ਪੰਜਾਬ ਕਾਂਗਰਸ ਕਿਸਾਨੀ ਮੁੱਦਿਆਂ 'ਤੇ ਮੋਦੀ ਸਰਕਾਰ ਵਿਰੁਧ ਜਨ ਅੰਦੋਲਨ ਛੇੜੇਗੀ: ਸੁਨੀਲ ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਰਟੀ ਸੰਗਠਨ ਦਾ ਵਿਸਥਾਰ 20 ਤੋਂ ਬਾਅਦ

Sunil Jakhar

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਮੋਦੀ ਸਰਕਾਰ ਵਲੋਂ ਪਿਛਲੇ ਦਿਨੀਂ ਖੇਤੀ ਨਾਲ ਜੁੜੇ ਮਾਮਲਿਆਂ ਬਾਰੇ ਪਾਸ ਕੀਤੇ ਆਰਡੀਨੈਂਸ ਵਿਰੁਧ ਜਨ ਅੰਦੋਲਨ ਲਾਮਬੰਦ ਕਰਨ ਦੀ ਤਿਆਰੀ ਕਰ ਲਈ ਹੈ। ਇਸ ਅੰਦੋਲਨ ਦੌਰਾਨ ਕੇਂਦਰੀ ਮੰਤਰੀ ਨਿਤੀਨ ਗਡਕਰੀ ਵਲੋਂ ਸਮਰਥਨ ਮੁੱਲ ਨੂੰ ਲੈ ਕੇ ਪੇਸ਼ ਕੀਤੇ ਵਿਚਾਰਾਂ ਤੋਂ ਲੋਕਾਂ ਨੂੰ ਜਾਣੂੰ ਕਰਵਾ ਕੇ ਉਨ੍ਹਾਂ ਨੂੰ ਮੋਦੀ ਸਰਕਾਰ ਦੀਆਂ ਕਿਸਾਨ  ਵਿਰੋਧੀ ਨੀਤੀਆਂ ਬਾਰੇ ਚੇਤੰਨ ਕੀਤਾ ਜਾਵੇਗਾ।

ਅੱਜ ਇਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਸਿਆ ਕਿ ਜਨ ਅੰਦੋਲਨ ਦੀ ਰਣਨੀਤੀ ਬਣਾਉਣ ਲਈ ਪਾਰਟੀ ਵਿਧਾਇਕਾਂ ਦੀ 16 ਜੂਨ ਨੂੰ ਚੰਡੀਗੜ੍ਹ ਵਿਚ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿਚ ਪਹਿਲੇ ਪੜਾਅ ਵਿਚ 15 ਅਜਿਹੇ ਵਿਧਾਇਕ ਸੱਦੇ ਗਏ ਹਨ ਜੋ ਕਿਸਾਨੀ ਮੁੱਦਿਆਂ ਨਾਲ ਨੇੜਿਉਂ ਜੁੜੇ ਰਹੇ ਹਨ। ਇਸ ਤੋਂ ਬਾਅਦ ਵੱਖ-ਵੱਖ ਗਰੁਪਾਂ ਵਿਚ ਬਾਕੀ ਵਿਧਾਇਕਾਂ ਨੂੰ ਵੀ ਵਿਚਾਰ ਵਟਾਂਦਰੇ ਵਿਚ ਸ਼ਾਮਲ ਕੀਤਾ ਜਾਵੇਗਾ।

