ਸ਼ਿਵ ਸੈਨਾ ਤੇ ਭਾਜਪਾ ਦਾ ਝਗੜਾ ਵਧਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਿਵ ਸੈਨਾ ਨਾਲ ਢਾਈ ਸਾਲ ਲਈ ਮੁੱਖ ਮੰਤਰੀ ਅਹੁਦੇ ਦਾ ਵਾਅਦਾ ਨਹੀਂ ਕੀਤਾ ਸੀ : ਫੜਨਵੀਸ

BJP-Sena chief minister war

ਮੁੰਬਈ : ਸੱਤਾ ਦੇ ਮਸਲੇ 'ਤੇ ਸ਼ਿਵ ਸੈਨਾ ਤੇ ਭਾਜਪਾ ਦਾ ਕਲੇਸ਼ ਵਧ ਗਿਆ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਦ ਗਠਜੋੜ ਨੂੰ ਅੰਤਮ ਰੂਪ ਦਿਤਾ ਗਿਆ ਸੀ, ਤਦ ਸ਼ਿਵ ਸੈਨਾ ਨਾਲ ਢਾਈ ਸਾਲ ਲਈ ਮੁੱਖ ਮੰਤਰੀ ਅਹੁਦੇ ਦਾ ਵਾਅਦਾ ਨਹੀਂ ਕੀਤਾ ਗਿਆ ਸੀ। ਫੜਨਵੀਸ ਦਾ ਇਹ ਬਿਆਨ ਆਉਣ ਦੀ ਦੇਰ ਸੀ ਕਿ ਸ਼ਿਵ ਸੈਨਾ ਨੇ ਭਾਜਪਾ ਨਾਲ ਮੰਗਲਵਾਰ ਸ਼ਾਮ ਹੋਣ ਵਾਲੀ ਬੈਠਕ ਰੱਦ ਕਰ ਦਿਤੀ। ਸ਼ਿਵ ਸੈਨਾ ਆਗੂ ਸੰਜੇ ਰਾਊਤ ਨੇ ਕਿਹਾ ਕਿ ਇਸ ਬੈਠਕ ਦਾ ਹੁਣ ਕੋਈ ਮਤਲਬ ਨਹੀਂ ਰਹਿ ਜਾਂਦਾ।

ਰਾਜ ਵਿਚ ਅਗਲੀ ਸਰਕਾਰ ਵਿਚ ਸੱਤਾ ਵਿਚ ਭਾਈਵਾਲੀ ਦੇ ਮਸਲੇ 'ਤੇ ਭਾਜਪਾ ਅਤੇ ਸ਼ਿਵ ਸੈਨਾ ਵਿਚਾਲੇ ਝਗੜਾ ਚੱਲ ਰਿਹਾ ਹੈ। ਫੜਨਵੀਸ ਨੇ ਕਿਹਾ ਕਿ ਉਹ ਅਗਲੇ ਪੰਜ ਸਾਲ ਤਕ ਮੁੱਖ ਮੰਤਰੀ ਰਹਿਣਗੇ। ਫੜਨਵੀਸ ਨੇ ਸ਼ਿਵ ਸੈਨਾ ਦੇ ਅਖ਼ਬਾਰ ਵਿਚ ਭਾਜਪਾ ਨੂੰ ਅਕਸਰ ਨਿਸ਼ਾਨਾ ਬਣਾਏ ਜਾਣ 'ਤੇ ਨਾਰਾਜ਼ਗੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਸ ਦੀ ਭੂÎਮਿਕਾ ਗੱਲਬਾਤ ਨੂੰ ਪਟੜੀ ਤੋਂ ਲਾਹੁਣ ਦੀ ਹੈ। ਉਨ੍ਹਾਂ ਅਪਣੇ ਸਰਕਾਰੀ ਘਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਅਗਲੇ ਪੰਜ ਸਾਲਾਂ ਲਈ ਭਾਜਪਾ ਦੀ ਅਗਵਾਈ ਵਿਚ ਸਰਕਾਰ ਬਣੇਗੀ ਅਤੇ ਇਸ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।' ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ 105 ਅਤੇ ਸ਼ਿਵ ਸੈਨਾ ਨੂੰ 56 ਸੀਟਾਂ ਮਿਲੀਆਂ ਹਨ।

