ਵਿਰੋਧ ਮਗਰੋਂ ਜਲੰਧਰ ਦੇ ਬਿਸ਼ਪ ਨੇ ਛਡਿਆ ਪ੍ਰਸ਼ਾਸਨਿਕ ਕੰਮਕਾਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਰਲ 'ਚ ਇਕ ਨਨ ਨਾਲ ਕਥਿਤ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਦਾ ਸਾਹਮਣਾ ਕਰ ਰਹੇ ਬਿਸ਼ਪ ਫ਼ਰੈਂਕੋ ਮੁਲੱਕਲ ਨੇ ਜਲੰਧਰ ਡਾਇਉਸਿਸ ਦੀ ਅਪਣੀ ਪ੍ਰਸ਼ਾਸਨਿਕ ਜ਼ਿੰਮੇਵਾਰੀ...........

Pastors joining the show to get justice for Nun in Kochi

ਕੋਟਿਆਮ/ਕੋਚੀ (ਕੇਰਲ) : ਕੇਰਲ 'ਚ ਇਕ ਨਨ ਨਾਲ ਕਥਿਤ ਬਲਾਤਕਾਰ ਦੇ ਦੋਸ਼ਾਂ ਦੀ ਜਾਂਚ ਦਾ ਸਾਹਮਣਾ ਕਰ ਰਹੇ ਬਿਸ਼ਪ ਫ਼ਰੈਂਕੋ ਮੁਲੱਕਲ ਨੇ ਜਲੰਧਰ ਡਾਇਉਸਿਸ ਦੀ ਅਪਣੀ ਪ੍ਰਸ਼ਾਸਨਿਕ ਜ਼ਿੰਮੇਵਾਰੀ ਇਕ ਸੀਨੀਅਰ ਪਾਦਰੀ ਨੂੰ ਸੌਂਪ ਦਿਤੀ ਹੈ। ਦੂਜੇ ਪਾਸੇ ਕੈਥੋਲਿਕ ਪਾਦਰੀਆਂ ਦੇ ਇਕ ਸਮੂਹ ਨੇ ਵੱਖੋ-ਵੱਖ ਕੈਥੋਲਿਕ ਸੁਧਾਰ ਸੰਗਠਨਾਂ ਵਲੋਂ ਨਨ ਲਈ ਨਿਆਂ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਦਰਸ਼ਨਾਂ ਨੂੰ ਅਪਣੀ ਹਮਾਇਤ ਦਿਤੀ। ਬਿਸ਼ਪ ਮੁਲੱਕਲ ਨੇ ਇਕ ਸਰਕੂਲਰ 'ਚ ਕਿਹਾ, ''ਮੇਰੀ ਗ਼ੈਰਹਾਜ਼ਰੀ 'ਚ ਮੋਂਸਾਇਨੋਰ ਮੈਥਿਊ ਕੋਕੰਡਮ ਆਮ ਤੌਰ 'ਤੇ ਹੀ ਡਾਇਉਸਿਸ ਦਾ ਪ੍ਰਸ਼ਾਸਨ ਵੇਖਣਗੇ।''

ਇਹ ਸਰਕੂਲਰ 13 ਸਤੰਬਰ ਨੂੰ ਜਾਰੀ ਕੀਤਾ ਗਿਆ। ਇਸ ਤੋਂ ਇਕ ਦਿਨ ਪਹਿਲਾਂ ਕੇਰਲ ਪੁਲਿਸ ਨੇ 19 ਸਤੰਬਰ ਨੂੰ ਉਨ੍ਹਾਂ ਨੂੰ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣ ਨੂੰ ਕਿਹਾ ਸੀ। ਮੁਲੱਕਲ ਵਿਰੁਧ ਕਾਰਵਾਈ ਸ਼ੁਰੂ ਕਰਨ ਲਈ ਪੁਲਿਸ ਦੇ ਵੱਧ ਰਹੇ ਦਬਾਅ ਵਿਚਕਾਰ ਬਿਸ਼ਪ ਨੂੰ ਸੰਮਨ ਭੇਜਣ ਦਾ ਫ਼ੈਸਲਾ ਪੁਲਿਸ ਇੰਸਪੈਕਟਰ ਜਨਰਲ (ਏਣਾਕੁਲਮ ਰੇਂਜ) ਸਖਾਰੇ ਦੀ ਪ੍ਰਧਾਨਗੀ 'ਚ ਹੋਈ ਬੈਠਕ ਤੋਂ ਬਾਅਦ ਕੀਤਾ ਗਿਆ।

ਨਨ ਨੇ ਪਿੱਛੇ ਜਿਹੇ ਹੀ ਨਿਆਂ ਲਈ ਵੈਟੀਕਨ ਦੀ ਤੁਰਤ ਦਖ਼ਲਅੰਦਾਜ਼ੀ ਅਤੇ ਜਲੰਧਰ ਡਾਇਉਸਿਸ ਦੇ ਮੁਖੀ ਦੇ ਅਹੁਦੇ ਤੋਂ ਉਸ ਨੂੰ ਹਟਾਏ ਜਾਣ ਦੀ ਮੰਗ ਕੀਤੀ ਸੀ। ਨਨ ਨੇ ਦੋਸ਼ ਲਾਇਆ ਕਿ ਅਪਣੇ ਵਿਰੁਧ ਚਲ ਰਹੇ ਮਾਮਲੇ ਨੂੰ ਦਬਾਉਣ ਲਈ ਬਿਸ਼ਪ ਮੁਲੱਕਲ ਵਲੋਂ 'ਸਿਆਸੀ ਅਤੇ ਪੈਸਿਆਂ ਦੀ ਤਾਕਤ' ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਬਿਸ਼ਪ ਮੁਲੱਕਲ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕੈਥੋਲਿਕ ਸੁਧਾਰ ਸੰਗਠਨਾਂ ਦੇ ਪ੍ਰਦਰਸ਼ਨ ਨੂੰ ਅੱਜ ਅੱਠ ਦਿਨ ਹੋ ਗਏ ਹਨ।  (ਪੀਟੀਆਈ)