ਦਿੱਲੀ ਦੇ ਬਾਰਡਰਾਂ ’ਤੇ ਡਟੇ ਕਿਸਾਨਾਂ ਦਾ ਕੀ ਹੈ ਡਰ? ਆਖ਼ਰ ਹੈ ਕੀ ਸਾਡੀ ਖੇਤੀ ਦਾ ਸੰਕਟ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੈਨੇਡਾ ਦੇ ਸੀਨੀਅਰ ਪੱਤਰਕਾਰ ਰਿਸ਼ੀ ਨਾਗਰ ਵਲੋਂ ਭੇਜੀ ਗਈ ਵਿਸ਼ੇਸ਼ ਜਾਣਕਾਰੀ ’ਤੇ ਆਧਾਰਤ

Farmers

ਲੁਧਿਆਣਾ (ਪ੍ਰਮੋਦ ਕੌਸ਼ਲ): ਕਿਸਾਨ ਅੰਦੋਲਨ ਇਨੀਂ ਦਿਨੀਂ ਸਿਖਰਾਂ ’ਤੇ ਚੱਲ ਰਿਹਾ ਹੈ ਅਤੇ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਲਗਾਤਾਰ 83ਵੇਂ ਦਿਨ ਵੀ ਡਟੇ ਰਹੇ। ਖੇਤੀ ਕਾਨੂੰਨਾਂ ਦਰਮਿਆਨ ਇਹ ਸਮਝਣ ਦੀ ਲੋੜ ਵੀ ਹੈ ਕਿ ਖੇਤੀ ਦਾ ਸੰਕਟ ਨਵਾਂ ਨਹੀਂ ਸਗੋਂ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਹੈ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਅਤੇ ਖੇਤੀ ਦੇ ਇਸ ਸੰਕਟ ਨੂੰ ਹੱਲ ਕਰਨ ਲਈ ਸ਼ਾਇਦ ਕੋਈ ਢੁਕਵੇਂ ਪ੍ਰਬੰਧ ਹੀ ਨਹੀਂ ਕੀਤੇ ਜਿਸ ਕਰ ਕੇ ਅੱਜ ਇਹ ਦਿਨ ਦੇਖਣ ਨੂੰ ਮਿਲ ਰਿਹਾ ਹੈ। 

ਇਸ ਲੜੀਵਾਰ ਰਾਹੀਂ ਅਸੀਂ ਕੈਨੇਡਾ ਦੇ ਸੀਨੀਅਰ ਪੱਤਰਕਾਰ ਰਿਸ਼ੀ ਨਾਗਰ ਤੋਂ ਧਨਵਾਦ ਸਹਿਤ ਪ੍ਰਾਪਤ ਕੀਤੀਆਂ ਕੁੱਝ ਜਾਣਕਾਰੀਆਂ ਦੇ ਆਧਾਰ ’ਤੇ ਪੰਜਾਬ ਦੀ ਖੇਤੀ ਅਤੇ ਕਿਸਾਨੀ ਦੇ ਸੰਕਟ ਦਾ ਭੂਤ, ਵਰਤਮਾਨ ਅਤੇ ਭਵਿੱਖ ਕੀ ਹੈ, ਉਸ ਬਾਬਤ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਇਸ ਲੜੀ ਦੀ ਪਹਿਲੀ ਕਿਸ਼ਤ ਹੈ, ਭਾਰਤ ਵਿਚ ਸਦੀਆਂ ਤੋਂ ਕਾਲ ਪੈਂਦਾ ਰਿਹਾ।

18ਵੀਂ, 19ਵੀਂ ਅਤੇ 20ਵੀਂ ਸਦੀਆਂ ਦੌਰਾਨ 6 ਕਰੋੜ ਲੋਕ ਮਰ ਚੁੱਕੇ ਦੱਸੇ ਜਾਂਦੇ ਹਨ। ਭਾਰਤੀ ਖੇਤੀ ਬਹੁਤੀ ਕਰ ਕੇ ਮੌਸਮ ’ਤੇ ਨਿਰਭਰ ਕਰਦੀ ਹੈ ਤੇ ਗ਼ਰਮੀਆਂ ਵਿਚ ਆਉਣ ਵਾਲੀਆਂ ਦੱਖਣ ਪੱਛਮੀ ਮੌਨਸੂਨ ਪੌਣਾਂ ਫ਼ਸਲਾਂ ਦੀ ਸਿੰਜਾਈ ਲਈ ਜੀਵਨ ਰੇਖਾ ਰਹੀਆਂ ਹਨ।

