ਮੋਬਾਈਲ ਚਾਲੂ ਪਰ ਕਸ਼ਮੀਰੀਆਂ ਦੇ ਦਿਲ ਦੀਆਂ ਘੰਟੀਆਂ ਹਾਲੇ ਨਹੀਂ ਵੱਜੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਘਾਟੀ ਵਿਚ ਲਗਾਤਾਰ 73ਵੇਂ ਦਿਨ ਵੀ ਜਨਜੀਵਨ ਠੱਪ

Cell Service Returns to Kashmir but some restriction still

ਸ੍ਰੀਨਗਰ : ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਖ਼ਤਮ ਕੀਤੇ ਜਾਣ ਮਗਰੋਂ ਲਾਈਆਂ ਗਈਆਂ ਪਾਬੰਦੀਆਂ 73ਵੇਂ ਦਿਨ ਵੀ ਜਾਰੀ ਹਨ। ਪੰਜ ਅਗੱਸਤ ਨੂੰ ਘਾਟੀ ਵਿਚ ਪਾਬੰਦੀਆਂ ਲਾਈਆਂ ਗਈਆਂ ਸਨ ਜਿਸ ਕਾਰਨ ਆਮ ਜਨਜੀਵਨ ਠੱਪ ਹੋਇਆ ਪਿਆ ਹੈ।

ਮੁੱਖ ਬਾਜ਼ਾਰ ਬੰਦ ਹਨ ਅਤੇ ਜਨਤਕ ਵਾਹਨ ਸੜਕਾਂ ਤੋਂ ਗ਼ਾਇਬ ਹਨ। ਅਧਿਕਾਰੀਆਂ ਨੇ ਦਸਿਆ ਕਿ ਸ਼ਹਿਰਾਂ ਅਤੇ ਘਾਟੀ ਦੇ ਹੋਰ ਹਿੱਸਿਆਂ ਵਿਚ ਨਿਜੀ ਵਾਹਨ ਚਲਦੇ ਵੇਖੇ ਗਏ ਪਰ ਸਰਕਾਰੀ ਵਾਹਨ ਨਾਦਾਰਦ ਹਨ। ਮੁੱਖ ਬਾਜ਼ਾਰ ਅਤੇ ਹੋਰ ਵਪਾਰਕ ਅਦਾਰੇ ਬੰਦ ਰਹੇ। ਵਣਜ ਕੇਂਦਰ ਲਾਲ ਚੌਕ ਸਮੇਤ ਕੁੱਝ ਇਲਾਕਿਆਂ ਵਿਚ ਸਵੇਰੇ ਕੁੱਝ ਘੰਟੇ ਦੁਕਾਨਾਂ ਖੁਲ੍ਹੀਆਂ। ਆਟੋ ਰਿਕਸ਼ਿਆਂ ਅਤੇ ਕੈਬਾਂ ਨੂੰ ਸੜਕਾਂ 'ਤੇ ਵੇਖਿਆ ਗਿਆ ਪਰ ਜਨਤਕ ਵਾਹਨ ਨਾ ਦਿਸੇ। ਕੁੱਝ ਦੁਕਾਨਦਾਰਾਂ ਨੇ ਚੌਕ ਪੋਲੋ ਵਿਊ ਸੜਕ 'ਤੇ ਦੁਕਾਨਾਂ ਲਾਈਆਂ। ਸਕੂਲ ਅਤੇ ਕਾਲਜ ਖੁਲ੍ਹੇ ਰਹੇ ਪਰ ਵਿਦਿਆਰਥੀ ਨਾ ਦਿਸੇ ਕਿਉਂਕਿ ਮਾਪੇ ਸੁਰੱਖਿਆ ਕਾਰਨਾਂ ਕਰ ਕੇ ਉਨ੍ਹਾਂ ਨੂੰ ਭੇਜ ਹੀ ਨਹੀਂ ਰਹੇ।

ਕਸ਼ਮੀਰ ਵਿਚ ਸੋਮਵਾਰ ਨੂੰ ਪੋਸਟਪੇਡ ਮੋਬਾਈਲ ਸੇਵਾਵਾਂ ਬਹਾਲ ਕਰ ਦਿਤੀਆਂ ਗਈਆਂ ਸਨ ਪਰ ਇਕ ਹੀ ਘੰਟੇ ਬਾਅਦ ਐਸਐਮਐਸ ਸਹੂਲਤ ਇਕ ਵਾਰ ਫਿਰ ਬੰਦ ਕਰ ਦਿਤੀ ਗਈ। ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਸਮੇਤ ਮੁੱਖ ਧਾਰਾ ਦੇ ਕਈ ਆਗੂ ਹਾਲੇ ਵੀ ਨਜ਼ਰਬੰਦ ਜਾਂ ਹਿਰਾਸਤ ਵਿਚ ਹਨ। ਮੋਬਾਈਲ ਸੇਵਾਵਾਂ ਚਾਲੂ ਹੋਣ 'ਤੇ ਲੋਕਾਂ ਨੇ ਖ਼ੁਸ਼ੀ ਇਜ਼ਹਾਰ ਕੀਤਾ ਸੀ ਪਰ ਕਈ ਲੋਕਾਂ ਦਾ ਕਹਿਣਾ ਹੈ ਕਿ ਇਕੱਲੇ ਮੋਬਾਈਲ ਫ਼ੋਨਾਂ ਦੇ ਚਾਲੂ ਹੋਣ ਨਾਲ ਹਾਲਾਤ ਵਿਚ ਸੁਧਾਰ ਨਹੀਂ ਹੋ ਸਕਦਾ। 73 ਦਿਨਾਂ ਤੋਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।