Mumbai : ਲਾਵਾਰਿਸ ਕੰਟੇਨਰ 'ਚੋਂ ਮਿਲੀ ਹੈਰੋਇਨ ਦੀ ਵੱਡੀ ਖੇਪ, ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 363 ਕਰੋੜ ਰੁਪਏ
ਪੰਜਾਬ ਭੇਜੀ ਜਾਣੀ ਸੀ ਨਸ਼ਿਆਂ ਦੀ ਖੇਪ, NDPS ਐਕਟ ਤਹਿਤ ਮਾਮਲਾ ਕੀਤਾ ਦਰਜ
ਮੁੰਬਈ : ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਨਵੀਂ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਮੁੰਬਈ ਪੁਲਿਸ ਨੇ ਵੱਡੀ ਮਾਤਰਾ 'ਚ ਹੈਰੋਇਨ ਜ਼ਬਤ ਕੀਤੀ ਹੈ, ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ ਅੰਦਾਜ਼ਨ ਕੀਮਤ 363 ਕਰੋੜ ਰੁਪਏ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਦੁਬਈ ਤੋਂ ਲਿਆਂਦਾ ਗਿਆ ਕੰਟੇਨਰ ਰਾਏਗੜ੍ਹ ਜ਼ਿਲ੍ਹੇ ਦੇ ਪਨਵੇਲ ਕਸਬੇ 'ਚ ਇਕ ਯਾਰਡ 'ਚ ਪਿਆ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸ਼ੁਰੂ 'ਚ ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਜ਼ਬਤ ਕੀਤਾ ਗਿਆ ਨਸ਼ੀਲਾ ਪਦਾਰਥ ਮੋਰਫਿਨ ਹੈ ਪਰ ਬਾਅਦ ਵਿਚ ਇਸ ਦੀ ਪੁਸ਼ਟੀ ਹੈਰੋਇਨ ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੇ 168 ਪੈਕੇਟ ਡੱਬੇ ਦੇ ਦਰਵਾਜ਼ੇ ਵਿਚ ਲੁਕੋ ਕੇ ਰੱਖੇ ਗਏ ਸਨ ਅਤੇ ਇਨ੍ਹਾਂ ਦਾ ਭਾਰ 72.518 ਕਿਲੋ ਸੀ।
ਨਵੀਂ ਮੁੰਬਈ ਦੇ ਪੁਲਿਸ ਕਮਿਸ਼ਨਰ ਬਿਪਿਨ ਕੁਮਾਰ ਸਿੰਘ ਨੇ ਇਕ ਮੀਡੀਆ ਬ੍ਰੀਫਿੰਗ 'ਚ ਕਿਹਾ ਕਿ ਕੰਟੇਨਰ ਦੇ ਧਾਤੂ ਦੇ ਦਰਵਾਜ਼ੇ ਦੇ ਢਾਂਚੇ 'ਚ ਕੁਝ ਵਿਗਾੜ ਦੇਖਿਆ ਗਿਆ ਸੀ, ਜਿਸ ਤੋਂ ਸ਼ੱਕ ਹੋਇਆ ਕਿ ਇਸ 'ਚ ਨਸ਼ੀਲਾ ਪਦਾਰਥ ਲੁਕਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦਰਵਾਜ਼ੇ ਦੇ ਢਾਂਚੇ ਅਤੇ ਹੋਰ ਢਾਂਚਿਆਂ ਨੂੰ ਉਪਕਰਣਾਂ ਨਾਲ ਕੱਟ ਕੇ ਖੋਲ੍ਹਿਆ ਗਿਆ ਅਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ।
ਇਹ ਪਿਛਲੇ 6 ਮਹੀਨੇ ਤੋਂ ਲਾਵਾਰਿਸ ਪਏ ਕੰਟੇਨਰ ਨੂੰ ਚੈੱਕ ਕੀਤਾ ਗਿਆ ਤਾਂ ਇਸ ਵਿਚੋਂ ਵੱਡੇ ਪੱਧਰ 'ਤੇ ਇਹ ਬਰਾਮਦਗੀ ਹੋਈ ਹੈ। ਪੁਲਿਸ ਨੇ ਕਿਹਾ ਕਿ ਹੈਰੋਇਨ ਜ਼ਬਤ ਕਰ ਲਈ ਗਈ ਸੀ ਅਤੇ ਬਰਾਮਦ ਕਰਨ ਵਾਲੇ ਸਮੇਤ ਹੋਰ ਵਿਅਕਤੀਆਂ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ (NDPS) ਦੀਆਂ ਸਬੰਧਤ ਧਾਰਾਵਾਂ ਅਧੀਨ ਪਨਵੇਲ ਤਾਲੁਕਾ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤੀ ਗਈ ਸੀ।