ਸ਼ਤਰੁਘਨ ਸਿਨਹਾ ਨੇ ਭਾਜਪਾ ਨੂੰ ਛੱਡ ਕਾਂਗਰਸ ਨੂੰ ਹੀ ਕਿਉਂ ਚੁਣਿਆ? ਖੁਦ ਦੱਸਿਆ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫਿਲਮ ਅਭਿਨੇਤਾ ਅਤੇ ਐਨਡੀਏ ਸਰਕਾਰ ਵਿਚ ਮੰਤਰੀ ਰਹੇ ਸ਼ਤਰੁਘਨ ਸਿਨਹਾ ਨੇ ਭਾਜਪਾ ਨੂੰ ਛੱਡ ਕੇ ਕਾਂਗਰਸ ਵਿਚ ਜਾਣ ਦੀ ਵਜ੍ਹਾ ਦੱਸੀ ਹੈ।

Shatrughan Sinha

ਲੋਕ ਸਭਾ ਚੋਣਾਂ 2019: ਫਿਲਮ ਅਭਿਨੇਤਾ ਅਤੇ ਐਨਡੀਏ ਸਰਕਾਰ ਵਿਚ ਮੰਤਰੀ ਰਹੇ ਸ਼ਤਰੁਘਨ ਸਿਨਹਾ ਨੇ ਭਾਜਪਾ ਨੂੰ ਛੱਡ ਕੇ ਕਾਂਗਰਸ ਵਿਚ ਜਾਣ ਦੀ ਵਜ੍ਹਾ ਦੱਸੀ ਹੈ। ਸ਼ਤਰੁਘਨ ਸਿਨਹਾ ਨੇ ਕਿਹਾ ਕਿ ਉਹ ਪਾਰਟੀ ਵਿਚ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕਰ ਰਹੇ ਸਨ।

ਉਹਨਾਂ ਨੇ ਕਿਹਾ ਕਿ ਕਾਂਗਰਸ ਭਾਰਤ ਦੀ ਰਾਜਨੀਤੀ ਦਾ ਭਵਿੱਖ ਹੈ। ਕਾਂਗਰਸ ਵਿਚ ਸ਼ਾਮਿਲ ਹੋਣ ਦੇ ਸਵਾਲ ‘ਤੇ ਸ਼ਤਰੁਘਨ ਨੇ ਕਿਹਾ ਕਿ ਰਾਜ਼ ਦੀ ਗੱਲ ਤਾਂ ਸਾਰੇ ਜਾਣਦੇ ਸਨ। ਇਹ ਓਪਨ ਸੀਕ੍ਰੇਟ ਹੈ। ਉਹਨਾਂ ਕਿਹਾ, ‘ਹਾਂ ਮੈਂ ਸੋਨੀਆ ਜੀ, ਰਾਹੁਲ ਅਤੇ ਪ੍ਰਿਅੰਕਾ ਗਾਂਧੀ ਦੇ ਨਾਲ ਹੱਥ ਮਿਲਾ ਲਿਆ ਹੈ। ਮੈਂ ਹੁਣ ਕਾਂਗਰਸ ਦਾ ਹਿੱਸਾ ਹਾਂ’।

ਇਕ ਰਿਪੋਰਟ ਦੇ ਅਨੁਸਾਰ, ਕਾਂਗਰਸ ਹੀ ਕਿਉਂ? ਇਸ ਸਵਾਲ ਦੇ ਜਵਾਬ ਵਿਚ ਸਿਨਹਾ ਨੇ ਕਿਹਾ ਕਿ ਇਹ ਫੈਸਲਾ ਬਹੁਤ ਸੋਚ ਵਿਚਾਰ ਤੋਂ ਬਾਅਦ ਲਿਆ ਗਿਆ ਹੈ ਅਤੇ ਕਾਂਗਰਸ ਹੀ ਅਜਿਹੀ ਪਾਰਟੀ ਹੈ ਜਿਸ ਨੇ ਸਾਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਅਜ਼ਾਦੀ ਦਿਵਾਈ ਹੈ।

ਇਸ ਪਾਰਟੀ ਨੇ ਸਾਨੂੰ ਸਰਦਾਰ ਵੱਲਭਭਾਈ ਪਟੇਲ, ਪੰਡਿਤ ਜਵਾਹਰ ਲਾਲ ਨਹਿਰੂ ਵਰਗੇ ਰਾਸ਼ਟਰੀ ਪੱਧਰ ਦੇ ਦਿੱਗਜ਼ ਨੇਤਾ ਦਿੱਤੇ ਹਨ। ਕਾਂਗਰਸ ਦੀਆਂ ਇਨ੍ਹਾਂ ਗੱਲਾਂ ਨੂੰ ਸੁਨਿਹਰਾ ਅਤੀਤ ਕਹੇ ਜਾਣ ਅਤੇ ਕਾਂਗਰਸ ਦੀ ਮੌਜੂਦਾ ਸਥਿਤੀ ਦੇ ਸਵਾਲ ‘ਤੇ ਸ਼ਤਰੁਘਨ ਸਿਨਹਾ ਨੇ ਕਿਹਾ ਕਿ ਅਸੀਂ ਇਹ ਤਰਕ ਭਾਜਪਾ ਲਈ ਵੀ ਦੇ ਸਕਦੇ ਹਾਂ।

ਉਹਨਾਂ ਕਿਹਾ ਕਿ ਮੈਂ ਭਾਜਪਾ ਵਿਚ ਇਸ ਲਈ ਸ਼ਾਮਿਲ ਹੋਇਆ ਸੀ ਕਿਉਂਕਿ ਉਸ ਵਿਚ ਲਾਲ ਕ੍ਰਿਸ਼ਣ ਅਡਵਾਣੀ ਅਤੇ ਅਟੱਲ ਬਿਹਾਰੀ ਵਾਜਪੇਈ ਵਰਗੇ ਨੇਤਾ ਸਨ। ਅਗਵਾਈ ਵਿਚ ਬਦਲਾਅ ਆਉਂਦਾ ਹੈ, ਅੱਜ ਕਾਂਗਰਸ ਦੀ ਕਮਾਨ ਰਾਹੁਲ ਦੇ ਹੱਥ ਵਿਚ ਹੈ।

ਰਾਹੁਲ ਗਾਂਧੀ ਨੂੰ ਟ੍ਰੋਲ ਕੀਤੇ ਜਾਣ ਦੇ ਸਵਾਲ ‘ਤੇ ਉਹਨਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਰਾਹੁਲ ਵਿਚ ਕਾਫੀ ਬਦਲਾਅ ਹੋਇਆ ਹੈ। ਇਸਤੋਂ ਇਲਾਵਾ ਉਹਨਾਂ ਦੀ ਭੈਣ ਪ੍ਰਿਅੰਕਾ ਗਾਂਧੀ ਵੀ ਉਹਨਾਂ ਦੇ ਨਾਲ ਆਈ ਹੈ, ਸਾਨੂੰ ਉਹਨਾਂ ਨੂੰ ਇਕ ਮੌਕਾ ਦੇਣਾ ਚਾਹੀਦਾ ਹੈ।