ਸ਼ਿਵ ਸੈਨਾ ਦੇ ਕੁੱਝ ਵਿਧਾਇਕ ਪਾਰਟੀ ਆਗੂ ਅਦਿਤਿਆ ਠਾਕਰੇ ਨੂੰ ਢਾਈ ਸਾਲਾਂ ਲਈ ਮੁੱਖ ਮੰਤਰੀ ਬਣਾਉਣ ਦੀ ਮੰਗ ਕਰ ਰਹੇ ਹਨ। ਫੜਨਵੀਸ ਨੇ ਕਿਹਾ, 'ਮੈਂ ਅਮਿਤ ਸ਼ਾਹ ਕੋਲੋਂ ਪੁਸ਼ਟੀ ਕੀਤੀ ਅਤੇ ਉਨ੍ਹਾਂ ਦਸਿਆ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਦ ਗਠਜੋੜ ਨੂੰ ਅੰਤਮ ਰੂਪ ਦਿਤਾ ਗਿਆ ਸੀ ਤਦ ਭਾਜਪਾ ਨੇ ਕੋਈ ਵਾਅਦਾ ਨਹੀਂ ਕੀਤਾ ਸੀ।' ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ 50-50 ਦਾ ਫ਼ਾਰਮੂਲਾ ਕੀ ਹੈ ਤਾਂ ਉਨ੍ਹਾਂ ਕਿਹਾ ਕਿ ਤੁਹਾਨੂੰ ਛੇਤੀ ਹੀ ਪਤਾ ਚੱਲ ਜਾਵੇਗਾ। ਉਨ੍ਹਾਂ ਕਿਹਾ ਕਿ ਗਠਜੋੜ ਅਗਲੇ ਪੰਜ ਸਾਲ ਤਕ ਸਥਿਰ ਅਤੇ ਕਾਮਯਾਬ ਸਰਕਾਰ ਦੇਵੇਗਾ। ਸ਼ਿਵ ਸੈਨਾ ਦੁਆਰਾ ਹੋਰ ਬਦਲਾਂ ਬਾਰੇ ਗੱਲ ਕੀਤੇ ਜਾਣ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਦੋਹਾਂ ਭਾਈਵਾਲਾਂ ਕੋਲ ਹੋਰ ਕੋਈ ਬਦਲ ਨਹੀਂ ਹੈ।

ਸ਼ਿਵ ਸੈਨਾ ਦਾ ਪਲਟਵਾਰ, ਜਾਰੀ ਕੀਤੀ ਵੀਡੀਉ :
ਫੜਨਵੀਸ ਦੇ ਬਿਆਨ ਮਗਰੋਂ ਸ਼ਿਵ ਸੈਨਾ ਨੇ ਭਾਜਪਾ ਨਾਲ ਬੈਠਕ ਰੱਦ ਕਰ ਦਿਤੀ। ਇਸ ਨਵੇਂ ਘਟਨਾਕ੍ਰਮ ਮਗਰੋਂ ਦੋਹਾਂ ਧਿਰਾਂ ਦਾ ਕਲੇਸ਼ ਹੋਰ ਵੱਧ ਸਕਦਾ ਹੈ। ਸ਼ਿਵ ਸੈਨਾ ਦੇ ਸੀਨੀਅਰ ਆਗੂ ਨੇ ਦਸਿਆ ਕਿ ਸੱਤਾ ਭਾਈਵਾਲੀ 'ਤੇ ਮੁੱਖ ਮੰਤਰੀ ਦੇ ਬਿਆਨ ਮਗਰੋਂ ਊਧਵ ਠਾਕਰੇ ਨੇ ਸ਼ਾਮ ਚਾਰ ਵਜੇ ਤਜਵੀਜ਼ਸ਼ੁਦਾ ਬੈਠਕ ਰੱਦ ਕਰ ਦਿਤੀ। ਬੈਠਕ ਵਿਚ ਕੇਂਦਰ ਮੰਤਰੀ ਪ੍ਰਕਾਸ਼ ਜਾਵੜੇਕਰ ਅਤੇ ਸ਼ਿਵ ਸੈਨਾ ਦੇ ਸੀਨੀਅਰ ਆਗੂਆਂ ਨੇ ਸ਼ਾਮਲ ਹੋਣਾ ਸੀ। ਸ਼ਿਵ ਸੈਨਾ ਨੇ ਅਪਣੇ ਦਾਅਵੇ ਦੇ ਹੱਕ ਵਿਚ ਪੁਰਾਣੀ ਵੀਡੀਉ ਵੀ ਜਾਰੀ ਕੀਤੀ ਜਿਸ ਵਿਚ ਫੜਨਵੀਸ ਅਹੁਦੇ ਅਤੇ ਜ਼ਿੰਮੇਵਾਰੀ ਦੀ ਬਰਾਬਰ ਵੰਡ ਬਾਰੇ ਗੱਲ ਕਰ ਰਹੇ ਹਨ।

