'ਸਾਮਨਾ’ ਦੇ ਜ਼ਰੀਏ ਸ਼ਿਵਸੈਨਾ ਨੇ BJP 'ਤੇ ਸਾਧਿਆ ਨਿਸ਼ਾਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਿਵ ਸੈਨਾ ਨੇ ਆਪਣੇ ਅਖ਼ਬਾਰ ‘ਸਾਮਨਾ’ ਰਾਹੀਂ ਭਾਰਤੀ ਜਨਤਾ ਪਾਰਟੀ 'ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਅਖ਼ਬਾਰ ਦੀ ਸੰਪਾਦਕੀ 'ਰਾਸ਼ਟਰਪਤੀ ਰਾਜ ਦੀ ਆੜ ਹੇਠ ਘੋੜਾ–ਬਾਜ਼ਾਰ'

shiv sena

ਨਵੀਂ ਦਿੱਲੀ : ਸ਼ਿਵ ਸੈਨਾ ਨੇ ਆਪਣੇ ਅਖ਼ਬਾਰ ‘ਸਾਮਨਾ’ ਰਾਹੀਂ ਭਾਰਤੀ ਜਨਤਾ ਪਾਰਟੀ 'ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਅਖ਼ਬਾਰ ਦੀ ਸੰਪਾਦਕੀ 'ਰਾਸ਼ਟਰਪਤੀ ਰਾਜ ਦੀ ਆੜ ਹੇਠ ਘੋੜਾ–ਬਾਜ਼ਾਰ' ਸਿਰਲੇਖ ਹੇਠ ਲਿਖੀ ਗਈ ਹੈ। ਉਸ ਵਿੱਚ ਸ਼ਿਵ ਸੈਨਾ ਨੇ ਭਾਜਪਾ ਨੂੰ ਸਿਆਸੀ ਹਮਲਾ ਬੋਲਦਿਆਂ ਕਿਹਾ ਹੈ ਕਿ ਮਹਾਰਾਸ਼ਟਰ ’ਚ ਨਵੇਂ ਸਮੀਕਰਣਾਂ ਤੋਂ ਕਈ ਲੋਕਾਂ ਦੇ ਢਿੱਡ ਦੁਖਣ ਲੱਗ ਪਏ ਹਨ। ਸੰਪਾਦਕੀ ਵਿੱਚ ਲਿਖਿਆ ਗਿਆ ਹੈ ਕਿ ਛੇ ਮਹੀਨੇ ਸਰਕਾਰ ਨਾ ਟਿਕਣ ਦੇ ਸਰਾਪ ਦਿੱਤੇ ਜਾ ਰਹੇ ਹਨ। ਇਹ ਸਭ ਆਪਣੀ ਕਮਜ਼ੋਰੀ ਲੁਕਾਉਣ ਲਈ ਕੀਤਾ ਜਾ ਰਿਹਾ ਹੈ।

ਦਰਅਸਲ, ਭਾਜਪਾ ਆਗੂ ਨੇ ਕੱਲ੍ਹ ਸ਼ੁੱਕਰਵਾਰ ਨੂੰ ਬਿਆਨ ਦਿੱਤਾ ਸੀ ਕਿ ਮਹਾਰਾਸ਼ਟਰ ਵਿੱਚ ਉਨ੍ਹਾਂ ਦੀ ਪਾਰਟੀ ਸਰਕਾਰ ਬਣਾਏਗੀ। ਇਸ ਬਾਰੇ 'ਸਾਮਨਾ' 'ਚ ਲਿਖਿਆ ਗਿਆ ਹੈ ਕਿ ਭਾਜਪਾ ਕਿਹੜੇ ਮੂੰਹ ਨਾਲ ਆਖ ਰਹੀ ਹੈ ਕਿ ਸੂਬੇ ਵਿੱਚ ਉਹ ਸਰਕਾਰ ਬਣਾਏਗੀ। ਖ਼ੁਦ ਨੂੰ ਮਹਾਰਾਸ਼ਟਰ ਦੇ ਮਾਲਕ ਸਮਝਣ ਦੀ ਮਾਨਸਿਕਤਾ ਤੋਂ ਬਾਹਰ ਆਓ। ਉਨ੍ਹਾਂ ਕਿਹਾ ਕਿ ਸੱਤਾ ਜਾਂ ਮੁੱਖ ਮੰਤਰੀ ਦੇ ਅਹੁਦੇ ਨਾਲ ਕੋਈ ਨਹੀਂ ਜੰਮਦਾ। ਇਸ ਸੰਪਾਦਕੀ ਦਾ ਨਾਂਅ 'ਘੋੜਾ–ਬਾਜ਼ਾਰ' ਇਸ ਲਈ ਰੱਖਿਆ ਗਿਆ ਹੈ ਕਿਉਂਕਿ ਵਿਧਾਇਕਾਂ ਜਾਂ ਸੰਸਦ ਮੈਂਬਰਾਂ ਦੀ ਖ਼ਰੀਦੋ–ਫ਼ਰੋਖ਼ਤ ਨੂੰ ਅੰਗਰੇਜ਼ੀ ਭਾਸ਼ਾ ਵਿੱਚ 'ਹਾਰਸ–ਟ੍ਰੇਡਿੰਗ' ਆਖਦੇ ਹਨ।