1770 ਦਾ ਬੰਗਾਲ ਦਾ ਕਾਲ, 1782 ਦਾ ਮਦਰਾਸ ਅਤੇ ਮੈਸੂਰ ਕਾਲ, 1783-84 ਦਾ ਚਾਲੀਸਾ ਕਾਲ ਉਸ ਸਮੇਂ ਦੇ ਪੰਜਾਬ ਦੇ ਪੂਰਬੀ ਹਿੱਸੇ, ਰਾਜਪੂਤਾਨਾ, ਉੱਤਰ ਪ੍ਰਦੇਸ਼ ਅਤੇ ਕਸ਼ਮੀਰ ਤਕ ਫੈਲਿਆ, 1791-92 ਦਾ ਦੋਜੀ ਬਾੜਾ ਕਾਲ ਪੱਛਮ-ਦੱਖਣ ਅਤੇ ਕੇਂਦਰ ਦਖਣ ਭਾਰਤੀ ਸੂਬਿਆਂ ਵਿਚ ਪਿਆ, ਇਸ ਵਿਚ ਤਾਂ 1 ਕਰੋੜ ਤੋਂ ਜ਼ਿਆਦਾ ਲੋਕ ਮਰੇ ਸਨ। 1866-67 ਦੇ ਓਡੀਸ਼ਾ ਕਾਲ ਨੇ ਇਸ ਦੀ ਇਕ ਤਿਹਾਈ ਅਬਾਦੀ ਦੀ ਜਾਨ ਲੈ ਲਈ ਸੀ। 

1876-78 ਦਾ ਵੱਡਾ ਕਾਲ ਪਿਆ ਜਿਸ ਨੇ ਸਮੁੱਚੇ ਭਾਰਤ ਨੂੰ ਅਪਣੀ ਲਪੇਟ ਵਿਚ ਲਿਆ। ਇਸ ਦਾ ਅਸਰ 6 ਲੱਖ 70 ਹਜ਼ਾਰ ਵਰਗ ਕਿਲੋਮੀਟਰ ਖੇਤਰ ਵਿਚ ਪਿਆ ਸੀ ਤੇ 5 ਕਰੋੜ 85 ਲੱਖ ਲੋਕ ਇਸ ਤੋਂ ਪ੍ਰਭਾਵਿਤ ਹੋਏ ਸਨ।  56 ਲੱਖ ਤੋਂ ਲੈ ਕੇ 96 ਲੱਖ ਲੋਕਾਂ ਦੀ ਮੌਤ ਇਸ ਕਾਲ ਦੌਰਾਨ ਹੋਈ ਮੰਨੀ ਜਾਂਦੀ ਹੈ। ਆਮ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਵੀਹਵੀਂ ਸਦੀ ਵਿਚ ਕਾਲ ਪੈਣੇ ਬੰਦ ਹੋ ਗਏ ਸਨ ਤੇ ਬਰਤਾਨਵੀ ਸ਼ਾਸਨ ਦੀਆਂ ਘਟੀਆ ਨੀਤੀਆਂ ਤੇ ਖੇਤੀ ਲਈ ਕੁੱਝ ਖ਼ਾਸ ਨਾ ਕੀਤੇ ਜਾਣ ਕਰ ਕੇ ਅਜਿਹਾ ਹੁੰਦਾ ਰਿਹਾ। 

ਦੂਜੀ ਸੰਸਾਰ ਜੰਗ ਵੇਲੇ 1943 ਵਿਚ ਬੰਗਾਲ ਦਾ ਕਾਲ ਫਿਰ ਪਿਆ। ਇਸ ਨੂੰ ਸੰਸਾਰ ਜੰਗ ਦੇ ਅਸਰ ਵਜੋਂ ਹੀ ਵੇਖਿਆ ਜਾਂਦਾ ਹੈ। ਇਹ ਤਾਂ ਕੁਝ ਚੋਣਵੀਆਂ ਉਦਾਰਹਰਣਾਂ ਹੀ ਹਨ। ਇਹਨਾਂ ਤੋਂ ਬਿਨਾਂ ਵੀ ਦਰਜਨਾਂ ਕਾਲ ਪਏ ਦਰਜ ਹਨ।  ਆਜ਼ਾਦ ਭਾਰਤ ਵਿਚ ਪਹਿਲਾ ਕਾਲ 1953 ਦਾ ਬੰਗਾਲ ਦਾ ਕਾਲ, ਫਿਰ 1966 ਵਿਚ ਬਿਹਾਰ ਦਾ ਕਾਲ, 1970 ਤੋਂ 1973 ਤਕ ਦਾ ਮਹਾਰਾਸ਼ਟਰ ਦਾ ਕਾਲ। 

