ਪਟਰੌਲ - ਡੀਜ਼ਲ ਦੇ ਬਿਆਨ 'ਤੇ ਕੇਂਦਰੀ ਮੰਤਰੀ ਅਠਵਲੇ ਨੇ ਮੰਗੀ ਮਾਫੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਸਮਾਜਕ ਨਿਆਂ ਅਤੇ ਸ਼ਕਤੀ ਰਾਜਮੰਤਰੀ ਰਾਮਦਾਸ ਅਠਵਲੇ ਨੇ ਅਪਣੇ ਉਸ ਬਿਆਨ 'ਤੇ ਮਾਫੀ ਮੰਗ ਲਈ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਪਟਰੌਲ - ਡੀਜ਼ਲ ਦੀ ...

Ramdas Athawale

ਮੁੰਬਈ : ਕੇਂਦਰੀ ਸਮਾਜਕ ਨਿਆਂ ਅਤੇ ਸ਼ਕਤੀ ਰਾਜਮੰਤਰੀ ਰਾਮਦਾਸ ਅਠਵਲੇ ਨੇ ਅਪਣੇ ਉਸ ਬਿਆਨ 'ਤੇ ਮਾਫੀ ਮੰਗ ਲਈ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਪਟਰੌਲ - ਡੀਜ਼ਲ ਦੀ ਵੱਧਦੀ ਕੀਮਤਾਂ ਤੋਂ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਕਿਉਂਕਿ ਉਹ ਇਕ ਮੰਤਰੀ ਹੈ। ਦੱਸ ਦਈਏ ਕਿ ਸ਼ਨਿਚਰਵਾਰ ਨੂੰ ਅਪਣੇ ਇਕ ਬਿਆਨ ਵਿਚ ਅਠਵਲੇ ਨੇ ਹਲਕੇ ਫੁਲਕੇ ਅੰਦਾਜ਼ ਵਿਚ ਕਿਹਾ ਸੀ ਕਿ ਮੈਂ ਪਟਰੌਲ - ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਤੋਂ ਪਰੇਸ਼ਾਨ ਨਹੀਂ ਹਾਂ ਕਿਉਂਕਿ ਮੈਂ ਮੰਤਰੀ ਹਾਂ।  ਮੇਰਾ ਮੰਤਰੀ ਅਹੁਦਾ ਜਾਵੇਗਾ ਤਾਂ ਮੈਂ ਪਰੇਸ਼ਾਨ ਹੋ ਜਾਵਾਂਗਾ ਪਰ ਜਨਤਾ ਪਰੇਸ਼ਾਨ ਹੈ। ਇਸ ਨੂੰ ਸਮਝ ਸਕਦੇ ਹਾਂ ਅਤੇ ਕੀਮਤਾਂ ਘੱਟ ਕਰਨ ਦਾ ਫਰਜ਼ ਸਰਕਾਰ ਦਾ ਹੈ।

ਕੇਂਦਰੀ ਮੰਤਰੀ ਦੇ ਇਸ ਬਿਆਨ 'ਤੇ ਲੋਕਾਂ ਦੀ ਤਿੱਖੀ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਸਨ। ਖਾਸਕਰ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਅਠਵਲੇ ਦੇ ਇਸ ਬਿਆਨ ਦੀ ਖੂਬ ਆਲੋਚਨਾ ਕੀਤੀ। ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਇਜ਼ਾਫੇ ਦੇ ਵਿਚ ਅਪਣੇ ਇਸ ਬਿਆਨ ਨੂੰ ਲੈ ਕੇ ਘਿਰੇ ਅਠਵਲੇ ਨੇ ਹੁਣ ਮਾਫੀ ਮੰਗੀ ਹੈ। ਐਤਵਾਰ ਨੂੰ ਅਪਣੇ ਬਿਆਨ 'ਤੇ ਮਾਫੀ ਮੰਗਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਜੇਕਰ ਇਸ ਤੋਂ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਲੱਗੀ ਹੈ ਤਾਂ ਮੈਂ ਮਾਫੀ ਚਾਹੁੰਦਾ ਹਾਂ। ਕਿਸੇ ਨੂੰ ਪਰੇਸ਼ਾਨ ਕਰਨ ਦਾ ਮੇਰਾ ਇਰਾਦਾ ਨਹੀਂ ਸੀ। ਮੈਂ ਇਕ ਆਮ ਆਦਮੀ ਹਾਂ ਜੋ ਕਿ ਮੰਤਰੀ ਬਣਿਆ ਹੈ। ਮੈਂ ਆਮ ਲੋਕਾਂ ਦੀਆਂ ਦਿੱਕਤਾਂ ਸਮਝ ਸਕਦਾ ਹਾਂ।

ਮੈਂ ਸਰਕਾਰ ਦਾ ਹਿੱਸਾ ਹਾਂ ਅਤੇ ਕੀਮਤਾਂ ਘੱਟ ਕਰਨ ਦੀ ਮੰਗ ਕਰਦਾ ਹਾਂ। ਕੇਂਦਰੀ ਮੰਤਰੀ ਨੇ ਅਪਣੀ ਸਫਾਈ ਵਿਚ ਕਿਹਾ ਕਿ ਮੇਰੇ ਤੋਂ ਪੱਤਰਕਾਰਾਂ ਨੇ ਪੁੱਛਿਆ ਸੀ ਕਿ ਪਟਰੌਲ - ਡੀਜ਼ਲ ਦੇ ਮੁੱਲ ਵੱਧ ਰਹੇ ਹਨ, ਕੀ ਮੈਨੂੰ ਇਸ ਤੋਂ ਕੋਈ ਮੁਸ਼ਕਿਲ ਹੈ। ਮੈਂ ਕਿਹਾ ਸੀ ਕਿ ਮੈਨੂੰ ਕੋਈ ਮੁਸ਼ਕਿਲ ਨਹੀਂ ਹੈ ਕਿਉਂਕਿ ਸਾਨੂੰ ਚੱਲਣ ਲਈ ਸਰਕਾਰੀ ਗੱਡੀ ਦਿਤੀ ਜਾਂਦੀ ਹੈ। ਲੋਕਾਂ ਨੂੰ ਦਿੱਕਤਾਂ ਹੋ ਰਹੀਆਂ ਹਨ ਅਤੇ ਕੀਮਤ ਘੱਟ ਹੋਣੀ ਚਾਹੀਦੀ ਹੈ। ਮੈਂ ਕਿਸੇ ਨੂੰ ਬੇਇੱਜ਼ਤ ਕਰਨ ਲਈ ਅਜਿਹਾ ਨਹੀਂ ਕਿਹਾ।