Myths and Facts: ਅਗਨੀਪਥ ਸਕੀਮ ਸਬੰਧੀ ਚੁੱਕੇ ਜਾ ਰਹੇ ਸਵਾਲਾਂ ’ਤੇ ਸਰਕਾਰ ਨੇ ਤੱਥਾਂ ਜ਼ਰੀਏ ਸਪੱਸ਼ਟ ਕੀਤੀ ਸਥਿਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਵਿਰੋਧ ਦੇ ਵਿਚਕਾਰ ਸਰਕਾਰੀ ਸੂਤਰਾਂ ਨੇ ਅਗਨੀਪਥ ਯੋਜਨਾ ਨੂੰ ਲੈ ਕੇ ਅਸਲ ਸਥਿਤੀ ਨੂੰ ਸਪੱਸ਼ਟ ਕੀਤਾ ਹੈ।

Myths and Facts on Agnipath Scheme



ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਹਥਿਆਰਬੰਦ ਬਲਾਂ ਲਈ ਸ਼ੁਰੂ ਕੀਤੀ ਗਈ 'ਅਗਨੀਪਥ' ਯੋਜਨਾ ਨੂੰ ਲੈ ਕੇ ਦੇਸ਼ ਦੇ ਕੁਝ ਹਿੱਸਿਆਂ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। 'ਅਗਨੀਪਥ' ਸਕੀਮ ਤਹਿਤ ਭਾਰਤੀ ਨੌਜਵਾਨਾਂ ਨੂੰ 'ਅਗਨੀਵੀਰ' ਵਜੋਂ ਹਥਿਆਰਬੰਦ ਬਲਾਂ ਵਿਚ ਸੇਵਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ। ਇਹ ਯੋਜਨਾ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਅਤੇ ਸਾਡੇ ਨੌਜਵਾਨਾਂ ਨੂੰ ਫੌਜੀ ਸੇਵਾ ਦਾ ਮੌਕਾ ਦੇਣ ਲਈ ਲਿਆਂਦੀ ਗਈ ਹੈ।

ਬਿਹਾਰ ਦੇ ਕਈ ਜ਼ਿਲ੍ਹਿਆਂ ਵਿਚ ਅਗਨੀਪੱਥ ਯੋਜਨਾ ਖ਼ਿਲਾਫ਼ ਪ੍ਰਦਰਸ਼ਨ ਕੀਤੇ ਗਏ। ਨੌਜਵਾਨਾਂ ਨੇ ਸਰਕਾਰ 'ਤੇ ਉਹਨਾਂ ਨੂੰ ਮੂਰਖ ਬਣਾਉਣ ਦਾ ਇਲਜ਼ਾਮ ਲਗਾਇਆ ਹੈ। ਉਹਨਾਂ ਕਈ ਥਾਵਾਂ ’ਤੇ ਰੇਲ ਗੱਡੀ ਨੂੰ ਰੋਕਿਆ ਅਤੇ ਕਈ ਥਾਵਾਂ ’ਤੇ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਵਿਰੋਧ ਦੇ ਵਿਚਕਾਰ ਸਰਕਾਰੀ ਸੂਤਰਾਂ ਨੇ ਅਗਨੀਪਥ ਯੋਜਨਾ ਨੂੰ ਲੈ ਕੇ ਅਸਲ ਸਥਿਤੀ ਨੂੰ ਸਪੱਸ਼ਟ ਕੀਤਾ ਹੈ।

Agnipath

ਸਵਾਲ- ਅਗਨੀਵੀਰਾਂ ਦਾ ਭਵਿੱਖ ਅਸੁਰੱਖਿਅਤ ਹੈ?

ਤੱਥ- ਉੱਦਮੀ ਬਣਨ ਦੇ ਚਾਹਵਾਨਾਂ ਲਈ ਬੈਂਕ ਤੋਂ ਵਿੱਤੀ ਪੈਕੇਜ ਅਤੇ ਲੋਨ ਦੀ ਯੋਜਨਾ ਹੈ। ਜਿਹੜੇ ਵਿਦਿਆਰਥੀ ਅੱਗੇ ਪੜ੍ਹਨਾ ਚਾਹੁੰਦੇ ਹਨ ਉਹਨਾਂ ਨੂੰ 12ਵੀਂ ਜਮਾਤ ਦੇ ਬਰਾਬਰ ਸਰਟੀਫਿਕੇਟ ਦਿੱਤਾ ਜਾਵੇਗਾ ਅਤੇ ਅੱਗੇ ਦੀ ਪੜ੍ਹਾਈ ਲਈ ਬ੍ਰਿਜਿੰਗ ਕੋਰਸ ਹੋਵੇਗਾ। ਜੋ ਨੌਕਰੀ ਕਰਨਾ ਚਾਹੁੰਦੇ ਹਨ, ਉਹਨਾਂ ਨੂੰ CAPF ਭਾਵ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਰਾਜ ਪੁਲਿਸ ਵਿਚ ਭਰਤੀ ਵਿਚ ਪਹਿਲ ਦਿੱਤੀ ਜਾਵੇਗੀ। ਹੋਰਨਾਂ ਸੈਕਟਰਾਂ ਵਿਚ ਵੀ ਉਹਨਾਂ ਲਈ ਨੌਕਰੀਆਂ ਦੇ ਕਈ ਮੌਕੇ ਖੁੱਲ੍ਹ ਰਹੇ ਹਨ।

