ਦਿੱਲੀ ਦੇ ਸਿਹਤ ਮੰਤਰੀ ਹਸਪਤਾਲ ਵਿਚ ਭਰਤੀ, ਬੁਖ਼ਾਰ ਦੇ ਨਾਲ ਸਾਹ ਲੈਣ ਵਿਚ ਆ ਰਹੀ ਮੁਸ਼ਕਿਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀ ਸਿਹਤ ਵਿਗੜ ਗਈ ਹੈ। ਉਹਨਾਂ ਨੂੰ ਤੇਜ਼ ਬੁਖ਼ਾਰ ਹੈ ਅਤੇ ਸਾਹ ਲੈਣ ਵਿਚ ਵੀ ਮੁਸ਼ਕਿਲ ਆ ਰਹੀ ਹੈ।

Satyendar Jain

ਨਵੀਂ ਦਿੱਲੀ: ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀ ਸਿਹਤ ਵਿਗੜ ਗਈ ਹੈ। ਉਹਨਾਂ ਨੂੰ ਤੇਜ਼ ਬੁਖ਼ਾਰ ਹੈ ਅਤੇ ਸਾਹ ਲੈਣ ਵਿਚ ਵੀ ਮੁਸ਼ਕਿਲ ਆ ਰਹੀ ਹੈ। ਇਸ ਤੋਂ ਬਾਅਦ ਉਹਨਾਂ ਨੂੰ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਅਪਣੇ ਟਵਿਟਰ ਅਕਾਊਂਟ ਦੇ ਜ਼ਰੀਏ ਦਿੱਤੀ ਹੈ।

ਸਤਿੰਦਰ ਜੈਨ ਦਾ ਕੋਰੋਨਾ ਟੈਸਟ ਕੀਤਾ ਗਿਆ ਹੈ ਅਤੇ ਹੁਣ ਉਹਨਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਸਤਿੰਦਰ ਜੈਨ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਸੀਐਮ ਅਰਵਿੰਦ ਕੇਜਰੀਵਾਲ ਦਾ ਬਿਆਨ ਵੀ ਸਾਹਮਣੇ ਆਇਆ ਹੈ। ਕੇਜਰੀਵਾਲ ਨੇ ਕਿਹਾ, 'ਆਪਣੀ ਸਿਹਤ ਦਾ ਖਿਆਲ ਕੀਤੇ ਬਿਨਾਂ ਤੁਸੀਂ 24 ਘੰਟੇ ਲੋਕਾਂ ਦੀ ਸੇਵਾ ਕਰਦੇ ਰਹੇ। ਆਪਣਾ ਧਿਆਨ ਰੱਖੋ ਅਤੇ ਜਲਦੀ ਠੀਕ ਹੋ ਜਾਓ’।

ਇਸ ਤੋਂ ਬਾਅਦ ਆਪ ਆਗੂ ਸੰਜੇ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਈਸ਼ਵਰ ਕੋਲ ਪ੍ਰਾਰਥਨਾ ਹੈ ਕਿ ਭਾਈ ਸਤਿੰਦਰ ਜੈਨ ਨੂੰ ਜਲਦੀ ਠੀਕ ਕਰਨ। ਦੱਸ ਦਈਏ ਕਿ ਸਤਿੰਦਰ ਜੈਨ ਐਤਵਾਰ ਨੂੰ ਅਮਿਤ ਸ਼ਾਹ ਦੀ ਬੈਠਕ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗੱਡੀ ਵਿਚ ਬੈਠ ਕੇ ਆਏ ਸੀ ਅਤੇ ਉਹਨਾਂ ਨੇ ਮੀਟਿੰਗ ਵਿਚ ਸ਼ਮੂਲੀਅਤ ਵੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਚਲਦਿਆਂ ਆਏ ਦਿਨ ਭਾਰੀ ਗਿਣਤੀ ਵਿਚ ਲੋਕ ਕੋਰੋਨਾ ਦੀ ਚਪੇਟ ਵਿਚ ਆ ਰਹੇ ਹਨ। ਬੀਤੇ ਦਿਨ ਭਾਰਤ ਵਿਚ ਲਗਾਤਾਰ ਤੀਜੇ ਦਿਨ ਕੋਰੋਨਾ ਵਾਇਰਸ ਲਾਗ ਦੇ 11000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਸੋਮਵਾਰ ਨੂੰ ਲਾਗ ਦੇ ਮਾਮਲੇ ਵੱਧ ਕੇ 3,32,424 ਹੋ ਗਏ।

ਕੋਰੋਨਾ ਨਾਲ 325 ਹੋਰ ਲੋਕਾਂ ਦੀ ਮੌਤ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 9520 'ਤੇ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਹਾਲੇ 1,53,106 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਅਤੇ 169,797 ਲੋਕ ਲਾਗ ਮੁਕਤ ਹੋ ਚੁਕੇ ਹਨ ਅਤੇ ਇਕ ਮਰੀਜ਼ ਵਿਦੇਸ਼ ਚਲਾ ਗਿਆ ਹੈ।