ਕਿਸਾਨ ਬਿੱਲ ‘ਤੇ ਬੋਲੇ ਨੱਡਾ- ਪਹਿਲਾਂ ਕਾਂਗਰਸ ਸਮਰਥਨ ਵਿਚ ਸੀ ਪਰ ਹੁਣ ਕਰ ਰਹੀ ਹੈ ਸਿਆਸਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਜ਼ਮੀਨੀ ਪੱਧਰ ‘ਤੇ ਬਦਲਾਅ ਲਿਆਉਣ ਵਾਲੇ ਹਨ ਇਹ ਬਿੱਲ- ਨੱਡਾ

J. P. Nadda

ਨਵੀਂ ਦਿੱਲੀ: ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਬੁੱਧਵਾਰ ਨੂੰ ਕਿਹਾ ਕਿ ਕਿਸਾਨਾਂ ਸਬੰਧੀ ਜਿਹੜੇ ਤਿੰਨ ਬਿੱਲ ਕੇਂਦਰ ਸਰਕਾਰ ਸੰਸਦ ਵਿਚ ਲੈ ਕੇ ਆਈ ਹੈ, ਉਹ ਬਹੁਤ ਹੀ ਕ੍ਰਾਂਤੀਕਾਰੀ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਬਿੱਲ ਜ਼ਮੀਨੀ ਪੱਧਰ ‘ਤੇ ਬਦਲਾਅ ਲਿਆਉਣ ਵਾਲੇ ਹਨ ਅਤੇ ਇਹਨਾਂ ਬਿਲਾਂ ਦਾ ਵਿਰੋਧ ਕਰਨ ਨਾਲ ਕਾਂਗਰਸ ਦਾ ਦੋਹਰਾ ਚਰਿੱਤਰ ਉਜਾਗਰ ਹੋ ਗਿਆ ਹੈ।

ਖੇਤੀ ਆਰਡੀਨੈਂਸਾਂ ਨੂੰ ਲੈ ਕੇ ਭਾਜਪਾ ਦੇ ਕੌਮੀ ਪ੍ਰਧਾਨਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਕਿਸਾਨਾਂ ਦੇ ਹਿੱਤਾਂ ਵਿਚ ਇਹ ਤਿੰਨ ਬਿੱਲ ਲੈ ਕੇ ਆਈ ਹੈ। ਉਹਨਾਂ ਕਿਹਾ ਕਿ ਇਹਨਾਂ ਬਿੱਲਾਂ ਨੂੰ ਖੇਤੀਬਾੜੀ ਖੇਤਰ 'ਚ ਨਿਵੇਸ਼ ਵਧਾਉਣ ਲਈ ਲਿਆਂਦਾ ਜਾ ਰਿਹਾ ਹੈ।  ਕਾਂਗਰਸ 'ਤੇ ਹਮਲਾ ਬੋਲਦਿਆਂ ਜੇਪੀ ਨੱਡਾ ਨੇ ਕਿਹਾ ਕਿ ਪਹਿਲਾਂ ਤਾਂ ਕਾਂਗਰਸ ਵਲੋਂ ਇਹਨਾਂ ਬਿੱਲਾਂ ਦਾ ਸਮਰਥਨ ਕੀਤਾ ਜਾ ਰਿਹਾ ਸੀ ਪਰ ਹੁਣ ਉਸ ਵਲੋਂ ਇਸ 'ਤੇ ਸਿਆਸਤ ਕੀਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਇਹਨਾਂ ਤਿੰਨਾਂ ਬਿੱਲਾਂ ਨਾਲ ਕਿਸਾਨਾਂ ਨੂੰ ਬਹੁਤ ਫ਼ਾਇਦਾ ਹੋਵੇਗਾ। ਇਹ ਤਿੰਨ ਆਰਡੀਨੈਂਸ ਬਹੁਤ ਦੂਰ-ਦ੍ਰਿਸ਼ਟੀ ਵਾਲੇ ਹਨ। ਇਹ ਬਿੱਲ ਕਿਸਾਨਾਂ ਨੂੰ ਨਵੀਂ ਅਜ਼ਾਦ ਹਵਾ ਦੇਣ ਦਾ ਕੰਮ ਕਰਨਗੇ। ਇਸ ਤੋਂ ਬਾਅਦ ਕਿਸਾਨ ਨੂੰ ਅਪਣਾ ਉਤਪਾਦ ਵੇਚਣ ਦੀ ਅਜ਼ਾਦੀ ਹੋਵੇਗੀ।

ਦੱਸ ਦਈਏ ਕਿ ਬੀਤੇ ਦਿਨ ਕਿਸਾਨਾਂ ਅਤੇ ਵਿਰੋਧੀ ਪਾਰਟੀਆਂ ਦੇ ਭਾਰੀ ਵਿਰੋਧ ਦੇ ਬਾਵਜੂਦ ਸੰਸਦ 'ਚ 'ਜ਼ਰੂਰੀ ਵਸਤਾਂ ਸੋਧ ਬਿੱਲ-2020' ਪਾਸ ਹੋ ਗਿਆ ਹੈ। ਇਸ ਬਿੱਲ ਦਾ ਕਈ ਸਿਆਸੀ ਪਾਰਟੀਆਂ ਵੱਲੋਂ ਸਖ਼ਤ ਵਿਰੋਧ ਵੀ ਕੀਤਾ ਗਿਆ।

ਇਹ ਬਿੱਲ ਉਹਨਾਂ ਤਿੰਨ ਆਰਡੀਨੈਂਸਾਂ ਵਿਚੋਂ ਇਕ ਹੈ, ਜਿਨ੍ਹਾਂ ਨੂੰ ਪਿਛਲੇ ਦਿਨਾਂ ਦੌਰਾਨ ਕੇਂਦਰ ਸਰਕਾਰ ਨੇ ਜਾਰੀ ਕੀਤਾ ਸੀ। ਇਹਨਾਂ ਆਰਡੀਨੈਂਸਾਂ ਦੇ ਖਿਲਾਫ਼ ਪੰਜਾਬ, ਹਰਿਆਣਾ ਦੇ ਕਿਸਾਨ ਸੜਕਾਂ 'ਤੇ ਹਨ। ਪੰਜਾਬ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਹੋਰ ਕਈ ਸਿਆਸੀ ਪਾਰਟੀਆਂ ਵੱਲੋਂ ਕਿਸਾਨਾਂ ਦੇ ਸਮਰਥਨ ਵਿਚ ਅਜ਼ਾਵ ਬੁਲੰਦ ਕੀਤੀ ਜਾ ਰਹੀ ਹੈ।