ਸੋਨੂੰ ਸੂਦ ਦੇ ਸਮਰਥਨ ’ਚ ਕੇਜਰੀਵਾਲ ਦਾ ਬਿਆਨ, ‘ਸੱਚਾਈ ਦੇ ਰਸਤੇ ’ਤੇ ਲੱਖਾਂ ਮੁਸ਼ਕਿਲਾਂ ਆਉਂਦੀਆਂ ਨੇ’
ਮਸ਼ਹੂਰ ਅਦਾਕਾਰ ਸੋਨੂੰ ਸੂਦ ਦੇ ਦਫ਼ਤਰਾਂ ’ਤੇ ਬੀਤੀ ਸ਼ਾਮ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਹੋਈ। ਇਸ ਤੋਂ ਬਾਅਦ ਹਰ ਕੋਈ ਸੋਸ਼ਲ ਮੀਡੀਆ ’ਤੇ ਅਦਾਕਾਰ ਦਾ ਸਮਰਥਨ ਕਰ ਰਿਹਾ ਹੈ।
ਨਵੀਂ ਦਿੱਲੀ: ਮਸ਼ਹੂਰ ਅਦਾਕਾਰ ਸੋਨੂੰ ਸੂਦ (IT surveys premises of actor Sonu Sood) ਦੇ ਦਫ਼ਤਰਾਂ ’ਤੇ ਬੀਤੀ ਸ਼ਾਮ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਹੋਈ। ਇਸ ਤੋਂ ਬਾਅਦ ਹਰ ਕੋਈ ਸੋਸ਼ਲ ਮੀਡੀਆ ’ਤੇ ਅਦਾਕਾਰ ਦਾ ਸਮਰਥਨ ਕਰ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal Support Sonu Sood) ਨੇ ਵੀ ਸੋਨੂੰ ਸੂਦ ਦੇ ਹੱਕ ਵਿਚ ਟਵੀਟ ਕੀਤਾ ਹੈ।
ਹੋਰ ਪੜ੍ਹੋ: PSPCL ਨੇ 5 ਸਾਲਾਂ ਬਾਅਦ 1446 ਕਰੋੜ ਰੁਪਏ ਦਾ ਰੀਕਾਰਡ ਮੁਨਾਫ਼ਾ ਕਮਾਇਆ : ਏ ਵੇਨੂੰ ਪ੍ਰਸ਼ਾਦ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੋਨੂੰ ਸੂਦ ਦੇ ਨਾਲ ਉਹਨਾਂ ਲੱਖਾਂ ਲੋਕਾਂ ਦੀਆਂ ਦੁਆਵਾਂ ਹਨ ਜਿਨ੍ਹਾਂ ਨੂੰ ਮੁਸ਼ਕਿਲ ਦੌਰ ਵਿਚ ਸੋਨੂੰ ਸੂਦ ਦਾ ਸਾਥ ਮਿਲਿਆ ਸੀ।ਉਹਨਾਂ ਲਿਖਿਆ, ‘ਸੱਚਾਈ ਦੇ ਰਸਤੇ ’ਤੇ ਚਲਦਿਆਂ ਲੱਖਾਂ ਮੁਸ਼ਕਿਲਾਂ ਆਉਂਦੀਆਂ ਹਨ ਪਰ ਜਿੱਤ ਹਮੇਸ਼ਾਂ ਸੱਚਾਈ ਦੀ ਹੀ ਹੁੰਦੀ ਹੈ। ਸੋਨੂੰ ਸੂਦ ਜੀ ਦੇ ਨਾਲ ਭਾਰਤ ਦੇ ਉਹਨਾਂ ਲੱਖਾਂ ਪਰਿਵਾਰਾਂ ਦੀਆਂ ਦੁਆਵਾਂ ਹਨ, ਜਿਨ੍ਹਾਂ ਨੂੰ ਮੁਸ਼ਕਿਲ ਦੌਰ ਵਿਚ ਸੋਨੂੰ ਸੂਦ ਦਾ ਸਾਥ ਮਿਲਿਆ ਸੀ’।
