UP ਤੋਂ ਬਾਅਦ ਹੁਣ MP ਵਿਚ ਸੜਕ ਹਾਦਸਾ, ਟਰੱਕ ਪਲਟਣ ਨਾਲ 5 ਮਜ਼ਦੂਰਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਵਿਚ ਸ਼ਨੀਵਾਰ ਸਵੇਰੇ ਹੋਏ ਸੜਕ ਹਾਦਸੇ ਵਿਚ 24 ਮਜ਼ਦੂਰਾਂ ਦੇ ਜਾਨ ਗਵਾਉਣ ਤੋਂ ਬਾਅਦ ਮੱਧ ਪ੍ਰਦੇਸ਼ ਵਿਚ ਹੀ ਇਕ ਸੜਕ ਹਾਦਸਾ ਹੋਇਆ।

Photo

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਵਿਚ ਸ਼ਨੀਵਾਰ ਸਵੇਰੇ ਹੋਏ ਸੜਕ ਹਾਦਸੇ ਵਿਚ 24 ਮਜ਼ਦੂਰਾਂ ਦੇ ਜਾਨ ਗਵਾਉਣ ਤੋਂ ਬਾਅਦ ਮੱਧ ਪ੍ਰਦੇਸ਼ ਵਿਚ ਹੀ ਇਕ ਸੜਕ ਹਾਦਸਾ ਹੋਇਆ। ਇਸ ਹਾਦਸੇ ਵਿਚ ਪੰਜ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿਚ ਇਕ ਟਰੱਕ ਪਲਟ ਗਿਆ।

ਇਸ ਟਰੱਕ ਵਿਚ ਕਈ ਪ੍ਰਵਾਸੀ ਮਜ਼ਦੂਰ ਸਵਾਰ ਸਨ, ਜਿਨ੍ਹਾਂ ਵਿਚੋਂ ਪੰਜ ਦੀ ਮੌਤ ਹੋ ਗਈ। ਏਐਸਪੀ ਪ੍ਰਵੀਨ ਭੂਰੀਆ ਨੇ ਦੱਸਿਆ ਕਿ ਇਹ ਸਾਰੇ ਮਜ਼ਦੂਰ ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਜਾ ਰਹੇ ਸੀ।

ਦੱਸ ਦਈਏ  ਕਿ ਸ਼ਨੀਵਾਰ ਸਵੇਰੇ ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ 'ਚ ਇਕ ਭਿਆਨਕ ਸੜਕ ਹਾਦਸਾ ਸਾਹਮਣੇ ਆਇਆ। ਇਸ ਹਾਦਸੇ ਵਿਚ 24 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 35 ਲੋਕ ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਮਜ਼ਦੂਰ ਫਰੀਦਾਬਾਦ ਤੋਂ ਗੋਰਖਪੁਰ ਜਾ ਰਹੇ ਸਨ।

ਇਸ ਹਾਦਸੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟਾਇਆ ਹੈ। 24 ਮਜ਼ਦੂਰਾਂ ਦੀ ਮੌਤ 'ਤੇ ਟਵੀਟ ਕਰ ਕੇ ਪੀਐਮ ਮੋਦੀ ਨੇ ਲਿਖਿਆ ਕਿ ਉੱਤਰ ਪ੍ਰਦੇਸ਼ ਦੇ ਔਰਈਆ ਵਿਚ ਸੜਕ ਹਾਦਸੇ ਦੀ ਘਟਨਾ ਬੇਹੱਦ ਦੁਖਦਾਈ ਹੈ। ਉਹਨਾਂ ਨੇ ਟਵੀਟ ਕੀਤਾ, 'ਸਰਕਾਰ ਰਾਹਤ ਕਾਰਜਾਂ ਵਿਚ ਜੁਟੀ ਹੋਈ ਹੈ। ਮੈਂ ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਨਾਲ ਹੀ ਜ਼ਖਮੀਆਂ ਦੇ ਜਲਦ ਤੋਂ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ'।

ਇਹ ਹਾਦਸਾ ਸ਼ਹਿਰ ਦੇ ਕੋਤਵਾਲੀ ਖੇਤਰ ਦੇ ਮਿਹੌਲੀ ਨੈਸ਼ਨਲ ਹਾਈਵੇ ਵਿਖੇ ਵਾਪਰਿਆ। ਘਟਨਾ ਦੀ ਖ਼ਬਰ ਮਿਲਦਿਆਂ ਦੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਯਾਨਾਥ ਨੇ ਨੋਟਿਸ ਲੈਂਦਿਆਂ, ਜਾਨ ਗਵਾਉਣ ਵਾਲੇ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।