ਖ਼ੁਸ਼ਵੰਤ ਸਿੰਘ ਦੀ ਨਵੀਂ ਕਿਤਾਬ 'ਪੰਜਾਬ, ਪੰਜਾਬੀਜ਼ ਐਂਡ ਪੰਜਾਬੀਅਤ' ਹੋਈ ਪ੍ਰਕਾਸ਼ਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਘੇ ਮਰਹੂਮ ਲੇਖਕ ਤੇ ਪੱਤਰਕਾਰ ਖ਼ੁਸ਼ਵੰਤ ਸਿੰਘ ਹੁਰਾਂ ਦੀ ਧੀ ਮਾਲਾ ਦਿਆਲ ਨੇ ਪਿਤਾ ਵਲੋਂ ਪੰਜਾਬ, ਪੰਜਾਬੀਆਂ ਤੇ ਪੰਜਾਬੀਅਤ ਬਾਰੇ ਲਿਖੇ ਸਾਰੇ ਲੇਖਾਂ..............

Khushwant Singh

ਨਵੀਂ ਦਿੱਲੀ : ਉੱਘੇ ਮਰਹੂਮ ਲੇਖਕ ਤੇ ਪੱਤਰਕਾਰ ਖ਼ੁਸ਼ਵੰਤ ਸਿੰਘ ਹੁਰਾਂ ਦੀ ਧੀ ਮਾਲਾ ਦਿਆਲ ਨੇ ਪਿਤਾ ਵਲੋਂ ਪੰਜਾਬ, ਪੰਜਾਬੀਆਂ ਤੇ ਪੰਜਾਬੀਅਤ ਬਾਰੇ ਲਿਖੇ ਸਾਰੇ ਲੇਖਾਂ ਨੂੰ ਇਕੱਠੇ ਕਰਕੇ ਉਸ ਦੀ ਇਕ ਨਵੀਂ ਕਿਤਾਬ ਛਪਵਾਈ ਹੈ, ਜਿਸ ਦਾ ਨਾਮ 'ਪੰਜਾਬ, ਪੰਜਾਬੀਜ਼ ਐਂਡ ਪੰਜਾਬੀਅਤ' ਰੱਖਿਆ ਗਿਆ ਹੈ ਅਤੇ ਇਸ ਕਿਤਾਬ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਹਾਲਾਂਕਿ ਕਿਤਾਬ ਵਿਚਲੇ ਸਾਰੇ ਲੇਖ ਪੁਰਾਣੇ ਹੀ ਹਨ। ਇਸ ਕਿਤਾਬ ਦੇ ਪਹਿਲੇ ਭਾਗ ਵਿਚ ਪੰਜਾਬ ਦੇ ਇਤਿਹਾਸ, ਸਭਿਆਚਾਰ, ਧਰਮ, ਸਿਆਸਤ, ਭਾਸ਼ਾ ਤੇ ਸਾਹਿਤ ਦਾ ਵਰਨਣ ਕੀਤਾ ਗਿਆ ਹੈ।

ਜਦਕਿ ਇਸ ਪੁਸਤਕ ਦੇ ਦੂਜੇ ਭਾਗ ਵਿਚ ਕੁਝ ਅਜਿਹੇ ਭਖ਼ਦੇ ਮਸਲਿਆਂ ਬਾਰੇ ਲੇਖ ਦਿਤੇ ਗਏ ਹਨ, ਜਿਨ੍ਹਾਂ ਨੇ ਪੰਜਾਬ ਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰਭਾਵਿਤ ਕੀਤਾ ਸੀ। ਇਸ ਹਿੱਸੇ 'ਚ ਦੇਸ਼ ਦੀ ਵੰਡ ਦਾ ਦਰਦ ਵੀ ਬਾਖ਼ੂਬੀ ਝਲਕਦਾ ਹੈ। ਇਸ ਤੋਂ ਇਲਾਵਾ ਪੰਜਾਬ ਵਿਚਲੀ ਖ਼ਾਲਿਸਤਾਨੀ ਲਹਿਰ ਦਾ ਵੀ ਜ਼ਿਕਰ ਕੀਤਾ ਗਿਆ ਹੈ। ਆਪਰੇਸ਼ਨ ਬਲੂ ਸਟਾਰ, ਨਵੰਬਰ 1984 ਦੇ ਸਿੱਖ ਕਤਲੇਆਮ ਤੇ ਅਜਿਹੇ ਹੋਰ ਮੁੱਦਿਆਂ 'ਤੇ ਲੇਖ ਦਰਜ ਹਨ। ਇਹ ਜਾਣਕਾਰੀ ਪ੍ਰਕਾਸ਼ਕ ਅਲਫ਼ ਬੁੱਕ ਕੰਪਨੀ ਵਲੋਂ ਦਿਤੀ ਗਈ।

