ਮੰਜੂ ਵਰਮਾ ਨੇ ਸਮਰਪਣ ਨਾ ਕੀਤਾ ਤਾਂ ਜਾਇਦਾਦ ਜ਼ਬਤ ਕਰੇਗੀ ਬਿਹਾਰ ਪੁਲਿਸ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜ ਦੇ ਏਡੀਜੀ ਐਸ.ਕੇ.ਸਿੰਘਲ ਨੇ ਕਿਹਾ ਹੈ ਕਿ ਮੰਜੂ ਵਰਮਾ ਜੇਕਰ ਜਲਦ ਹੀ ਸਮਰਪਣ ਨਹੀਂ ਕਰਦੀ ਤਾਂ ਬਿਹਾਰ ਪੁਲਿਸ ਉਸ ਦੀ ਜਾਇਦਾਦ ਨੂੰ ਜ਼ਬਤ ਕਰਨ ਦਾ ਫੈਸਲਾ ਕਰ ਰਹੀ ਹੈ।

Manju Verma

ਮੁਜਫੱਰਪੁਰ,  ( ਪੀਟੀਆਈ ) : ਬਿਹਾਰ ਦੇ ਮੁਜਫੱਰਪੁਰ ਆਸਰਾ ਘਰ ਮਾਮਲੇ ਵਿਚ ਫਰਾਰ ਸਾਬਕਾ ਮੰਤਰੀ ਮੰਜੂ ਵਰਮਾ ਵੱਲੋਂ ਸਮਰਪਣ ਨਾ ਕੀਤੇ ਜਾਣ ਤੇ ਪੁਲਿਸ ਨੇ ਜਾਇਦਾਦ ਨੂੰ ਜ਼ਬਤ ਕੀਤੇ ਜਾਣ ਦੀ ਚਿਤਾਵਨੀ ਦਿਤੀ ਹੈ। ਰਾਜ ਦੇ ਏਡੀਜੀ ਐਸ.ਕੇ.ਸਿੰਘਲ ਨੇ ਕਿਹਾ ਹੈ ਕਿ ਮੰਜੂ ਵਰਮਾ ਜੇਕਰ ਜਲਦ ਹੀ ਸਮਰਪਣ ਨਹੀਂ ਕਰਦੀ ਤਾਂ ਬਿਹਾਰ ਪੁਲਿਸ ਉਸ ਦੀ ਜਾਇਦਾਦ ਨੂੰ ਜ਼ਬਤ ਕਰਨ ਦਾ ਫੈਸਲਾ ਕਰ ਰਹੀ ਹੈ। ਦੱਸ ਦਈਏ ਕਿ ਮੰਜੂ ਵਰਮਾ ਅਸਤੀਫਾ ਦੇਣ ਤੋਂ ਬਾਅਦ ਤੋਂ ਹੀ ਗਾਇਬ ਹੈ । ਮੁਜਫੱਰਪੁਰ ਆਸਰਾ ਘਰ ਮਾਮਲੇ ਨਾਲ ਮੰਜੂ ਵਰਮਾ ਦਾ ਸਬੰਧ ਦੱਸਿਆ ਜਾ ਰਿਹਾ ਹੈ।

ਜਨਤਾ ਦਲ ਯੂਨਾਈਟੇਡ ਨੇ ਵੀ ਮੰਜੂ ਵਰਮਾ ਨੂੰ ਪਾਰਟੀ ਤੋਂ ਮੁਅੱਤਲ ਕਰ ਦਿਤਾ ਹੈ। ਦੱਸ ਦਈਏ ਕਿ ਬਿਹਾਰ ਸਰਕਾਰ ਦੀ ਸਾਬਕਾ ਮੰਤਰੀ ਮੰਜੂ ਵਰਮਾ ਦੇ ਘਰ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਹੁਣ ਤੱਕ ਗ੍ਰਿਫਤਾਰੀ ਨਾ ਹੋਣ ਤੇ ਸੁਪਰੀਮ ਕੋਰਟ ਨੇ ਬਿਹਾਰ ਸਰਕਾਰ ਨੂੰ ਫਟਕਾਰ ਲਗਾਈ ਸੀ ਅਤੇ ਡੀਜੀਪੀ ਨੂੰ ਪੇਸ਼ ਹੋਣ ਦਾ ਹੁਕਮ ਦਿਤਾ ਸੀ। ਇਸ ਮਾਮਲੇ ਵਿਚ 27 ਨਵੰਬਰ ਨੂੰ ਸੁਣਵਾਈ ਹੋਣੀ ਹੈ। ਇਸ ਮਾਮਲੇ ਵਿਚ ਨਿਤੀਸ਼ ਕੁਮਾਰ ਸਰਕਾਰ ਤੇ ਦਬਾਅ ਬਣਨ ਤੋਂ ਬਾਅਦ ਮੰਜੂ ਵਰਮਾ ਨੂੰ ਮੰਤਰੀ ਮੰਡਲ ਤੋਂ ਬਾਹਦ ਕੱਢ ਦਿਤਾ ਗਿਆ ਸੀ।

ਹੁਣ ਪਾਰਟੀ ਨੇ ਵੀ ਉਨ੍ਹਾਂ ਨੂੰ ਮੁਅੱਤਲ ਕਰ ਦਿਤਾ ਹੈ। ਦੱਸ ਦਈਏ ਕਿ ਮੁਜਫੱਰਪੁਰ ਬਾਲਿਕਾ ਆਸਰਾ ਘਰ ਵਿਚ ਕਈ ਲੜਕੀਆਂ ਨਾਲ ਕਥਿਤ ਤੌਰ ਤੇ ਕੁਕਰਮ ਹੋਇਆ ਸੀ। ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ ਵੱਲੋਂ ਰਾਜ ਦੇ ਸਮਾਜ ਭਲਾਈ ਵਿਭਾਗ ਨੂੰ ਸੌਂਪੀ ਗਈ ਆਡਿਟ ਰੀਪੋਰਟ ਵਿਚ ਇਹ ਮਾਮਲਾ ਸੱਭ ਤੋਂ ਪਹਿਲਾਂ ਸਾਹਮਣੇ ਆਇਆ ਸੀ।

ਬਾਲਿਕਾ ਆਸਰਾ ਘਰ ਕਾਂਡ ਦੀ ਜਾਂਚ ਦੌਰਾਨ 17 ਅਗਸਤ ਨੂੰ ਮੰਜੂ ਵਰਮਾ ਦੇ ਬੇਗੁਸਰਾਇ ਜ਼ਿਲ੍ਹਾ ਸਥਿਤ ਘਰ ਵਿਚ ਛਾਪੇਮਾਰੀ ਕੀਤੀ ਗਈ ਸੀ। ਉਨ੍ਹਾਂ ਦੇ ਘਰ ਤੋਂ ਗ਼ੈਰ ਕਾਨੂੰਨੀ ਹਥਿਆਰਾਂ ਸਮਤੇ ਅਸਲ੍ਹਾ ਬਰਾਮਦ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮੰਜੂ ਵਰਮਾ ਅਤੇ ਉਸ ਦੇ ਪਤੀ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਮੰਜੂ ਵਰਮਾ ਦੇ ਪਤੀ ਚੰਦਰਸ਼ੇਖਰ ਵਰਮਾ ਨੇ ਇਸ 29 ਅਕਤੂਬਰ ਨੂੰ ਸਮਰਪਣ ਕਰ ਦਿਤਾ ਹੈ ਪਰ ਮੰਜੂ ਵਰਮਾ ਅਜੇ ਤੱਕ ਫਰਾਰ ਹਨ।