ਟ੍ਰੈਫਿਕ ਪੁਲਿਸ ਕਰਮਚਾਰੀ ਨੇ ਮਹਿਲਾ ਪੁਲਿਸ ਕਰਮਚਾਰੀ ਨੂੰ ਜ਼ਿੰਦਾ ਸਾੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਦੇ ਮਾਵੇਲਿਕਾਰਾ ਵਿਚ ਸ਼ਨੀਵਾਰ ਨੂੰ ਇਕ ਟ੍ਰੈਫਿਕ ਪੁਲਿਸ ਕਰਮਚਾਰੀ ਨੇ ਦਿਨ ਦਿਹਾੜੇ ਕਥਿਤ ਤੌਰ ‘ਤੇ 34 ਸਾਲਾ ਮਹਿਲਾ ਪੁਲਿਸ ਕਾਂਸਟੇਬਲ ਨੂੰ ਜ਼ਿੰਦਾ ਸਾੜ ਦਿੱਤਾ ਹੈ

Woman civil police officer burnt alive

ਮਾਵੇਲਿਕਾਰਾ: ਕੇਰਲ ਦੇ ਮਾਵੇਲਿਕਾਰਾ ਵਿਚ ਸ਼ਨੀਵਾਰ ਨੂੰ ਇਕ ਟ੍ਰੈਫਿਕ ਪੁਲਿਸ ਕਰਮਚਾਰੀ ਨੇ ਦਿਨ ਦਿਹਾੜੇ ਕਥਿਤ ਤੌਰ ‘ਤੇ 34 ਸਾਲਾ ਮਹਿਲਾ ਪੁਲਿਸ ਕਾਂਸਟੇਬਲ ਨੂੰ ਜ਼ਿੰਦਾ ਸਾੜ ਦਿੱਤਾ ਹੈ, ਜਿਸ ਤੋਂ ਬਾਅਦ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਪੀੜਤ ਕਰਮਚਾਰੀ ਸੋਮਿਆ ਪੁਸ਼ਪਕਰਣ ਮਾਵੇਲਿਕਾਰਾ ਦੇ ਵੱਲੀਕੁਨੰਮ ਪੁਲਿਸ ਥਾਣੇ ਵਿਚ ਨਾਗਰਿਕ ਪੁਲਿਸ ਅਧਿਕਾਰੀ (CPO) ਦੇ ਰੂਪ ਵਿਚ ਤੈਨਾਤ ਸੀ।

ਇਕ ਖ਼ਬਰ ਮੁਤਾਬਿਕ ਕੇਰਲ ਵਿਚ ਪਿਛਲੇ ਚਾਰ ਮਹੀਨਿਆਂ ਵਿਚ ਇਹ ਤੀਜਾ ਅਜਿਹਾ ਮਾਮਲਾ ਹੈ, ਜਦੋਂ ਕਿਸੇ ਜਨਤਕ ਸਥਾਨ ‘ਤੇ ਔਰਤ ਨੂੰ ਸਾੜਿਆ ਗਿਆ ਹੋਵੇ। ਇਸ ਘਟਨਾ ਦੇ ਕਾਰਨਾਂ ਬਾਰੇ ਹਾਲੇ ਤੱਕ ਕੁਝ ਵੀ  ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਮੁਤਾਬਿਕ ਮੁਲਜ਼ਿਮ ਦੀ ਪਹਿਚਾਣ ਅਲੁਵਾ ਟ੍ਰੈਫਿਕ ਪੁਲਿਸ ਸਟੇਸ਼ਨ ਨਾਲ ਜੁੜੇ ਪੁਲਿਸ ਕਰਮਚਾਰੀ ਅਜਸ ਦੇ ਰੂਪ ਵਿਚ ਹੋਈ ਹੈ, ਜਿਸ ਨੇ ਸ਼ਾਮ ਦੇ ਸਮੇਂ ਡਿਊਟੀ ਤੋਂ ਬਾਅਦ ਘਰ ਵਾਪਿਸ ਆ ਰਹੀ ਮਹਿਲਾ ਪੁਲਿਸ ਕਰਮਚਾਰੀ ਦਾ ਕਾਰ ਵਿਚ ਪਿੱਛਾ ਕੀਤਾ।

ਪੁਲਿਸ ਨੇ ਇਕ ਚਸ਼ਮਦੀਦ ਦੇ ਹਵਾਲੇ ਤੋਂ ਕਿਹਾ ਕਿ ਟ੍ਰੈਫਿਕ ਪੁਲਿਸ ਕਰਮਚਾਰੀ ਨੇ ਕਥਿਤ ਰੂਪ ‘ਚ ਸੋਮਿਆ ਦੇ ਦੁਪਹਿਆ ਵਾਹਨ ਨੂੰ ਟੱਕਰ ਮਾਰੀ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਸੋਮਿਆ ਨੇ ਇਕ ਘਰ ਵਿਚ ਵੜਨ ਦੀ ਕੋਸ਼ਿਸ਼ ਕੀਤੀ ਤਾਂ ਅਜਸ ਨੇ ਉਸ ‘ਤੇ ਪੈਟਰੌਲ ਪਾ ਕੇ ਅੱਗ ਲਗਾ ਦਿੱਤੀ।