ਹਮਸ਼ਕਲ ਜੁੜਵਾਂ ਭੈਣਾਂ ਨੇ 12ਵੀਂ ਦੇ ਇਮਤਿਹਾਨਾਂ 'ਚ ਵੀ ਮਾਰੀ 'ਬਰਾਬਰ ਬਾਜ਼ੀ', ਇਕੋ ਜਿਹੇ ਆਏ ਨੰਬਰ!
ਖਾਣ-ਪੀਣ ਅਤੇ ਹੋਰ ਆਦਤਾਂ 'ਚ ਇਕ-ਸਮਾਨਤਾ ਤੋਂ ਸਭ ਹੈਰਾਨ
ਗ੍ਰੇਟਰ ਨੋਇਡਾ : ਧਰਤੀ 'ਤੇ ਕਈ ਅਜਿਹੇ ਕੁਦਰਤੀ ਕਰਿਸ਼ਮੇ ਵਰਤਦੇ ਆਏ ਹਨ, ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਦੰਦਾਂ ਹੇਠ ਉਂਗਲਾਂ ਦੱਬਣ ਲਈ ਮਜਬੂਰ ਹੋ ਜਾਂਦਾ ਹੈ। ਇਕ ਅਜਿਹਾ ਹੀ ਕ੍ਰਿਸ਼ਮਾ ਹੁੰਦਾ ਹੈ, ਦੋ ਜੁੜਵਾਂ ਇਨਸਾਨਾਂ ਦਾ, ਜੋ ਦੋ ਸਰੀਰ ਹੋਣ ਦੇ ਬਾਵਜੂਦ, ਇਕੋ ਸ਼ਕਲ ਅਤੇ ਇਕੋ ਅਕਲ ਦੇ ਹੋ ਸਕਦੇ ਹਨ। ਵੈਸੇ ਤਾਂ ਅਜਿਹੀਆਂ ਘਟਨਾਵਾਂ ਦਾ ਲੰਮਾ ਇਤਿਹਾਸ ਹੈ, ਪਰ ਗ੍ਰੇਟਰ ਨੋਇਡਾ 'ਚ ਸਾਹਮਣੇ ਆਈ ਇਕ ਹਾਲੀਆ ਘਟਨਾ ਨੇ ਸਭ ਦਾ ਧਿਆਨ ਖਿੱਚਿਆ ਹੈ।
ਇੱਥੇ 12 ਜਮਾਤ ਦੀਆਂ ਦੋ ਹਮਸ਼ਕਲ ਜੁੜਵਾਂ ਭੈਣਾਂ ਦਾ ਨਤੀਜਾ ਵੀ 100 ਫ਼ੀਸਦੀ ਇਕ-ਸਮਾਨ ਹੀ ਆਇਆ ਹੈ। ਭਾਵੇਂ ਇਨ੍ਹਾਂ ਦੋਵਾਂ ਭੈਣਾਂ ਦੀਆਂ ਸ਼ਕਲਾਂ ਇਕ-ਦੂਜੇ ਨਾਲ ਕਾਫ਼ੀ ਮਿਲਦੀਆਂ ਹਨ, ਪਰ ਇਨ੍ਹਾਂ ਦੀਆਂ ਅਕਲਾਂ ਵਿਚ ਇੰਨੀ ਸਮਾਨਤਾ ਹੋਵੇਗੀ, ਇਹ ਕਿਸੇ ਨੇ ਸੋਚਿਆ ਤਕ ਵੀ ਨਹੀਂ ਸੀ। ਜਨਮ 'ਚ ਕੇਵਲ 9 ਮਿੰਟ ਦੇ ਫ਼ਰਕ ਵਾਲੀਆਂ ਇਹ ਭੈਣਾਂ ਗ੍ਰੇਟਰ ਨੋਇਡਾ ਦੇ ਆਸਟਰ ਪਬਲਿਕ ਸਕੂਲ ਵਿਚ ਪੜ੍ਹਦੀਆਂ ਹਨ।
ਮਾਨਸੀ ਅਤੇ ਮਾਨਯਾ ਨਾਮ ਦੀਆਂ ਇਨ੍ਹਾਂ ਜੁੜਵਾਂ ਭੈਣਾਂ ਨੇ ਸੀਬੀਐਸਈ ਦੇ 12ਵੀਂ ਜਮਾਤ ਦੇ ਇਮਤਿਹਾਨ ਦਿਤੇ ਸਨ। ਹੁਣ ਆਏ ਨਤੀਜਿਆਂ 'ਚ ਇਨ੍ਹਾਂ ਦੋਵਾਂ ਦੇ ਇਕੋ ਜਿੰਨੇ ਨੰਬਰ ਆਏ ਹਨ। ਮਾਨਸੀ ਅਤੇ ਮਾਨਯਾ ਨੇ 95.8 ਫ਼ੀ ਸਦੀ ਅੰਕ ਪ੍ਰਾਪਤ ਕੀਤੇ ਹਨ। ਇੰਨਾ ਹੀ ਨਹੀਂ, ਦੋਵਾਂ ਦੇ ਸਾਰੇ ਵਿਸ਼ਿਆਂ 'ਚ ਵੀ ਬਰਾਬਰ ਅੰਕ ਆਏ ਹਨ। ਦੋਵਾਂ ਨੂੰ ਅੰਗਰੇਜ਼ੀ ਅਤੇ ਸਾਇੰਸ 'ਚ 98-98 ਅੰਕ ਪ੍ਰਾਪਤ ਮਿਲੇ ਹਨ। ਇਸੇ ਤਰ੍ਹਾਂ ਭੌਤਿਕ, ਰਸਾਇਣ ਅਤੇ ਸਰੀਰਕ ਸਿਖਿਆ 'ਚ ਵੀ ਇਕ ਸਮਾਨ 95-95 ਅੰਕ ਹਾਸਲ ਹੋਏ ਹਨ।
ਕਾਬਲੇਗੌਰ ਹੈ ਕਿ 3 ਮਾਰਚ 2003 ਨੂੰ ਪੈਦਾ ਹੋਈਆਂ ਇਨ੍ਹਾਂ ਦੋਵੇਂ ਭੈਣਾਂ ਦੇ ਜਨਮ ਵਿਚਲਾ ਅੰਤਰ ਕੇਵਲ 9 ਮਿੰਟ ਸੀ। ਇਕੋ ਜਿਹੀ ਅਕਲ, ਸ਼ਕਲ ਅਤੇ ਅਵਾਜ਼ ਵਾਲੀਆਂ ਇਹ ਦੋਵੇਂ ਭੈਣਾਂ ਦੀ ਖੇਡਾਂ ਤੇ ਹੋਰ ਗਤੀਵਿਧੀਆਂ 'ਚ ਰੁਚੀ ਵੀ ਇਕ ਸਮਾਨ ਹੀ ਹੈ। ਇਹ ਦੋਵੇਂ ਬੈਡਮਿੰਟਨ ਦੀਆਂ ਸ਼ੌਕੀਨ ਹਨ। ਇਨ੍ਹਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਵੀ ਇਕੋ ਜਿਹੀਆਂ ਹਨ। ਇਨ੍ਹਾਂ ਦੋਵਾਂ ਦਾ ਪੜ੍ਹਾਈ 'ਚ ਟੀਚਾ ਵੀ ਇਕੋ ਜਿਹਾ ਹੈ। ਇਹ ਦੋਵੇਂ ਹੀ ਇੰਜੀਨੀਅਰਿੰਗ ਕਰਨਾ ਚਾਹੁੰਦੀਆਂ ਹਨ ਅਤੇ ਜੇਈਈ ਇਮਤਿਹਾਨ ਦੀ ਉਡੀਕ 'ਚ ਹਨ ਜੋ ਕਰੋਨਾ ਵਾਇਰਸ ਕਾਰਨ ਸਤੰਬਰ ਤਕ ਟਾਲ ਦਿਤੇ ਗਏ ਸਨ।
ਇਨ੍ਹਾਂ ਦੋਵਾਂ ਨੂੰ ਭਾਵੇਂ ਅਪਣੇ ਇਮਤਿਹਾਨ 'ਚੋਂ ਚੰਗੇ ਨੰਬਰ ਆਉਣ ਦੀ ਉਮੀਦ ਸੀ, ਪਰ ਨੰਬਰ ਇਕੋ ਜਿਹੇ ਹੋਣਗੇ, ਇਸ ਦੀ ਕਦੇ ਕਲਪਨਾ ਵੀ ਨਹੀਂ ਸੀ ਕੀਤੀ। ਸਕੂਲ ਦੇ ਵਾਇਸ ਪ੍ਰਿੰਸੀਪਲ ਜਯਵੀਰ ਡਾਗਰ ਦਾ ਕਹਿਣਾ ਹੈ ਕਿ ਉਹ ਅਕਸਰ ਇਨ੍ਹਾਂ ਦੋਵਾਂ ਭੈਣਾਂ ਦੀ ਪਛਾਣ ਕਰਨ 'ਚ ਉਲਝਣ 'ਚ ਫਸ ਜਾਂਦੇ ਹਨ। ਹੁਣ ਇਨ੍ਹਾਂ ਦੋਵਾਂ ਦੇ ਇਕੋ ਜਿਹੇ ਨੰਬਰ ਆਉਣਾ ਹੋਰ ਵੀ ਅਚੰਭੇ ਭਰਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।