ਸਵਾਲ: ਅਗਨੀਪਥ ਕਾਰਨ ਨੌਜਵਾਨਾਂ ਲਈ ਮੌਕੇ ਘੱਟ ਹੋਣਗੇ?

ਤੱਥ- ਇਸ ਦੇ ਉਲਟ ਫੌਜ ਵਿਚ ਨੌਜਵਾਨਾਂ ਲਈ ਨੌਕਰੀ ਦੇ ਮੌਕੇ ਵਧਣਗੇ। ਆਉਣ ਵਾਲੇ ਸਾਲਾਂ ਵਿਚ ਫੌਜ ਵਿਚ ਅਗਨੀਵੀਰਾਂ ਦੀ ਭਰਤੀ ਮੌਜੂਦਾ ਪੱਧਰ ਤੋਂ ਤਿੰਨ ਗੁਣਾ ਹੋ ਜਾਵੇਗੀ।

ਸਵਾਲ - ਕੀ ਰੈਜੀਮੈਂਟਲ ਭਾਈਚਾਰਾ ਪ੍ਰਭਾਵਿਤ ਹੋਵੇਗਾ?

ਤੱਥ- ਰੈਜੀਮੈਂਟਲ ਸੈਟਅਪ ਵਿਚ ਕੋਈ ਬਦਲਾਅ ਨਹੀਂ ਕੀਤੇ ਜਾ ਰਹੇ ਹਨ, ਸਗੋਂ ਇਸ ਨੂੰ ਮਜ਼ਬੂਤ ​​ਕੀਤਾ ਜਾਵੇਗਾ ਕਿਉਂਕਿ ਸਭ ਤੋਂ ਵਧੀਆ ਅਗਨੀਵੀਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਇਸ ਨਾਲ ਯੂਨਿਟ ਦੇ ਅੰਦਰੂਨੀ ਤਾਲਮੇਲ ਨੂੰ ਹੋਰ ਮਜ਼ਬੂਤ ​​ਕੀਤਾ ਜਾਵੇਗਾ।

army recruitment

ਸਵਾਲ - ਕੀ ਇਸ ਨਾਲ ਫੌਜ ਦੇ ਤਿੰਨਾਂ ਵਿੰਗਾਂ ਦੀ ਸਮਰੱਥਾ 'ਤੇ ਮਾੜਾ ਅਸਰ ਪਵੇਗਾ?

ਤੱਥ- ਬਹੁਤੇ ਦੇਸ਼ਾਂ ਵਿਚ ਅਜਿਹੀਆਂ ਛੋਟੀਆਂ ਸੇਵਾਵਾਂ ਦੀ ਪ੍ਰਣਾਲੀ ਹੈ ਭਾਵ ਇਹ ਪਹਿਲਾਂ ਹੀ ਪਰਖੀ ਜਾ ਚੁੱਕੀ ਹੈ ਅਤੇ ਇਹ ਨੌਜਵਾਨ ਅਤੇ ਫੌਜ ਲਈ ਸਭ ਤੋਂ ਵਧੀਆ ਪ੍ਰਣਾਲੀ ਮੰਨੀ ਜਾਂਦੀ ਹੈ। ਪਹਿਲੇ ਸਾਲ ਭਰਤੀ ਕੀਤੇ ਗਏ ਅਗਨੀਵੀਰਾਂ ਦੀ ਗਿਣਤੀ ਹਥਿਆਰਬੰਦ ਬਲਾਂ ਦਾ ਸਿਰਫ਼ 3 ਪ੍ਰਤੀਸ਼ਤ ਹੋਵੇਗੀ। ਇਸ ਤੋਂ ਇਲਾਵਾ ਚਾਰ ਸਾਲ ਬਾਅਦ ਫੌਜ ਵਿਚ ਮੁੜ ਭਰਤੀ ਹੋਣ ਤੋਂ ਪਹਿਲਾਂ ਅਗਨੀਵੀਰਾਂ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ ਜਾਵੇਗੀ। ਇਸ ਤਰ੍ਹਾਂ ਫੌਜ ਨੂੰ ਸੁਪਰਵਾਈਜ਼ਰੀ ਰੈਂਕ ਲਈ ਅਜ਼ਮਾਏ ਅਤੇ ਪਰਖੇ ਗਏ ਲੋਕ ਮਿਲ ਜਾਣਗੇ।

ਸਵਾਲ - 21 ਸਾਲ ਦੀ ਉਮਰ ਦੇ ਬੱਚੇ ਫੌਜ ਲਈ ਅਯੋਗ ਅਤੇ ਭਰੋਸੇਮੰਦ ਨਹੀਂ ਹਨ?

