ਨਿਊਜ਼ੀਲੈਂਡ ਹਮਲੇ ਸਬੰਧੀ ਮਨਜਿੰਦਰ ਸਿਰਸਾ ਦੇ ਟਵੀਟ 'ਤੇ ਛਿੜਿਆ ਵਿਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੋਸ਼ਲ ਮੀਡੀਆ 'ਤੇ ਮਨਜਿੰਦਰ ਸਿਰਸਾ ਦੇ ਟਵੀਟ ਦਾ ਵਿਰੋਧ

Manjinder Singh Sirsa

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਆਪਣੇ ਇਕ ਟਵੀਟ ਨੂੰ ਲੈ ਕੇ ਵਿਵਾਦਾਂ ਵਿਚ ਘਿਰਦੇ ਨਜ਼ਰ ਆ ਰਹੇ ਹਨ ਜੋ ਉਨ੍ਹਾਂ ਨੇ ਨਿਊਜ਼ੀਲੈਂਡ ਦੀਆਂ ਮਸਜਿਦਾਂ 'ਤੇ ਹੋਏ ਹਮਲਿਆਂ ਨੂੰ ਲੈ ਕੇ ਕੀਤਾ ਹੈ। ਦਰਅਸਲ ਇਕ ਸੱਜੇ ਪੱਖੀ ਆਸਟ੍ਰੇਲੀਆਈ ਸੈਨੇਟਰ ਫਰੇਜ਼ਰ ਐਨਿੰਗ ਨੇ ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ਵਿਚ ਹੋਏ ਕਤਲੇਆਮ ਨੂੰ ਪਰਵਾਸੀਆਂ ਦੀ ਵਧ ਰਹੀ ਗਿਣਤੀ, ਖ਼ਾਸ ਕਰਕੇ ਮੁਸਲਮਾਨਾਂ ਦੇ ਪਰਵਾਸ ਨਾਲ ਜੋੜਿਆ।

ਅਫ਼ਸੋਸ ਕਿ ਮਨਜਿੰਦਰ ਸਿੰਘ ਸਿਰਸਾ ਨੇ ਸੈਨੇਟਰ ਵਲੋਂ ਜਾਰੀ ਕੀਤੇ ਗਏ ਪੱਤਰ ਦੀ ਤਾਰੀਫ਼ ਕਰਦਿਆਂ ਲਿਖਿਆ ਹੈ ਮੀਡੀਆ ਇਸ ਸੈਨੇਟਰ ਨੂੰ ਖ਼ਲਨਾਇਕ ਨਾ ਗਰਦਾਨੇ, ਇਹਨੇ ਤਾਂ ਬੜਾ ਜ਼ਬਰਦਸਤ ਬਿਆਨ ਦਿਤਾ ਹੈ। ਗੁਰਪ੍ਰੀਤ ਸਿੰਘ ਸਹੋਤਾ ਨਾਂਅ ਦੇ ਇਕ ਵਿਅਕਤੀ ਨੇ ਆਪਣੇ ਫੇਸਬੁੱਕ ਪੇਜ 'ਤੇ ਸਿਰਸਾ ਦੇ ਇਸ ਟਵੀਟ ਦਾ ਕਾਫ਼ੀ ਵਿਰੋਧ ਕੀਤਾ ਹੈ।

ਜਿਸ ਵਿਚ ਕਿਹਾ ਗਿਆ ਹੈ ਕਿ ਜਿਸ ਦਿਨ ਸਾਡੇ ਸਿੱਖ ਅਮਰੀਕਾ ਦੇ ਓਕ ਕ੍ਰੀਕ ਗੁਰਦੁਆਰਾ ਸਾਹਿਬ ਵਿਚ ਮਾਰੇ ਗਏ ਸਨ ਤਾਂ ਸਾਰੇ ਰੋ ਰਹੇ ਸਨ ਪਰ ਹੁਣ ਮਨਜਿੰਦਰ ਸਿਰਸਾ ਇਸ ਤਰ੍ਹਾਂ ਦਾ ਟਵੀਟ ਕਰਕੇ ਨਿਊਜ਼ੀਲੈਂਡ ਦੀ ਮਸਜਿਦ 'ਚ ਹੋਏ ਕਤਲੇਆਮ ਨੂੰ ਇਕ ਤਰ੍ਹਾਂ ਨਾਲ ਜਾਇਜ਼ ਠਹਿਰਾ ਰਹੇ ਹਨ। ਗੁਰਪ੍ਰੀਤ ਸਿੰਘ ਸਹੋਤਾ ਨੇ ਇਹ ਵੀ ਲਿਖਿਆ ਹੈ ਕਿ ਅਮਰੀਕਾ ਸਮੇਤ ਕਈ ਦੇਸ਼ਾਂ ਵਿਚ ਸਿੱਖ ਆਪਣੀ ਪਛਾਣ ਦੀ ਲੜਾਈ ਲੜ ਰਹੇ ਹਨ।

ਜਿਸ ਕਾਰਨ ਕਈ ਥਾਵਾਂ 'ਤੇ ਸਿੱਖ ਅਨੇਕਾਂ ਹਿੰਸਕ ਅਤੇ ਜਾਨਲੇਵਾ ਹਮਲਿਆਂ ਦਾ ਸ਼ਿਕਾਰ ਹੋ ਚੁੱਕੇ ਹਨ ਪਰ ਅਕਾਲੀ ਲੀਡਰ ਅਤੇ ਦਿੱਲੀ ਕਮੇਟੀ ਦਾ ਨਵਾਂ ਪ੍ਰਧਾਨ ਸਾਡੇ 'ਤੇ ਹਮਲੇ ਕਰਨ ਵਾਲੀ ਗੋਰੀ ਸਰਵਉੱਚਤਾ (White Supremacy) ਸੋਚ ਦੀ ਸ਼ਲਾਘਾ ਕਰ ਰਿਹਾ ਹੈ। ਦਸ ਦਈਏ ਕਿ ਮਨਜਿੰਦਰ ਸਿੰਘ ਸਿਰਸਾ ਬੀਤੇ ਕੱਲ੍ਹ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਬਣੇ ਹਨ ਅਤੇ ਇਹ ਟਵੀਟ ਵੀ ਉਨ੍ਹਾਂ ਨੇ ਕੱਲ੍ਹ ਹੀ ਕੀਤਾ ਸੀ।