ਇਸ ਜਨ ਅੰਦੋਲਨ ਵਿਚ ਪੰਜਾਬ ਯੂਥ ਕਾਂਗਰਸ ਦਾ ਵੀ ਵਿਸ਼ੇਸ਼ ਯੋਗਦਾਨ ਰਹੇਗਾ ਅਤੇ ਅੱਜ ਪ੍ਰਦੇਸ਼ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੀ ਜਾਖੜ ਨਾਲ ਮੌਜੂਦ ਸਨ। ਇਸ ਤੋਂ ਪਹਿਲਾਂ ਜਾਖੜ ਵਲੋਂ ਅੱਜ ਪੰਜਾਬ ਦੇ ਰਾਜਪਾਲ ਰਾਹੀਂ ਕੇਂਦਰੀ ਦੀ ਮੋਦੀ ਸਰਕਾਰ ਨੂੰ ਇਕ ਮੰਗ ਪੱਤਰ ਭੇਜਦਿਆਂ ਜਨ ਅੰਦੋਲਨ ਤੋਂ ਪਹਿਲਾਂ ਚੇਤਾਵਨੀ ਵੀ ਦਿਤੀ ਗਈ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਫ਼ੈਸਲੇ ਕਾਂਗਰਸ ਕਿਸੇ ਵੀ ਹਾਲਤ ਵਿਚ ਲਾਗੂ ਨਹੀਂ ਹੋਣ ਦੇਵੇਗੀ। ਉਨ੍ਹਾਂ ਭਾਜਪਾ ਦੀ ਸਹਿਯੋਗੀ ਪਾਰਟੀ ਬਾਦਲ ਦਲ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਾਦਲਾਂ ਨੂੰ ਸਿਰਫ਼ ਹਰਸਿਮਰਤ ਦੀ ਕੁਰਸੀ ਦੀ ਚਿੰਤਾ ਹੈ ਤੇ ਪੰਜਾਬ ਦੇ ਮਸਲਿਆਂ ਤੇ ਫੈਡਰਲ ਢਾਂਚੇ ਨਾਲ ਜੁੜੀਆਂ ਮੰਗਾਂ ਨੂੰ ਉਨ੍ਹਾਂ ਨੇ ਪੂਰੀ ਤਰ੍ਹਾਂ ਸਿਆਸੀ ਸੌੜੇ ਹਿਤਾਂ ਲਈ ਛੱਡ ਦਿਤਾ ਹੈ।

ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਸਮਰਥਨ ਮੁੱਲ ਦੇ ਮੁੱਦੇ 'ਤੇ ਉਸ ਸਮੇਂ ਖ਼ਾਨਾਪੂਰਤੀ ਲਈ ਬਿਆਨ ਦੇਣਾ ਪਿਆ ਜਦੋਂ ਪਹਿਲਾਂ ਬਿਆਨ ਪਾਰਟੀ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦਾਗ ਦਿਤਾ ਸੀ। ਜਾਖੜ ਨੇ ਇਕ ਸਵਾਲ ਦੇ ਜਵਾਬ ਵਿਚ ਦਸਿਆ ਕਿ ਪਾਰਟੀ ਸੰਗਠਨ ਦਾ ਵਿਸਥਾਰ 19-20 ਜੂਨ ਤੋਂ ਬਾਅਦ ਕੀਤਾ ਜਾਵੇਗਾ।

19 ਨੂੰ ਪਾਰਟੀ ਦੀ ਸੂਬਾ ਇੰਚਾਰਜ ਆਸ਼ਾ ਕੁਮਾਰੀ ਚੰਡੀਗੜ੍ਹ ਪਹੁੰਚਣਗੇ ਤੇ ਮੁੱਖ ਮੰਤਰੀ ਨਾਲ ਬੈਠਕ ਤੋਂ ਬਾਅਦ ਪਾਰਟੀ ਸੰਗਠਨ ਬਾਰੇ ਫ਼ੈਸਲਾ ਕਰ ਕੇ ਛੇਤੀ ਐਲਾਨ ਕਰ ਦਿਤਾ ਜਾਵੇਗਾ। ਉਨ੍ਹਾਂ ਮੰਤਰੀ ਮੰਡਲ ਫੇਰ ਬਦਲ ਦੀਆਂ ਅਟਕਲਾਂ ਬਾਰੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਤੇ ਇਹ ਮੁੱਖ ਮੰਤਰੀ ਦੇ ਅਧਿਕਾਰ ਦਾ ਮਾਮਲਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।