ਤੱਥ- ਦੁਨੀਆ ਭਰ ਦੀਆਂ ਫ਼ੌਜਾਂ ਨੌਜਵਾਨਾਂ 'ਤੇ ਨਿਰਭਰ ਹਨ। ਕਿਸੇ ਵੀ ਸਮੇਂ ਨੌਜਵਾਨਾਂ ਦੀ ਗਿਣਤੀ ਤਜਰਬੇਕਾਰ ਨਾਲੋਂ ਜ਼ਿਆਦਾ ਨਹੀਂ ਹੋਵੇਗੀ। ਮੌਜੂਦਾ ਸਕੀਮ ਲੰਬੇ ਸਮੇਂ ਵਿਚ 50-50 ਨੌਜਵਾਨਾਂ ਅਤੇ ਤਜਰਬੇਕਾਰਾਂ ਦਾ ਮਿਸ਼ਰਣ ਲਿਆਵੇਗੀ।

Indian Army

ਸਵਾਲ - ਅਗਨੀਵੀਰ ਸਮਾਜ ਲਈ ਖਤਰਾ ਬਣਨਗੇ ਅਤੇ ਅਤਿਵਾਦੀਆਂ ਨਾਲ ਰਲ ਜਾਣਗੇ?

ਤੱਥ- ਇਹ ਭਾਰਤੀ ਫੌਜ ਦੀਆਂ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਦਾ ਅਪਮਾਨ ਹੈ। ਚਾਰ ਸਾਲ ਤੱਕ ਵਰਦੀ ਪਹਿਨਣ ਵਾਲੇ ਨੌਜਵਾਨ ਸਾਰੀ ਉਮਰ ਦੇਸ਼ ਪ੍ਰਤੀ ਵਚਨਬੱਧ ਰਹਿਣਗੇ। ਅੱਜ ਵੀ ਹਜ਼ਾਰਾਂ ਦੀ ਗਿਣਤੀ ਵਿਚ ਅਜਿਹੇ ਲੋਕ ਹਨ ਜੋ ਫੌਜ ਵਿਚੋਂ ਸੇਵਾਮੁਕਤ ਹੋ ਚੁੱਕੇ ਹਨ, ਜਿਨ੍ਹਾਂ ਕੋਲ ਸਾਰੇ ਹੁਨਰ ਹਨ ਪਰ ਉਹ ਦੇਸ਼ ਵਿਰੋਧੀ ਤਾਕਤਾਂ ਵਿਚ ਸ਼ਾਮਲ ਨਹੀਂ ਹੋਏ।

ਸਵਾਲ - ਸਾਬਕਾ ਫੌਜੀ ਅਫਸਰਾਂ ਨਾਲ ਚਰਚਾ ਨਹੀਂ ਹੋਈ?

ਤੱਥ- ਪਿਛਲੇ ਦੋ ਸਾਲਾਂ ਤੋਂ ਸਾਬਕਾ ਫੌਜੀ ਅਫਸਰਾਂ ਨਾਲ ਵਿਸਥਾਰ ਨਾਲ ਚਰਚਾ ਕੀਤੀ। ਇਹ ਤਜਵੀਜ਼ ਮਿਲਟਰੀ ਅਫਸਰ ਵਿਭਾਗ ਵਿਚ ਫੌਜੀ ਅਫਸਰਾਂ ਵੱਲੋਂ ਤਿਆਰ ਕੀਤੀ ਗਈ ਸੀ, ਇਸ ਵਿਭਾਗ ਦਾ ਗਠਨ ਸਰਕਾਰ ਵੱਲੋਂ ਹੀ ਕੀਤਾ ਗਿਆ ਹੈ। ਕਈ ਸਾਬਕਾ ਫੌਜੀ ਅਫਸਰਾਂ ਨੇ ਇਸ ਯੋਜਨਾ ਨੂੰ ਸਵੀਕਾਰ ਕੀਤਾ ਹੈ ਅਤੇ ਸ਼ਲਾਘਾ ਵੀ ਕੀਤੀ ਹੈ।