ਅਤਿਵਾਦੀ ਹਮਲੇ 'ਤੇ ਪੀਐਮ ਮੋਦੀ ਨੇ ਨਿਊਜ਼ੀਲੈਂਡ ਪੀਐਮ ਵਾਂਗ ਗੰਭੀਰਤਾ ਕਿਉਂ ਨਹੀਂ ਦਿਖਾਈ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀਐਮ ਨਰਿੰਦਰ ਮੋਦੀ ਹਿੰਸਾ ਅਤੇ ਅਤਿਵਾਦੀ ਹਮਲਿਆਂ ਨੂੰ ਲੈ ਕੇ ਮਨਮੋਹਨ ਸਿੰਘ ਨਾਲੋਂ ਕਿਤੇ ਜ਼ਿਆਦਾ ਮੌਨ ਰਹੇ ਹਨ।

New Zealand Prime Minister Jacinda Ardern and PM Narendar Modi

ਨਵੀਂ ਦਿੱਲੀ : ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪਣੇ ਦੇਸ਼ ਦੀ ਜਨਤਾ ਪ੍ਰਤੀ ਕਿੰਨਾ ਗੰਭੀਰ ਅਤੇ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਇਸ ਗੱਲ ਦਾ ਅੰਦਾਜ਼ਾ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਤੋਂ ਲਗਾਇਆ ਜਾ ਸਕਦਾ ਹੈ। ਨਿਊਜ਼ੀਲੈਂਡ ਦੀ ਮਸਜਿਦ ਵਿਚ ਹੋਏ ਅਤਿਵਾਦੀ ਹਮਲੇ ਵਿਚ 49 ਨਿਰਦੋਸ਼ ਲੋਕ ਮਾਰੇ ਗਏ ਹਨ। ਇਸ ਘਟਨਾ ਦੇ ਸਾਹਮਣੇ ਆਉਂਦਿਆਂ ਹੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਇਕ ਵਾਰ ਨਹੀਂ ਬਲਕਿ ਦੋ ਵਾਰ ਸੰਬੋਧਨ ਕੀਤਾ ਅਤੇ ਫਿਰ ਇਕ ਮੀਡੀਆ ਸੰਮੇਲਨ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿਤੇ।

ਇਸ ਦੇ ਉਲਟ ਭਾਰਤ ਵਿਚ ਪੁਲਵਾਮਾ ਅਤਿਵਾਦੀ ਹਮਲੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਮ ਕਾਰਬੇਟ ਪਾਰਕ ਵਿਚ ਇਕ ਫਿਲਮ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਸਨ। ਪੀਐਮ ਮੋਦੀ ਨੇ ਨਾ ਤਾਂ ਦੇਸ਼ ਨੂੰ ਸੰਬੋਧਨ ਕੀਤਾ ਅਤੇ ਨਾ ਹੀ ਮੀਡੀਆ ਨੂੰ ਸੰਬੋਧਨ ਕੀਤਾ। ਇਹ ਉਹੀ ਨਰਿੰਦਰ ਮੋਦੀ ਹਨ ਜਿਨ੍ਹਾਂ ਨੇ ਕਿਸੇ ਸਮੇਂ ਸਾਬਕਾ ਪ੍ਰਧਾਨ ਮੰਤਰੀ ਦਾ 'ਮੌਨ-ਮੋਹਨ' ਆਖ ਕੇ ਮਜ਼ਾਕ ਉਡਾਇਆ ਸੀ, ਜਦਕਿ ਮਨਮੋਹਨ ਸਿੰਘ ਨੇ 2008 ਦੇ ਮੁੰਬਈ ਅਤਿਵਾਦੀ ਹਮਲਿਆਂ ਤੋਂ ਤੁਰੰਤ ਬਾਅਦ ਰਾਸ਼ਟਰ ਨੂੰ ਸੰਬੋਧਨ ਕੀਤਾ ਸੀ ਅਤੇ ਸ਼ਾਂਤ ਰਹਿਣ ਦੀ ਅਪੀਲ ਕੀਤੀ ਸੀ।

