾਲਾਂਵਾਲੀ ਮੰਡੀ ਤੋਂ ਜੱਖੂ ਵੱਲ ਜਾ ਰਹੀ ਸਕਾਰਪੀਓ ਗੱਡੀ ਅੱਗੇ ਆਪਣੀ ਸਕਾਰਪੀਓ ਖੜ੍ਹੀ ਕਰ ਦਿੱਤੀ। ਜਿਸ ਤੋਂ ਬਾਅਦ ਉਹ ਕਾਰ ਤੋਂ ਹੇਠਾਂ ਉੱਤਰ ਆਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚ ਦੀਪਕ ਅਤੇ ਦੀਪੂ ਨਾਂਅ ਦੇ 2 ਮੁੰਡਿਆਂ ਦੀ ਮੌਤ ਹੋ ਗਈ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਨੇ ਹਰਿਆਣਾ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ। ਪੁਲਿਸ ਵੱਲੋਂ ਨਾਕਾਬੰਦੀ ਕਰਕੇ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ।