ਭਾਜਪਾ ਕੋਲ ਪ੍ਰਚਾਰ ਲਈ ਏਨਾ ਪੈਸਾ ਕਿਥੋਂ ਆ ਰਿਹੈ? : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਨਾਹਰਾ ਹੈ-ਚੌਕੀਦਾਰ ਚੋਰ ਹੈ

Congress president Rahul Gandhi. (File Photo)

ਫ਼ਤਿਹਪੁਰ ਸੀਕਰੀ : ਐਨਡੀਏ ਸਰਕਾਰ ਵਿਰੁਧ ਅਮੀਰਾਂ ਦਾ ਕਰਜ਼ਾ ਮਾਫ਼ ਕਰ ਕੇ ਉਨ੍ਹਾਂ ਨੂੰ ਫ਼ਾਇਦਾ ਪਹੁੰਚਾਣ ਦਾ ਦੋਸ਼ ਲਾਉਂਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਕਿਸਾਨਾਂ ਨੂੰ ਕਰਜ਼ਾ ਨਾ ਮੋੜਨ ਕਾਰਨ ਜੇਲ ਨਹੀਂ ਭੇਜਿਆ ਜਾਵੇਗਾ। 

ਯੂਪੀ ਦੇ ਫ਼ਤਿਹਪੁਰ ਸੀਕਰੀ ਲੋਕ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਰਾਜ ਬੱਬਰ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਆਖ਼ਰ ਚੋਣਾਂ ਵਿਚ ਖ਼ਰਚ ਕਰਨ ਲਈ ਭਾਜਪਾ ਕੋਲ ਏਨਾ ਪੈਸਾ ਕਿਥੋਂ ਆ ਰਿਹਾ ਹੈ? ਉਨ੍ਹਾਂ ਕਿਹਾ, 'ਟੀਵੀ ਆਨ ਕਰੋ, ਰੇਡੀਉ ਆਨ ਕਰੋ, ਹਰ ਜਗ੍ਹਾ ਮੋਦੀ ਵਿਖਾਈ ਦੇਣਗੇ। ਸਵਾਲ ਇਹ ਹੈ ਕਿ ਭਾਜਪਾ ਏਨੇ ਪੈਸੇ ਲਿਆਉਂਦੀ ਕਿਥੋਂ ਹੈ, ਇਹ ਦਸਦੀ ਕਿਉਂ ਨਹੀਂ?' ਉਨ੍ਹਾਂ ਕਿਹਾ ਕਿ ਟੀਵੀ 'ਤੇ 30 ਸੈਕਿੰਗ ਦੇ ਪ੍ਰਚਾਰ ਲਈ ਲੱਖਾਂ ਰੁਪਏ ਖ਼ਰਚ ਹੁੰਦੇ ਹਨ। ਅਖ਼ਬਾਰ ਵਿਚ ਲੱਖਾਂ ਰੁਪਏ ਲਗਦੇ ਹਨ। ਦੇਸ਼ ਵਿਚ ਹਰ ਰੋਜ਼ ਮੋਦੀ ਦਾ ਚਿਹਰਾ ਆ ਰਿਹਾ ਹੈ। ਇਸ ਦਾ ਪੈਸਾ ਕੌਣ ਦੇ ਰਿਹਾ ਹੈ। ਤੁਸੀਂ ਸੋਚਿਆ ਹੈ ਕਿ ਕਰੋੜਾਂ ਰੁਪਏ ਦਾ ਪ੍ਰਚਾਰ ਕਿਥੋਂ ਹੋ ਰਿਹਾ ਹੈ?

ਰਾਹੁਲ ਨੇ ਕਿਹਾ, 'ਮੋਦੀ ਨੇ ਤੁਹਾਡਾ ਪੈਸਾ ਚੋਰੀ ਕਰ ਕੇ ਲੱਖਾਂ ਕਰੋੜ ਰੁਪਏ ਕਰ ਕੇ ਇਨ੍ਹਾਂ ਚੋਰਾਂ ਨੂੰ ਦਿਤਾ ਹੈ। ਨੀਰਵ ਮੋਦੀ 35 ਹਜ਼ਾਰ ਕਰੋੜ ਰੁਪਏ, ਮਾਲਿਆ ਦਸ ਹਜ਼ਾਰ ਕਰੋੜ ਰੁਪਏ, ਮੇਹੁਲ, ਅੰਬਾਨੀ ਨੂੰ ਲੱਖਾਂ ਕਰੋੜ ਰੁਪਏ ਦੇ ਦਿਤੇ ਗਏ।'  ਉਨ੍ਹਾਂ ਕਿਹਾ, 'ਪਹਿਲਾਂ ਨਾਹਰਾ ਹੁੰਦਾ ਸੀ ਕਿ ਅੱਛੇ ਦਿਨ ਆਉਣਗੇ ਪਰ ਬੁਰੇ ਦਿਨ ਆ ਗਏ। ਹੁਣ ਨਾਹਰਾ ਸੁਣੋ 'ਚੌਕੀਦਾਰ ਚੋਰ ਹੈ।' ਪੰਜ ਸਾਲਾਂ ਵਿਚ ਚੰਗੇ ਦਿਨਾਂ ਤੋਂ ਚੌਕੀਦਾਰ ਚੋਰ ਹੈ, ਤਕ ਪਹੁੰਚ ਗਏ।' ਉਨ੍ਹਾਂ ਕਿਹਾ ਕਿ ਕਿਸਾਨ ਇਸ ਦੇਸ਼ ਦੀ ਸ਼ਕਤੀ ਹੈ। ਕਿਸਾਨ ਦੇਸ਼ ਦੀ ਸ਼ਾਨ ਹੈ। ਇਹੋ ਕਾਰਨ ਹੈ ਕਿ ਅਸੀਂ ਇਹ ਫ਼ੈਸਲਾ ਕੀਤਾ ਕਿ ਕਿਸਾਨਾਂ ਲਈ ਅਸੀਂ ਵਖਰਾ ਬਜਟ ਲਿਆਵਾਂਗੇ। ਵਖਰਾ ਬਜਟ ਲਿਆਉਣ ਦੀਆਂ ਸਾਰੀਆਂ ਚੀਜ਼ਾਂ ਪਾਰਦਰਸ਼ੀ ਹੋਣਗੀਆਂ। (ਏਜੰਸੀ)