ਸ਼ਿਵ ਸੈਨਾ ਦੇ 45 ਵਿਧਾਇਕ ਭਾਜਪਾ ਨਾਲ ਆਉਣ ਲਈ ਤਿਆਰ : ਭਾਜਪਾ ਆਗੂ
ਭਾਜਪਾ ਦੇ ਰਾਜ ਸਭਾ ਮੈਂਬਰ ਸੰਜੇ ਕਾਕੜੇ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਦੇ ਨਵੇਂ ਚੁਣੇ ਲਗਭਗ 45 ਵਿਧਾਇਕ ਭਾਜਪਾ ਨਾਲ ਹੱਥ ਮਿਲਾ ਕੇ ਸਰਕਾਰ ਬਣਾਉਣ ਦੇ ਚਾਹਵਾਨ ਹਨ ਅਤੇ ਉਹ ਦਵਿੰਦਰ ਫੜਨਵੀਸ ਨੂੰ ਮੁੱਖ ਮੰਤਰੀ ਵਜੋਂ ਵੇਖਣਾ ਚਾਹੁੰਦੇ ਹਨ। ਕਾਕੜੇ ਨੇ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਉਹ ਨਹੀਂ ਸਮਝਦੇ ਕਿ ਸ਼ਿਵ ਸੈਨਾ ਵਿਰੋਧੀ ਧਿਰ ਵਿਚ ਬੈਠੇਗੀ। ਕਾਕੜੇ ਨੇ ਕਿਹਾ ਕਿ ਸ਼ਿਵ ਸੈਨਾ ਨੇ 56 ਵਿਚੋਂ 45 ਅਜਿਹੇ ਵਿਧਾਇਕ ਹਨ ਜਿਨ੍ਹਾਂ ਭਾਜਪਾ ਨਾਲ ਹੱਥ ਮਿਲਾ ਕੇ ਸਰਕਾਰ ਬਣਾਉਣ ਦੀ ਅਪਣੀ ਇੱਛਾ ਪ੍ਰਗਟ ਕੀਤੀ ਹੈ। ਉਹ ਸਾਨੂੰ ਫ਼ੋਨ 'ਤੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸਰਕਾਰ ਵਿਚ ਸ਼ਾਮਲ ਕਰ ਲਵੋ। ਉਨ੍ਹਾਂ ਇਹ ਵੀ ਕਿਹਾ ਕਿ ਸ਼ਿਵ ਸੈਨਾ ਦੇ ਇਹ ਵਿਧਾਇਕ ਕਹਿ ਰਹੇ ਹਨ ਕਿ ਚਾਹੇ ਜੋ ਵੀ ਕੀਤਾ ਜਾਵੇ ਪਰ ਉਹ ਭਾਜਪਾ ਨਾਲ ਸਰਕਾਰ ਦਾ ਹਿੱਸਾ ਬਣਨਾ ਚਾਹੁੰਦੇ ਹਨ।