ਦਸ ਦਈਏ ਕਿ ਸਾਲ 1915 ਵਿਚ ਪੈਦਾ ਹੋਏ ਖ਼ੁਸ਼ਵੰਤ ਸਿੰਘ ਭਾਰਤ ਦੇ ਹੁਣ ਤਕ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਪੱਤਰਕਾਰਾਂ ਤੇ ਲੇਖਕਾਂ ਵਿਚੋਂ ਇਕ ਰਹੇ ਹਨ। ਉਨ੍ਹਾਂ ਦੇ ਛੇ ਨਾਵਲ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 'ਟਰੇਨ ਟੂ ਪਾਕਿਸਤਾਨ' ਇਕ ਸ਼ਾਹਕਾਰ ਨਾਵਲ ਹੈ, ਜਿਸ ਦਾ ਪੰਜਾਬੀ ਅਨੁਵਾਦ 'ਪੰਜਾਬ ਮੇਲ' ਦੇ ਨਾਂਅ 'ਤੇ ਵੀ ਪ੍ਰਕਾਸ਼ਿਤ ਹੋ ਚੁੱਕਾ ਹੈ। ਸਾਲ 1974 ਵਿਚ ਉਨ੍ਹਾਂ ਨੂੰ ਪਦਮ ਭੂਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਪੁਰਸਕਾਰ ਉਨ੍ਹਾਂ ਨੇ 1984 ਵਿਚ ਭਾਰਤੀ ਫ਼ੌਜ ਵਲੋਂ ਸ੍ਰੀ ਹਰਿਮੰਦਰ ਸਾਹਿਬ 'ਤੇ ਕੀਤੇ ਗਏ ਹਮਲੇ ਵਿਰੁੱਧ ਰੋਸ ਵਜੋਂ ਵਾਪਸ ਕਰ ਦਿਤਾ ਸੀ।

ਉਨ੍ਹਾਂ ਨੂੰ 2007 ਵਿਚ ਪਦਮ ਵਿਭੂਸ਼ਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦਾ ਦੇਹਾਂਤ 2014 ਵਿਚ ਹੋਇਆ ਸੀ। ਖ਼ੁਸ਼ਵੰਤ ਦੀ ਬੇਟੀ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਜੋ ਲਖਾਂ ਦੀ ਇਹ ਕਿਤਾਬ ਪ੍ਰਕਾਸ਼ਤ ਕੀਤੀ ਗਈ ਹੈ, ਉਸ ਨੂੰ ਲੋਕ ਕਾਫ਼ੀ ਪਸੰਦ ਕਰਨਗੇ ਕਿਉਂਕਿ ਇਸ ਕਿਤਾਬ ਵਿਚ ਉਨ੍ਹਾਂ ਦੇ ਚੋਣਵੇਂ ਅਤੇ ਪ੍ਰਸਿੱਧ ਲੇਖਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪੰਜਾਬ, ਪੰਜਾਬੀਜ਼ ਅਤੇ ਪੰਜਾਬੀਅਤ ਦੀ ਗੱਲ ਕਰਦੀ ਇਹ ਕਿਤਾਬ ਲੋਕਾਂ ਲਈ ਇਕ ਮਹੱਤਵਪੂਰਨ ਅਤੇ ਜਾਣਕਾਰੀ ਭਰਪੂਰ ਹੋਵੇਗੀ।