ਪਾਣੀ ਬਚਾਉਣ ਲਈ ਕੁੜੀਆਂ ਨੇ ਬਣਾਇਆ ਗੈਂਗਸ ਆਫ 20 ਵਾਟਰ ਲੀਡਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਣੀ ਦੀ ਮੁੜ ਤੋਂ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਘਰਾਂ ਦੀਆਂ ਲੋੜਾਂ ਨੂੰ ਘੱਟ ਪਾਣੀ ਵਿਚ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ।

Gang Of 20 water leader

ਝਾਰਖੰਡ,  ( ਭਾਸ਼ਾ ) : ਧਨਬਾਦ ਵਿਖੇ 20 ਲੜਕੀਆਂ ਨੇ ਪਾਣੀ ਬਚਾਉਣ ਲਈ ਗੈਂਗਸ ਆਫ 20 ਵਾਟਰ ਲੀਡਰ ਸ਼ੁਰੂ ਕੀਤਾ ਹੈ। ਧਨਬਾਦ ਦੇ ਕਾਰਮਲ ਸਕੂਲ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਕਈ ਸਕੂਲਾਂ ਵਿਚ ਪਹੁੰਚ ਚੁੱਕਾ ਹੈ।  ਕਾਰਮਲ ਦੀਆਂ ਵਿਦਿਆਰਥਣਾਂ ਅਮੀਸ਼ਾ, ਤਨੀਸ਼ਾ, ਮਾਨਸੀ ਅਤੇ ਸ਼ਰੇਆ ਨੇ ਦੱਸਿਆ ਕਿ ਉਹ 2015 ਵਿਚ ਅੱਠਵੀਂ ਕਲਾਸ ਵਿਚ ਸਨ ਤਾਂ ਧਨਬਾਦ ਵਿਖੇ ਆਯੋਜਿਤ ਇਕ ਕਾਰਜਸ਼ਾਲਾ ਵਿਚ ਹਿੱਸਾ ਲੈਣ ਗਈਆਂ, ਜਿਸ ਤੋਂ ਬਾਅਦ ਉਤਸ਼ਾਹਿਤ ਹੋ ਕੇ ਉਨ੍ਹਾਂ ਨੇ ਗੈਂਗਸ ਆਫ 20 ਵਾਟਰ ਲੀਡਰ ਬਣਾਉਣ ਦਾ ਫੈਸਲਾ ਕੀਤਾ।

ਸਕੂਲ ਮੁਖਈ ਮਾਰਗ੍ਰੇਟ ਮੇਰੀ ਦੇ ਸਹਿਯੋਗ ਨਾਲ ਉਨ੍ਹਾਂ ਨੇ ਕੰਮ ਸ਼ੁਰੂ ਕੀਤਾ। ਵਿਦਿਆਰਥਣਾਂ ਵੱਲੋਂ ਅਪਣੇ ਸਕੂਲ ਦਾ ਸਰਵੇਖਣ ਕੀਤਾ ਗਿਆ ਕਿ ਉਹ ਪੀਣ ਵਾਲੇ ਕਿਸ ਪਾਣੀ ਦੀ ਵਰਤੋਂ ਕਰਦੇ ਹਨ। ਰੇਨ ਵਾਟਰ ਹਾਰਵੇਸਟਿੰਗ ਦੀ ਵੀ ਜਾਣਕਾਰੀ ਮੰਗੀ ਗਈ। ਸਰਵੇਖਣ ਦੌਰਾਨ ਪਤਾ ਲਗਾ ਕਿ 65 ਫ਼ੀ ਸਦੀ ਲੋਕ ਜ਼ਮੀਨੀ ਪਾਣੀ ਅਤੇ 31 ਫ਼ੀ ਸਦੀ ਲੋਕ ਸਪਲਾਈ ਵਾਲੇ ਪਾਣੀ ਦੀ ਵਰਤੋਂ ਕਰਦੇ ਹਨ। 4 ਫ਼ੀ ਸਦੀ ਲੋਕ ਦੋਹਾਂ ਤਰ੍ਹਾਂ ਦੇ ਪਾਣੀ ਦੀ ਵਰਤੋਂ ਕਰਦੇ ਹਨ। ਮੈਥਨ ਵਾਟਰ ਸਪਲਾਈ ਦੀ ਵਰਤੋਂ ਜ਼ਿਲ੍ਹੇ ਦੇ ਕੁਝ ਲੋਕ ਹੀ ਕਰ ਰਹੇ ਹਨ ।

ਸਮੂਹ ਵੱਲੋਂ ਜਾਗਰੁਕਤਾ ਮੁਹਿੰਮ ਅਧੀਨ ਲੋਕਾਂ ਨੂੰ ਲੋੜੀਂਦੀ ਜਾਣਕਾਰੀ ਮੁੱਹਈਆ ਕਰਵਾਈ ਜਾ ਰਹੀ ਹੈ ਕਿ ਜੇਕਰ ਇਸੇ ਤੇਜ਼ੀ ਨਾਲ ਜ਼ਮੀਨੀ ਪਾਣੀ ਦੀ ਦੁਰਵਤੋਂ ਹੁੰਦੀ ਰਹੀ ਤਾਂ ਆਉਣ ਵਾਲੇ ਕੁਝ ਸਾਲਾਂ ਵਿਚ ਜ਼ਮੀਨੀ ਪਾਣੀ ਪੂਰੀ ਤਰ੍ਹਾਂ ਸੁਕ ਜਾਵੇਗਾ। ਇਸ ਲਈ ਪਾਣੀ ਦੀ ਸੰਭਾਲ ਅਤੇ ਇਸ ਨੂੰ ਸੁਰੱਖਿਅਤ ਤਰੀਕੇ ਨਾਲ ਇਕੱਤਰ ਕਰ ਕੇ ਰੱਖਣਾ ਪਵੇਗਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਣੀ ਦੀ ਮੁੜ ਤੋਂ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਘਰਾਂ ਦੀਆਂ ਲੋੜਾਂ ਨੂੰ ਘੱਟ ਪਾਣੀ ਵਿਚ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ।

ਕਾਰਮਲ ਸਕੂਲ ਦੀ ਮੁਖੀ ਡਾ. ਮਾਰਗ੍ਰੇਟ ਮੇਰੀ ਦਾ ਕਹਿਣਾ ਹੈ ਕਿ ਵਿਦਿਆਰਥਣਾਂ 2015 ਤੋਂ ਹੀ ਇਸ ਖੇਤਰ ਵਿਚ ਕੰਮ ਕਰ ਰਹੀਆਂ ਹਨ। ਘੱਟ ਉਮਰ ਦੀਆਂ ਇਨ੍ਹਾਂ  ਵਿਦਿਆਰਥੀਆਂ ਵੱਲੋਂ ਅਜਿਹਾ ਕੰਮ ਕੀਤਾ ਜਾਣਾ ਇਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਬਚਤ ਦੀ ਇਸ ਮੁਹਿੰਮ ਵਿਚ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸਿਰਫ ਪਾਣੀ ਦੀ ਟੂਟੀ ਬੰਦ ਕਰਨਾ ਹੀ ਬਹੁਤ ਨਹੀਂ ਹੈ, ਇਹ ਵੀ ਸੋਚਣਾ ਪਵੇਗਾ ਕਿ ਪਾਣੀ ਕਿਵੇਂ ਬਚਾਇਆ ਜਾਵੇ।