ਬਰਤਾਨਵੀ ਸ਼ਾਸਨ ਵਿਚ ਹੀ ਕਿਸਾਨ ਅਪਣੇ ਹੱਕਾਂ ਲਈ ਉਠਣ ਲੱਗ ਪਏ ਸਨ। ਪੰਜਾਬ ਤੋਂ ਉੱਠੀ ਸੱਭ ਤੋਂ ਪਹਿਲੀ ਆਧੁਨਿਕ ਲਹਿਰ ‘ਪਗੜੀ ਸੰਭਾਲ ਜੱਟਾ’ ਲਹਿਰ ਸੀ। ਸਾਲ 1907 ਵਿਚ ਇਹ ਲਹਿਰ ਸ਼ੁਰੂ ਹੋਈ। ਉਸ ਸਮੇਂ ਸਾਂਝੇ ਪੰਜਾਬ ਦੇ ਲਾਇਲਪੁਰ ਦੇ ਇਲਾਕੇ ਵਿਚ ਇਹ ਸੰਘਰਸ ਲੜਿਆ ਗਿਆ। ਸਰਕਾਰ ਨੇ ਇਸ ਇਲਾਕੇ ਵਿੱਚ ਨਹਿਰਾਂ ਕੱਢਣ ਬਾਅਦ ਜ਼ਮੀਨ ਦੀ ਅਲਾਟਮੈਂਟ ਸਬੰਧੀ ਕਈ ਅਜਿਹੀਆਂ ਸਰਤਾਂ ਰਖੀਆਂ ਜੋ ਕਿ ਕਿਸਾਨਾਂ ਨੂੰ ਮਨਜ਼ੂਰ ਨਹੀਂ ਸੀ।  

ਇਨ੍ਹਾਂ ਸਰਤਾਂ ਵਿਰੁਧ ਅਤੇ ਕਿਸਾਨਾਂ ਦੇ ਹੱਕਾਂ ਵਿਚ ਸ. ਭਗਤ ਸਿੰਘ ਦੇ ਚਾਚਾ ਸ. ਅਜੀਤ ਸਿੰਘ ਨੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ ਅਤੇ ਜਲਸੇ ਹੋਣ ਲੱਗੇ। ਲਾਲਾ ਲਾਜਪਤ ਰਾਏ ਵੀ ਇਸ ਲਹਿਰ ਦੇ ਲੀਡਰ ਸਨ। ‘‘ਪਗੜੀ ਸੰਭਾਲ ਜੱਟਾ” ਲਹਿਰ ਤੋਂ ਬਾਅਦ ਬ੍ਰਿਟਿਸ ਰਾਜ ਦੌਰਾਨ ਪੰਜਾਬ ਵਿਚ ਹੋਰ ਵੀ ਸਫ਼ਲ ਕਿਸਾਨੀ ਸੰਘਰਸ਼ ਹੋਏ ਅਤੇ ਪੰਜਾਬ ਤੋਂ ਬਾਹਰ ਦੇਸ਼ ਵਿਆਪੀ ਕਿਸਾਨੀ ਘੋਲ ਵੀ ਹੋਏ।

ਰਾਮਚੰਦਰ ਗੁਹਾ ਦੀ ਕਿਤਾਬ ‘‘ਗਾਂਧੀ ਬਿਫੋਰ ਇੰਡੀਆ” ਵਿਚ ਚੰਪਾਰਨ ਸੱਤਿਆਗ੍ਰਹਿ ਦਾ ਜ਼ਿਕਰ ਹੈ, ਜੋ ਕਿ ਇਤਿਹਾਸ ਦੀ ਕਾਫੀ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਰਹੇਗੀ। ਮਹਾਤਮਾ ਗਾਂਧੀ ਦੀ ਅਗਵਾਈ ਵਿਚ ਜਮੀਨ ਮਾਲਕਾਂ ਵਿਰੁਧ ਕਈ ਰੋਸ ਮੁਜ਼ਾਹਰੇ ਹੋਏ। ਇਸ ਸੱਤਿਆਗ੍ਰਿਹ ਕਾਰਨ ਬਿਹਾਰ ਚੰਪਾਰਨ ਖੇਤੀ ਕਾਨੂੰਨ ਲਿਆਂਦਾ ਗਿਆ ਜਿਸ ਵਿਚ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ।