ਕਾਂਗਰਸੀ ਸ਼ਤਰੁਘਨ ਸਿਨ੍ਹਾ ਦੀ ਪਤਨੀ ਪੂਨਮ ਸਿਨ੍ਹਾ ਸਪਾ ‘ਚ ਹੋਈ ਸ਼ਾਮਿਲ
ਕਾਂਗਰਸ ਨੇਤਾ ਸ਼ਤਰੁਘਨ ਸਿਨ੍ਹਾ ਦੀ ਪਤਨੀ ਪੂਨਮ ਸਿਨ੍ਹਾ ਸਮਾਜਵਾਦੀ ਪਾਰਟੀ (ਸਪਾ) ਵਿਚ ਸ਼ਾਮਿਲ ਹੋ ਗਈ ਹੈ।
ਬਾਲੀਵੁੱਡ ਅਦਾਕਾਰ ਅਤੇ ਕਾਂਗਰਸ ਨੇਤਾ ਸ਼ਤਰੁਘਨ ਸਿਨ੍ਹਾ ਦੀ ਪਤਨੀ ਪੂਨਮ ਸਿਨ੍ਹਾ ਸਮਾਜਵਾਦੀ ਪਾਰਟੀ (ਸਪਾ) ਵਿਚ ਸ਼ਾਮਿਲ ਹੋ ਗਈ ਹੈ। ਉਹ ਐਸਪੀ ਨੇਤਾ ਡਿੰਪਲ ਯਾਦਵ ਦੀ ਮੌਜੂਦਗੀ ਵਿਚ ਪਾਰਟੀ ਦੇ ਮੈਂਬਰ ਬਣੇ। ਕਈ ਦਿਨ ਪਹਿਲਾਂ ਹੀ ਪੂਨਮ ਸਿਨ੍ਹਾ ਦੇ ਪਾਰਟੀ ਵਿਚ ਸ਼ਾਮਿਲ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ। ਇਸਦੇ ਨਾਲ ਹੀ ਪੂਨਮ ਸਿਨ੍ਹਾ ਨੂੰ ਲਖਨਊ ਸੀਟ ਤੋਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਖਿਲਾਫ ਚੋਣ ਵਿਚ ਖੜੇ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਐਸਪੀ ਦੇ ਸੀਨੀਅਰ ਆਗੂ ਰਵਿਦਾਸ ਮੇਹਰੋਤਰਾ ਨੇ ਕਾਂਗਰਸ ਨੂੰ ਅਪੀਲ ਕੀਤੀ ਹੈ ਕਿ ਉਹ ਲਖਨਊ ਤੋਂ ਆਪਣਾ ਉਮੀਦਵਾਰ ਨਾ ਖੜਾ ਕਰਨ ਤਾਂ ਜੋ ਬੀਜੇਪੀ ਨੂੰ ਹਰਾਇਆ ਜਾ ਸਕੇ। ਪੂਨਮ ਸਿਨਹਾ 18 ਅਪ੍ਰੈਲ ਨੂੰ ਲਖਨਊ ਸੀਟ ਤੋਂ ਆਪਣੀ ਨਾਮਜ਼ਦਗੀ ਦਾਖਲ ਕਰਨਗੇ। ਦੱਸ ਦਈਏ ਕਿ ਪੂਨਮ ਸਿਨ੍ਹਾ ਦੇ ਪਤੀ ਕਾਂਗਰਸ ਵੱਲੋਂ ਪਟਨਾ ਸਾਹਿਬ ਤੋਂ ਚੋਣ ਲੜ ਰਹੇ ਹਨ। ਉਹਨਾਂ ਨੇ ਹਾਲ ਹੀ ਵਿਚ ਕਾਂਗਰਸ ਨਾਲ ਹੱਥ ਮਿਲਾਇਆ ਹੈ। ਅਜਿਹੇ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪੂਨਮ ਸਿਨ੍ਹਾ ਨੂੰ ਸਮਰਥਨ ਦੇ ਸਕਦੀ ਹੈ।
ਦੱਸ ਦਈਏ ਕਿ ਲਖਨਊ ਦੀਆਂ ਛੇ ਸੀਟਾਂ ‘ਤੇ 6 ਮਈ ਨੂੰ ਵੋਟਿੰਗ ਹੋਵੇਗੀ। ਲਖਨਊ ਸੀਟ ‘ਤੇ ਕਰੀਬ ਦੋ ਦਹਾਕਿਆਂ ਤੋਂ ਭਾਜਪਾ ਦਾ ਕਬਜਾ ਹੈ। ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਲੋਕ ਸਭਾ ਸੀਟ ਸਭ ਤੋਂ ਵੱਕਾਰੀ ਸੀਟ ਮੰਨੀ ਜਾਂਦੀ ਹੈ। ਇੱਥੋਂ ਸਾਬਕਾ ਪੀਐਮ ਅਟੱਲ ਬਿਹਾਰੀ ਵਾਜਪੇਈ ਸਾਂਸਦ ਰਹਿ ਚੁੱਕੇ ਹਨ, ਜਦਕਿ ਰਾਜਨਾਥ ਸਿੰਘ 2014 ਵਿਚ ਇੱਥੋਂ ਹੀ ਚੋਣ ਜਿੱਤ ਕੇ ਸਾਂਸਦ ਬਣੇ ਸਨ।
2014 ਦੀਆਂ ਲੋਕ ਸਭਾ ਚੋਣਾਂ ਵਿਚ ਜਿੱਥੇ ਕਾਂਗਰਸ ਨੇ ਇਸ ਸੀਟ ਤੋਂ ਰੀਤਾ ਬਹੁਗੁਣਾ ਜੋਸ਼ੀ ਨੂੰ ਮੈਦਾਨ ਵਿਚ ਉਤਾਰਿਆ ਸੀ ਤਾਂ ਉੱਥੇ ਹੀ ਸਪਾ ਵੱਲੋਂ ਅਭਿਸ਼ੇਕ ਮਿਸ਼ਰਾ ਨੂੰ ਟਿਕਟ ਦਿੱਤੀ ਗਈ ਸੀ। ਇਸ ਵਾਰ ਕਾਂਗਰਸ ਵੱਲੋਂ ਜਿਤਿਨ ਪ੍ਰਸਾਦ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਚਰਚਾ ਹੈ।