ਟਿਕਟ ਤੇ ਪੀਐਮ ਮੋਦੀ ਦੀ ਤਸਵੀਰ ਛਾਪਣ ਤੇ ਕੀਤੀ ਗਈ ਕਾਰਵਾਈ
ਰੇਲਵੇ ਨੇ 4 ਅਧਿਕਾਰੀਆਂ ਨੂੰ ਕੀਤਾ ਮੁਅੱਤਲ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਪ੍ਰਚਾਰ ਤੇ ਚੋਣ ਕਮਿਸ਼ਨ ਲਗਾਤਾਰ ਸਖਤ ਹੋ ਰਿਹਾ ਹੈ। ਸੋਮਵਾਰ ਨੂੰ ਕਈ ਨੇਤਾਵਾਂ ਦੇ ਪ੍ਰਚਾਰ ਤੇ ਬੈਨ ਲਗਾਉਣ ਤੋਂ ਬਾਅਦ ਕਮਿਸ਼ਨ ਦਾ ਅਸਰ ਵਿਖਾਈ ਦੇ ਰਿਹਾ ਹੈ। ਟ੍ਰੇਨ ਦੀਆਂ ਟਿਕਟਾਂ ਤੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਛਪਵਾਉਣ ਤੇ ਰੇਲਵੇ ਨੇ ਅਪਣੇ 4 ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਕਮਿਸ਼ਨਰ ਨੇ ਇਸ ਤਸਵੀਰ ਤੇ ਰੇਲਵੇ ਵਿਭਾਗ ਨੂੰ ਨੋਟਿਸ ਵੀ ਜਾਰੀ ਕੀਤਾ ਸੀ।
ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਸਖਤ ਕਾਰਵਾਈ ਨਾ ਕਰਨ ਤੇ ਝਿੜਕਿਆ ਗਿਆ। ਜਿਸ ਤੋਂ ਬਾਅਦ ਪਹਿਲਾਂ ਕਮਿਸ਼ਨ ਨੇ ਨੇਤਾਵਾਂ ਦੇ ਪ੍ਰਚਾਰ ਤੇ ਰੋਕ ਲਗਾਈ ਅਤੇ ਜਿਸ ਤੋਂ ਬਾਅਦ ਹੋਰਨਾਂ ਖੇਤਰਾਂ ਤੇ ਵੀ ਇਸ ਦਾ ਅਸਰ ਵਿਖਾਈ ਦੇ ਰਿਹਾ ਹੈ। ਰੇਲ ਮੰਤਰਾਲੇ ਦੇ ਸੂਤਰਾਂ ਅਨੁਸਾਰ ਗੰਗਾ ਸਤਲਜ ਐਕਸਪ੍ਰੈਸ ਦੇ ਤੀਜੀ ਏਸੀ ਵਿਚ ਟਿਕਟ ਤੇ ਮੋਦੀ ਦੀ ਤਸਵੀਰ ਲੱਗੀ ਹੋਈ ਸੀ। ਇਹ ਰੇਲਗੱਡੀ ਬਾਰਾਬੰਕੀ ਤੋਂ ਵਾਰਾਣਸੀ ਜਾ ਰਹੀ ਸੀ। ਇਸ ਤੋਂ ਬਾਅਦ ਸਾਰੀ ਗੱਲ ਸਾਹਮਣੇ ਆਈ ਸੀ ਅਤੇ ਚੋਣ ਕਮਿਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਗਈ।
ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਰੇਲਵੇ ਨੂੰ ਨੋਟਿਸ ਭੇਜਿਆ ਅਤੇ ਹੁਣ ਰੇਲਵੇ ਨੇ ਅਪਣੇ 4 ਕਰਮਚਾਰੀਆਂ ਤੇ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਹੈ। ਰੇਲਵੇ ਟਿਕਟ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਭ ਲਈ ਆਵਾਸ ਦਾ ਵਿਗਿਆਪਨ ਛਪਿਆ ਸੀ। ਟਿਕਟ ਦੇ ਪਿੱਛੇ ਪੀਐਮ ਨਰੇਂਦਰ ਮੋਦੀ ਦੀ ਫੋਟੋ ਵੀ ਛਾਪੀ ਹੋਈ ਸੀ। ਇਸ ਤੇ ਇੱਕ ਵਿਅਕਤੀ ਨੇ ਟਵੀਟ ਵੀ ਕੀਤਾ ਸੀ ਜਿਸ ਤੇ ਵਿਵਾਦ ਖੜ੍ਹਾ ਹੋ ਗਿਆ।
ਚੋਣ ਅਧਿਕਾਰੀ ਨੇ ਕੇਂਦਰੀ ਚੋਣ ਕਮਿਸ਼ਨਰ ਨੂੰ ਦੱਸਿਆ ਹੈ ਕਿ ਰੇਲਵੇ ਨੇ ਚਾਰਾਂ ਹੀ ਰੇਲ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰੇਲਵੇ ਬੋਰਡ ਨੇ ਪੁਰਾਣੀ ਟਿਕਟ ਰੋਲ ਦਾ ਇਸਤੇਮਾਲ ਕਰਨ ਤੇ ਵੀ ਰੋਕ ਲਗਾ ਦਿੱਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰੇਲਵੇ ਵਿਚ ਚੋਣ ਪ੍ਰਚਾਰ ਤੇ ਵਿਵਾਦ ਖੜ੍ਹਾ ਹੋ ਚੁੱਕਾ ਹੈ। ਰੇਲਵੇ ਟਿਕਟ ਤੇ ਪੀਐਮ ਮੋਦੀ ਦੀ ਤਸਵੀਰ ਤੋਂ ਇਲਾਵਾ ਕੱਪ ਤੇ ਮੈਂ ਵੀ ਚੌਕੀਦਾਰ ਨਲਿਖ ਕੇ ਚਾਹ ਵੰਡੀ ਜਾ ਰਹੀ ਸੀ।
ਜਿਸ ਦੀ ਸ਼ਿਕਾਇਤ ਚੋਣ ਕਮਿਸ਼ਨ ਵਿਚ ਕੀਤੀ ਗਈ ਸੀ ਅਤੇ ਬਾਅਦ ਵਿਚ ਅਜਿਹੇ ਕੱਪਾਂ ਤੇ ਰੋਕ ਲਗਾ ਦਿੱਤੀ ਗਈ। ਗਲਤ ਬਿਆਨਬਾਜ਼ੀ ਲਈ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਹੀ ਯੂਪੀ ਸੀਐਮ ਯੋਗੀ ਆਦਿਤਿਆਨਾਥ, ਬਸਪਾ ਮੁਖੀ ਮਾਇਆਵਤੀ, ਕੇਂਦਰੀ ਮੰਤਰੀ ਮੇਨਕਾ ਗਾਂਧੀ ਅਤੇ ਸਪਾ ਨੇਤਾ ਆਜਮ ਖਾਨ ਦੇ ਪ੍ਰਚਾਰ ਤੇ ਨਿਸ਼ਚਿਤ ਸਮੇਂ ਲਈ ਰੋਕ ਲਗਾਈ ਸੀ।