ਇੰਝ ਇਸ ਸੰਪਾਦਕੀ ਦਾ ਸਿਰਲੇਖ ਹੀ ਇਹ ਦਰਸਾਉਂਦਾ ਹੈ ਕਿ ਸ਼ਿਵ–ਸੈਨਾ ਦੀ ਵਿਰੋਧੀ ਪਾਰਟੀ ਹੁਣ ਕਥਿਤ ਤੌਰ 'ਤੇ ਵਿਧਾਇਕਾਂ ਦੀ ਖ਼ਰੀਦੋ–ਫ਼ਰੋਖ਼ਤ ਕਰ ਰਹੀ ਹੈ। ਇੱਥੇ ਵਰਨਣਯੋਗ ਹੈ ਕਿ ਮਹਾਰਾਸ਼ਟਰ ’ਚ ਹੁਣ ਸ਼ਿਵ ਸੈਨਾ, ਰਾਸ਼ਟਰੀ ਕਾਂਗਰਸ ਪਾਰਟੀ ਭਾਵ NCP ਅਤੇ ਕਾਂਗਰਸ ਦੇ ਗੱਠਜੋੜ ਵਾਲੀ ਸਰਕਾਰ ਬਣਦੀ ਦਿਸ ਰਹੀ ਹੈ। NCP ਆਗੂ ਸ੍ਰੀ ਸ਼ਰਦ ਪਵਾਰ ਨੇ ਭਰੋਸਾ ਪ੍ਰਗਟਾਇਆ ਕਿ ਤਿੰਨੇ ਪਾਰਟੀਆਂ ਦੀ ਸਰਕਾਰ ਪੰਜ ਸਾਲਾਂ ਦਾ ਕਾਰਜਕਾਲ ਜ਼ਰੂਰ ਪੂਰਾ ਕਰੇਗੀ ਅਤੇ ਵਿਕਾਸਮੁਖੀ ਸ਼ਾਸਨ ਦੇਵੇਗੀ।

 NCP ਨੇ ਇਹ ਵੀ ਕਿਹਾ ਕਿ ਗੱਠਜੋੜ ਦੀ ਅਗਵਾਈ ਸ਼ਿਵ ਸੈਨਾ ਕਰੇਗੀ। ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਭਾਜਪਾ ਨਾਲ ਸ਼ਿਵ ਸੈਨਾ ਦੀ ਸਹਿਮਤੀ ਨਹੀਂ ਬਣ ਸਕੀ ਸੀ। ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਪਾਰਟੀ ਤੇ ਸ਼ਿਵ ਸੈਨਾ ਦਾ ਇੱਕ ਵਫ਼ਦ ਅੱਜ ਸਨਿੱਚਰਵਾਰ ਨੂੰ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕਰੇਗਾ ਪਰ ਤਿੰਨੇ ਪਾਰਟੀਆਂ ਦਾ ਕਹਿਣਾ ਹੈ ਕਿ ਇਹ ਮੀਟਿੰਗ ਵਰਖਾ ਤੋਂ ਪ੍ਰਭਾਵਿਤ ਕਿਸਾਨਾਂ ਲਈ ਤੁਰੰਤ ਸਹਾਇਤਾ ਮੰਗਣ ਲਈ ਹੈ ਨਾ ਕਿ ਸਰਕਾਰ ਗਠਨ ਨੂੰ ਲੈ ਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।