ਇਹ ਖ਼ਬਰ 'ਦਿ ਟੈਲੀਗ੍ਰਾਫ਼' ਵਲੋਂ 'ਟੂ ਪ੍ਰਾਈਮ ਮਨਿਸਟਰਜ਼, ਟੂ ਰਿਸਪਾਂਸਜ਼' ਦੇ ਸਿਰਲੇਖ ਹੇਠ ਪ੍ਰਕਾਸ਼ਤ ਕੀਤੀ ਗਈ ਹੈ। ਪੁਲਵਾਮਾ ਹਮਲੇ ਤੋਂ ਬਾਅਦ ਜਦੋਂ ਦੇਸ਼ ਵਿਚ ਕੁੱਝ ਥਾਵਾਂ 'ਤੇ ਕਸ਼ਮੀਰੀਆਂ 'ਤੇ ਹਮਲੇ ਹੋਏ ਤਾਂ ਪੂਰੇ ਇਕ ਹਫ਼ਤੇ ਤਕ ਮੌਨ ਰਹੇ ਪੀਐਮ ਮੋਦੀ ਹਫ਼ਤੇ ਬਾਅਦ ਆਖਿਆ ਸੀ ਕਿ ''ਸਾਡੀ ਲੜਾਈ ਕਸ਼ਮੀਰ ਲਈ ਹੈ ਨਾ ਕਿ ਕਸ਼ਮੀਰ ਅਤੇ ਕਸ਼ਮੀਰੀਆਂ ਦੇ ਵਿਰੁਧ।''

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਡਰਨ ਦਾ ਹਮਲੇ ਮਗਰੋਂ ਦਿਤਾ ਗਿਆ ਬਿਆਨ ਵਿਸ਼ੇਸ਼ ਤੌਰ 'ਤੇ ਘੱਟ ਗਿਣਤੀਆਂ ਲਈ ਫਿਰ ਤੋਂ ਹੱਥ ਵਧਾਉਣ 'ਤੇ ਕੇਂਦਰਤ ਸੀ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਵਿਚ ਇਸ ਤਰ੍ਹਾਂ ਦਾ ਕੋਈ ਇਸ਼ਾਰਾ ਨਹੀਂ ਮਿਲਿਆ, ਜਿਸ ਤੋਂ ਇਹ ਕਸ਼ਮੀਰੀਆਂ ਨੂੰ ਇਹ ਲੱਗੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਉਨ੍ਹਾਂ ਲਈ ਕਾਫ਼ੀ ਫ਼ਿਕਰਮੰਦ ਹਨ। 

ਭਾਵੇਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨਿਊਜ਼ੀਲੈਂਡ ਹਮਲੇ 'ਤੇ ਦੁੱਖ ਜ਼ਾਹਰ ਕਰਦਿਆਂ ਅਪਣੀ ਹਮ-ਅਹੁਦਾ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਹਿੰਸਾ ਦਾ ਵਿਭਿੰਨਤਾ ਅਤੇ ਲੋਕਤੰਤਰਿਕ ਸਮਾਜਾਂ ਵਿਚ ਕੋਈ ਸਥਾਨ ਨਾ ਹੋਣ ਦੀ ਗੱਲ ਆਖੀ ਹੈ, ਪਰ ਇਹ ਗੱਲ ਪੀਐਮ ਮੋਦੀ ਨੂੰ ਆਪਣੇ ਉਨ੍ਹਾਂ ਫਾਇਰ ਬ੍ਰਾਂਡ ਅਤੇ ਬੜਬੋਲੇ ਨੇਤਾਵਾਂ ਨੂੰ ਵੀ ਆਖਣੀ ਚਾਹੀਦੀ ਹੈ ਜੋ ਸ਼ਰ੍ਹੇਆਮ ਘੱਟ ਗਿਣਤੀਆਂ ਪ੍ਰਤੀ ਜ਼ਹਿਰ ਉਗਲਦੇ ਹਨ। ਦੇਖਿਆ ਜਾਵੇ ਤਾਂ ਪੀਐਮ ਨਰਿੰਦਰ ਮੋਦੀ ਹਿੰਸਾ ਅਤੇ ਅਤਿਵਾਦੀ ਹਮਲਿਆਂ ਨੂੰ ਲੈ ਕੇ ਮਨਮੋਹਨ ਸਿੰਘ ਨਾਲੋਂ ਕਿਤੇ ਜ਼ਿਆਦਾ ਮੌਨ ਰਹੇ ਹਨ।