ਨਾਥੂਰਾਮ ਗੌਡਸੇ ਦੇਸ਼ਭਗਤ ਸਨ, ਹਨ ਅਤੇ ਰਹਿਣਗੇ : ਸਾਧਵੀ ਪ੍ਰਗਿਆ
ਕਾਂਗਰਸ ਨੇ ਕਿਹਾ-ਸਾਰੇ ਦੇਸ਼ ਦਾ ਅਪਮਾਨ, ਮਾਫ਼ੀ ਮੰਗੇ ਮੋਦੀ
ਆਗਰ ਮਾਲਵਾ (ਮੱਧ ਪ੍ਰਦੇਸ਼) : ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਅਤੇ ਮਾਲੇਗਾਉਂ ਧਮਾਕਿਆਂ ਦੀ ਮੁਲਜ਼ਮ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਕਿਹਾ ਕਿ ਨਾਥੂਰਾਮ ਗੌਡਸੇ ਦੇਸ਼ਭਗਤ ਸਨ, ਹਨ ਅਤੇ ਰਹਿਣਗੇ ਹਾਲਾਂਕਿ ਤਿੱਖੀ ਆਲੋਚਨਾ ਹੋਣ ਮਗਰੋਂ ਪ੍ਰਗਿਆ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਮਾਫ਼ੀ ਮੰਗ ਲਈ ਹੈ। ਦੇਵਾਸ ਲੋਕ ਸਭਾ ਸੀਟ 'ਤੇ 19 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਪਾਰਟੀ ਉਮੀਦਵਾਰ ਮਹਿੰਦਰ ਸੋਲੰਕੀ ਦੇ ਸਮਰਥਨ ਵਿਚ ਰੋਡ ਸ਼ੋਅ ਕਰ ਰਹੀ ਪ੍ਰਗਿਆ ਨੇ ਸਵਾਲ ਦੇ ਜਵਾਬ ਵਿਚ ਕਿਹਾ, 'ਨਾਥੂਰਾਮ ਗੌਡਸੇ ਦੇਸ਼ਭਗਤ ਸਨ, ਹਨ ਅਤੇ ਰਹਿਣਗੇ। ਗੌਡਸੇ ਨੂੰ ਅਤਿਵਾਦੀ ਕਹਿਣ ਵਾਲੇ ਅਪਣੇ ਅੰਦਰ ਝਾਤੀ ਮਾਰ ਲੈਣ।'
ਪ੍ਰਗਿਆ ਨੇ ਕਿਹਾ, 'ਇਸ ਵਾਰ ਚੋਣਾਂ ਵਿਚ ਅਜਿਹਾ ਬੋਲਣ ਵਾਲਿਆਂ ਨੂੰ ਜਵਾਬ ਦੇ ਦਿਤਾ ਜਾਵੇਗਾ।' ਉਸ ਨੂੰ ਸਵਾਲ ਕੀਤਾ ਗਿਆ ਸੀ ਕਿ ਕੁੱਝ ਦਿਨ ਪਹਿਲਾਂ ਕਮਲ ਹਸਨ ਨੇ ਗੌਡਸੇ ਨੂੰ ਦੇਸ਼ ਦਾ ਪਹਿਲਾ ਹਿੰਦੂ ਅਤਿਵਾਦੀ ਕਿਹਾ ਸੀ, ਇਸ ਬਾਰੇ ਉਹ ਕੀ ਕਹਿਣਗੇ? ਉਧਰ, ਮੱਧ ਪ੍ਰਦੇਸ਼ ਭਾਜਪਾ ਮੁਖੀ ਲੋਕੇਂਦਰ ਪਰਾਸ਼ਰ ਨੇ ਕਿਹਾ, 'ਪ੍ਰਗਿਆ ਦੇ ਬਿਆਨ ਨਾਲ ਉਹ ਸਹਿਮਤ ਨਹੀਂ ਹਨ। ਪਾਰਟੀ ਉਸ ਨੂੰ ਪੁੱਛੇਗੀ ਕਿ ਅਜਿਹਾ ਬਿਆਨ ਕਿਸ ਸੰਦਰਭ ਵਿਚ ਦਿਤਾ ਗਿਆ ਹੈ। ਜਿਸ ਨੇ ਮਹਾਤਮਾ ਗਾਂਧੀ ਦੀ ਹਤਿਆ ਕੀਤੀ ਹੋਵੇ, ਉਹ ਦੇਸ਼ਭਗਤ ਹੋ ਹੀ ਨਹੀਂ ਸਕਦਾ।' ਕਾਂਗਰਸ ਨੇ ਕਿਹਾ ਕਿ ਗੌਡਸੇ ਨੂੰ ਦੇਸ਼ਭਗਤ ਦਸਣਾ ਪੂਰੇ ਦੇਸ਼ ਦਾ ਅਪਮਾਨ ਹੈ।
ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪ੍ਰਗਿਆ ਦਾ ਬਿਆਨ ਪੂਰੇ ਦੇਸ਼ ਦਾ ਅਪਮਾ ਹੈ, ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।' ਉਨ੍ਹਾਂ ਕਿਹਾ ਕਿ ਅੱਜ ਇਹ ਗੱਲ ਸਾਫ਼ ਹੋ ਗਈ ਕਿ ਭਾਜਪਾਈ ਗੌਡਸੇ ਦੇ ਸੱਚੇ ਵਾਰਸ ਹਨ। ਹਿੰਸਾ ਦਾ ਸਭਿਆਚਾਰ ਅਤੇ ਸ਼ਹੀਦਾਂ ਦਾ ਅਪਮਾਨ, ਇਹ ਹੈ ਭਾਜਪਾਈ ਡੀਐਨਏ। ਉਨ੍ਹਾਂ ਕਿਹਾ ਕਿ ਭਾਜਪਾ ਦਾ ਹਿੰਸਕ ਚਿਹਰਾ ਬੇਨਕਾਬ ਹੋ ਗਿਆ ਹੈ। ਭਾਜਪਾ ਬੁਲਾਰੇ ਜੀ ਵੀ ਐਲ ਨਰਸਿਮ੍ਹਾ ਨੇ ਕਿਹਾ ਕਿ ਭਾਜਪਾ ਪ੍ਰਗਿਆ ਦੇ ਬਿਆਨ ਨਾਲ ਸਹਿਮਤ ਨਹੀਂ ਅਤੇ ਇਸ ਦੀ ਨਿੰਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਉਸ ਕੋਲੋਂ ਸਪੱਸ਼ਟੀਕਰਨ ਮੰਗੇਗੀ।
ਕੁੱਝ ਘੰਟਿਆਂ ਮਗਰੋਂ ਮੰਗੀ ਮਾਫ਼ੀ : ਕੁੱਝ ਘੰਟਿਆਂ ਮਗਰੋਂ ਹੀ ਸਾਧਵੀ ਨੇ ਅਪਣਾ ਬਿਆਨ ਵਾਪਸ ਲੈਂਦਿਆਂ ਦੇਸ਼ ਦੇ ਲੋਕਾਂ ਕੋਲੋਂ ਮਾਫ਼ੀ ਮੰਗ ਲਈ। ਪ੍ਰਗਿਆ ਦੇ ਬੁਲਾਰੇ ਹਿਤੇਸ਼ ਵਾਜਪਾਈ ਨੇ ਕਿਹਾ, 'ਪ੍ਰਗਿਆ ਨੇ ਅਪਣੇ ਬਿਆਨ ਲਈ ਮਾਫ਼ੀ ਮੰਗ ਲਈ ਹੈ।' ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਕੀ ਪ੍ਰਗਿਆ ਨੇ ਮੱਧ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਰਾਕੇਸ਼ ਸਿੰਘ ਕੋਲੋਂ ਮਾਫ਼ੀ ਮੰਗੀ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਮੁੱਦਾ ਨਹੀਂ ਹੈ। ਉਨ੍ਹਾਂ ਮਾਫ਼ੀ ਮੰਗ ਲਈ ਹੈ ਅਤੇ ਅਪਣਾ ਬਿਆਨ ਵਾਪਸ ਲੈ ਲਿਆ ਹੈ।
ਮਾਫ਼ੀ ਮੰਗਣ ਮੋਦੀ ਤੇ ਸ਼ਾਹ : ਭੋਪਾਲ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਦਿਗਵਿਜੇ ਸਿੰਘ ਨੇ ਕਿਹਾ ਕਿ ਗਾਂਧੀ ਦੇ ਹਤਿਆਰੇ ਗੌਡਸੇ ਨੂੰ ਵਡਿਆਉਣਾ ਦੇਸ਼ਧ੍ਰੋਹ ਹੈ, ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਮਾਫ਼ੀ ਮੰਗਣ। ਉਨ੍ਹਾਂ ਕਿਹਾ ਕਿ ਪ੍ਰਗਿਆ ਦੇ ਬਿਆਨ ਬਾਰੇ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਭਾਜਪਾ ਆਗੂਆਂ ਨੂੰ ਬਿਆਨ ਦੇਣਾ ਚਾਹੀਦਾ ਹੈ ਅਤੇ ਦੇਸ਼ ਦੇ ਲੋਕਾਂ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਹੈ। ਨੈਸ਼ਨਲ ਕਾਨਫ਼ਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਕਿਹਾ ਕਿ ਜੇ ਗੌਡਸੇ ਦੇਸ਼ਭਗਤ ਹਨ ਤਾਂ ਕੀ ਮਹਾਤਮਾ ਗਾਂਧੀ ਦੇਸ਼ਧ੍ਰੋਹੀ ਹਨ?