ਮੀਡੀਆ ਰਿਪੋਰਟਾਂ ਅਨੁਸਾਰ ਟੈਕਸ ਚੋਰੀ ਦੇ ਆਰੋਪਾਂ ਦੇ ਚਲਦਿਆਂ ਆਈਟੀ ਵਿਭਾਗ ਨੇ ਸੋਨੂੰ ਸੂਦ ਦੇ ਕਈ ਦਫ਼ਤਰਾਂ ਉੱਤੇ ਛਾਪੇਮਾਰੀ ਕੀਤੀ। ਇਸ ਦੌਰਾਨ ਕਈ ਲੋਕ ਸੋਨੂੰ ਸੂਦ ਦੇ ਸਮਰਥਨ ਵਿਚ ਆਏ ਹਨ। ਆਪ ਆਗੂ ਅਤੇ ਪਾਰਟੀ ਦੇ ਵਿਧਾਇਕ ਰਾਘਵ ਚੱਡਾ (AAP leader Raghav Chadha) ਨੇ ਵੀ ਟਵੀਟ ਜ਼ਰੀਏ ਸੋਨੂੰ ਸੂਦ ਦਾ ਸਮਰਥਨ ਕੀਤਾ।
ਹੋਰ ਪੜ੍ਹੋ: ਤਿੰਨ ਕਾਲੇ ਕਾਨੂੰਨਾਂ ਦਾ ਪਹਿਲਾ ਖਰੜਾ ਅਕਾਲੀਆਂ ਨੇ ਹੀ ਤਿਆਰ ਕਰ ਕੇ ਕੇਂਦਰ ਨੂੰ ਦਿਤਾ ਸੀ!
ਉਹਨਾਂ ਕਿਹਾ, ‘ਇਹ ਕੁਝ ਹੋਰ ਨਹੀਂ, ਬਲਕਿ ਲੱਖਾਂ ਲੋਕਾਂ ਵੱਲੋਂ ਮਸੀਹਾ ਮੰਨੇ ਜਾਣ ਵਾਲੇ ਇਕ ਵੱਡੇ ਪਰਉਪਕਾਰੀ ਨੂੰ ਅਸੁਰੱਖਿਅਤ ਸਰਕਾਰ ਵੱਲੋਂ ਨਿਸ਼ਾਨਾ ਬਣਾਇਆ ਜਾਣਾ ਹੈ’। ਆਪ ਵਿਧਾਇਕ ਆਤਿਸ਼ੀ (AAP leader Atishi) ਨੇ ਆਰੋਪ ਲਗਾਇਆ ਕਿ ਅਭਿਨੇਤਾ ਅਤੇ ਪਰਉਪਕਾਰੀ ਸੋਨੂੰ ਸੂਦ ਖਿਲਾਫ਼ ਆਦਮਨ ਕਰ ਵਿਭਾਗ ਦਾ “ਸਰਵੇ” ਭਾਜਪਾ ਵੱਲੋਂ ਇਹ ਸਪੱਸ਼ਟ ਸੰਦੇਸ਼ ਹੈ ਕਿ ਉਹ ਦੇਸ਼ ਵਿਚ ਚੰਗਾ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਨਿਸ਼ਾਨਾ ਬਣਾਵੇਗੀ।
ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (16 ਸਤੰਬਰ 2021)
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਲਾਗੂ ਕੀਤੇ ਗਏ ਲਾਕਡਾਊਨ ਦੌਰਾਨ ਸੋਨੂੰ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਗ੍ਰਹਿ ਰਾਜ ਪਹੁੰਚਾਉਣ ਵਿਚ ਵੱਡੇ ਪੱਧਰ ’ਤੇ ਮਦਦ ਕੀਤੀ ਸੀ। ਸੋਨੂੰ ਸੂਦ ਹੁਣ ਵੀ ਲੋੜਵੰਦਾਂ ਦੀ ਮਦਦ ਲਈ ਹਰ ਪਲ ਤਿਆਰ ਰਹਿੰਦੇ ਹਨ।