ਭਾਜਪਾ ਵਿਧਾਇਕ ਨੇ ਪਾਕਿ ਫ਼ੌਜ ਦਾ ਗੀਤ ਚੋਰੀ ਕਰ ਭਾਰਤੀ ਫ਼ੌਜ ਨੂੰ ਕੀਤਾ ਸਮਰਪਿਤ
ਸਿਆਣਿਆਂ ਦੀ ਇਕ ਕਹਾਵਤ ਤਾਂ ਤੁਸੀਂ ਸੁਣੀ ਹੀ ਹੋਵੇਗੀ ਕਿ ''ਨਕਲ ਮਾਰਨ ਲਈ ਵੀ ਅਕਲ ਚਾਹੀਦੀ ਹੈ ਪਰ ਇੰਝ ਲਗਦਾ ਹੈ...
ਨਵੀਂ ਦਿੱਲੀ : ਸਿਆਣਿਆਂ ਦੀ ਇਕ ਕਹਾਵਤ ਤਾਂ ਤੁਸੀਂ ਸੁਣੀ ਹੀ ਹੋਵੇਗੀ ਕਿ ''ਨਕਲ ਮਾਰਨ ਲਈ ਵੀ ਅਕਲ ਚਾਹੀਦੀ ਹੈ ਪਰ ਇੰਝ ਲਗਦਾ ਹੈ ਕਿ ਭਾਜਪਾ ਦੇ ਇਸ ਵਿਧਾਇਕ ਨੇ ਇਹ ਕਹਾਵਤ ਸ਼ਾਇਦ ਨਹੀਂ ਸੁਣੀ ਹੋਵੇਗੀ। ਤੇਲੰਗਾਨਾ ਦੇ ਵਿਧਾਇਕ ਠਾਕੁਰ ਰਾਜਾ ਸਿੰਘ ਨੇ ਪਾਕਿਸਤਾਨੀ ਫ਼ੌਜ ਦਾ ਗੀਤ ਚੋਰੀ ਕਰਕੇ ਉਸ ਨੂੰ ਇੰਡੀਅਨ ਆਰਮੀ ਲਈ ਸਮਰਪਿਤ ਕਰ ਦਿਤਾ ਹੈ। ਦਰਅਸਲ ਜਦੋਂ ਦੀਆਂ ਚੋਣਾਂ ਸ਼ੁਰੂ ਹੋਈਆਂ ਹਨ ਭਾਜਪਾ ਵਾਲੇ ਸੈਨਾ-ਸੈਨਾ ਹੀ ਪੁਕਾਰੀ ਜਾ ਰਹੀ ਹਨ। ਇਸੇ ਲਈ ਇਸ ਭਾਜਪਾ ਵਿਧਾਇਕ ਨੇ ਵੀ ਰਾਮ ਨੌਮੀ ਮੌਕੇ ਇਹ ਗੀਤ ਸੈਨਾ ਨੂੰ ਸਮਰਪਿਤ ਕੀਤਾ ਹੈ।
ਜਿਵੇਂ ਹੀ ਇਹ ਗੀਤ ਸੋਸ਼ਲ ਮੀਡੀਆ 'ਤੇ ਆਇਆ ਤਾਂ ਭਾਜਪਾ ਵਿਧਾਇਕ ਖ਼ੂਬ ਟ੍ਰੋਲ ਹੋਏ ਕਿਉਂਕਿ ਇਹ ਗੀਤ ਪਾਕਿਸਤਾਨ ਦੇ ਇਕ ਐਂਥਮ ਤੋਂ ਕਾਪੀ ਕੀਤਾ ਗਿਆ ਸੀ ਜੋ ਪਾਕਿਸਤਾਨ ਦੇ ਮਸ਼ਹੂਰ ਸਿੰਗਰ ਅਤੇ ਰਾਈਟਰ ਸਾਹਿਰ ਬੱਗਾ ਵਲੋਂ ਲਿਖਿਆ ਅਤੇ ਗਾਇਆ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੰਨਾ ਟ੍ਰੋਲ ਹੋਣ ਤੋਂ ਬਾਅਦ ਵੀ ਭਾਜਪਾ ਵਿਧਾਇਕ ਛਾਤੀ ਠੋਕ ਕੇ ਇਸ ਗਾਣੇ ਨੂੰ ਅਪਣਾ ਦੱਸ ਰਹੇ ਹਨ। ਹੱਦ ਤਾਂ ਉਦੋਂ ਹੋ ਗਈ ਜਦੋਂ ਭਾਜਪਾ ਵਿਧਾਇਕ ਨੇ ਤਾਂ ਇਥੋਂ ਤਕ ਆਖ ਦਿਤਾ ਕਿ ਪਾਕਿਸਤਾਨ ਨੇ ਹੀ ਉਸ ਦਾ ਗੀਤ ਚੋਰੀ ਕਰਕੇ ਗਾਇਆ ਹੋਵੇਗਾ।
ਭਾਜਪਾ ਵਿਧਾਇਕ ਭਾਵੇਂ ਜੋ ਮਰਜ਼ੀ ਦਾਅਵੇ ਕਰ ਰਹੇ ਹੋਣ ਪਰ ਸੋਸ਼ਲ ਮੀਡੀਆ 'ਤੇ ਨਿਕਲੀ ਗੱਲ ਕਿੱਥੇ ਛੁਪਦੀ ਹੈ। ਭਾਜਪਾ ਵਿਧਾਇਕ ਦਾ ਤਾਂ ਜੋ ਮਜ਼ਾਕ ਉਡ ਰਿਹਾ ਹੈ। ਉਹ ਅਲਹਿਦਾ ਕੀ ਇਸ ਨਾਲ ਦੇਸ਼ ਦੀ ਵੀ ਬਦਨਾਮੀ ਨਹੀਂ ਹੋ ਰਹੀ? ਅਪਣੇ ਵਿਧਾਇਕ ਦੀ ਇਸ ਹਰਕਤ 'ਤੇ ਹੁਣ ਭਾਜਪਾ ਹਾਈ ਕਮਾਨ ਚੁੱਪ ਕਿਉਂ ਐ? ਹੁਣ ਕਿੱਥੇ ਗਏ 'ਪਾਕਿਸਤਾਨ' ਦੀ ਗੱਲ ਤਕ ਕਰਨ ਵਾਲਿਆਂ ਨੂੰ ਗੱਦਾਰ ਕਹਿਣ ਵਾਲੇ? ਖ਼ੈਰ ਰਾਜਾ ਸਿੰਘ ਪਾਕਿਸਤਾਨ ਦੇ ਗਾਣੇ ਨੂੰ ਅਪਣਾ ਕਹਿ ਸਕਦੇ ਹਨ ਕਿਉਂਕਿ ਤੇਲੰਗਾਨਾ ਵਿਧਾਨ ਸਭਾ ਵਿਚ ਭਾਜਪਾ ਦੇ ਇਕਲੌਤੇ ਵਿਧਾਇਕ ਜੋ ਠਹਿਰੇ।