ਭਾਜਪਾ ਤੇ ਸ਼ਿਵ ਸੈਨਾ ਸਰਕਾਰ ਬਣਾਉਣ, ਅਸੀਂ ਵਿਰੋਧੀ ਧਿਰ ਬਣਾਂਗੇ : ਪਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਵਾਰ ਨੇ ਕਿਹਾ, 'ਜੇ ਸਾਡੇ ਕੋਲ ਬਹੁਮਤ ਹੁੰਦਾ ਤਾਂ ਅਸੀਂ ਕਿਸੇ ਦੀ ਉਡੀਕ ਨਹੀਂ ਕਰਦੇ। ਅਸੀਂ ਜ਼ਿੰਮੇਵਾਰ ਵਿਰੋਧੀ ਧਿਰਾਂ ਵਾਂਗ ਕੰਮ ਕਰਾਂਗੇ।'

Sharad Pawar

ਮੁੰਬਈ  : ਮਹਾਰਾਸ਼ਟਰ ਵਿਚ ਸਰਕਾਰ ਕਾਇਮੀ ਸਬੰਧੀ ਜਾਰੀ ਰੇੜਕੇ ਵਿਚਾਲੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਭਾਈਵਾਲ ਕਾਂਗਰਸ ਜ਼ਿੰਮੇਵਾਰ ਵਿਰੋਧੀ ਧਿਰਾਂ ਵਾਂਗ ਕੰਮ ਕਰਨਗੀਆਂ। ਪਵਾਰ ਨੇ ਰਾਊਤ ਨਾਲ ਮੁਲਕਾਤ ਮਗਰੋਂ ਪੱਤਰਕਾਰ ਸੰਮੇਲਨ ਵਿਚ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸਮਰਥਨ ਦੇਣ ਦੇ ਕਿਆਸਿਆਂ ਨੂੰ ਖ਼ਾਰਜ ਕਰ ਦਿਤਾ। ਪਵਾਰ ਨੇ ਕਿਹਾ, 'ਸਵਾਲ ਹੀ ਕਿਥੇ ਉਠਦਾ ਹੈ ਗ਼ੈਰ ਭਾਜਪਾ ਸਰਕਾਰ ਦਾ। ਭਾਜਪਾ ਅਤੇ ਸ਼ਿਵ ਸੈਨਾ ਪਿਛਲੇ 25 ਸਾਲਾਂ ਤੋਂ ਇਕੱਠੇ ਹਨ ਅਤੇ ਉਹ ਦੇਰ ਸਵੇਰ ਨਾਲ ਹੀ ਜਾਣਗੇ।' 

ਪਵਾਰ ਨੇ ਕਿਹਾ, 'ਜੇ ਸਾਡੇ ਕੋਲ ਬਹੁਮਤ ਹੁੰਦਾ ਤਾਂ ਅਸੀਂ ਕਿਸੇ ਦੀ ਉਡੀਕ ਨਹੀਂ ਕਰਦੇ। ਅਸੀਂ ਜ਼ਿੰਮੇਵਾਰ ਵਿਰੋਧੀ ਧਿਰਾਂ ਵਾਂਗ ਕੰਮ ਕਰਾਂਗੇ।' ਇਸ ਤੋਂ ਪਹਿਲਾਂ ਸ਼ਿਵ ਸੈਨਾ ਆਗੂ ਸੰਜੇ ਰਾਊਤ ਨੇ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ। ਰਾਊਤ ਨੇ ਮੁਲਾਕਾਤ ਮਗਰੋਂ ਕਿਹਾ ਕਿ ਇਹ ਸ਼ਿਸਟਾਚਾਰ ਭੇਂਟ ਸੀ। ਰਾਊਤ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਢਾਈ ਢਾਈ ਸਾਲਾਂ ਲਈ ਮੁੱਖ ਮੰਤਰੀ ਅਹੁਦਾ ਸਾਂਝਾ ਕਰਨ ਸਮੇਤ ਸੱਤਾ ਦੀ ਵੰਡ ਬਾਰੇ ਭਾਜਪਾ ਕੋਲੋਂ ਲਿਖਤੀ ਭਰੋਸਾ ਚਾਹੁੰਦੀ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਤੇ ਸ਼ਿਵ ਸੈਨਾ ਵਿਚਾਲੇ ਮੁੱਖ ਮੰਤਰੀ ਅਹੁਦਾ ਸਾਂਝਾ ਕਰਨ ਦੀ ਸਹਿਮਤੀ ਚੋਣਾਂ ਤੋਂ ਪਹਿਲਾਂ ਹੀ ਬਣ ਚੁੱਕੀ ਸੀ।

ਸਵੇਰ ਸਮੇਂ ਕਾਂਗਰਸ ਦੇ ਰਾਜ ਸਭਾ ਮੈਂਬਰ ਹੁਸੈਨ ਦਲਵਈ ਨੇ ਮੁੰਬਈ ਵਿਚ ਸ਼ਿਵ ਸੈਨਾ ਆਗੂ ਸੰਜੇ ਰਾਊਤ ਨਾਲ ਮੁਲਾਕਾਤ ਕੀਤੀ। ਦਲਵਈ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਊਤ ਨਾਲ ਉਸ ਦੀ ਬੈਠਕ ਹਾਂਪੱਖੀ ਰਹੀ ਅਤੇ ਕਾਂਗਰਸ ਤੇ ਐਨਸੀਪੀ ਨੂੰ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣ ਲਈ ਕੰਮ ਕਰਨਾ ਚਾਹੀਦੀ ਹੈ। ਦਲਵਈ ਨੇ ਪਿਛਲੇ ਹਫ਼ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਸੀ ਕਿ ਕਾਂਗਰਸ ਨੂੰ ਰਾਜ ਵਿਚ ਸਰਕਾਰ ਦੀ ਕਾਇਮੀ ਲਈ ਸ਼ਿਵ ਸੈਨਾ ਦਾ ਸਮਰਥਨ ਕਰਨਾ ਚਾਹੀਦਾ ਹੈ।

ਉਨ੍ਹਾਂ ਸ਼ਿਵ ਸੈਨਾ ਦੇ ਅਖ਼ਬਾਰ 'ਸਾਮਨਾ' ਦੇ ਦਫ਼ਤਰ ਵਿਚ ਰਾਊਤ ਨਾਲ ਮੁਲਾਕਾਤ ਕੀਤੀ ਜਿਹੜੀ ਕਰੀਬ 30 ਮਿੰਟ ਤਕ ਚੱਲੀ। ਜ਼ਿਕਰਯੋਗ ਹੈ ਕਿ 288 ਮੈਂਬਰੀ ਮਹਾਰਾਸ਼ਟਰ ਵਿਧਾਨ ਸਭਾ ਵਿਚ ਕਿਸੇ ਵੀ ਪਾਰਟੀ ਨੂੰ 145 ਸੀਟਾਂ ਦਾ ਬਹੁਮਤ ਨਹੀਂ ਮਿਲਿਆ ਜਿਸ ਕਾਰਨ ਸਕਕਾਰ ਦੀ ਕਾਇਮੀ ਵਿਚ ਦੇਰ ਹੋ ਰਹੀ ਹੈ। ਚੋਣਾਂ ਵਿਚ ਭਾਜਪਾ ਨੂੰ 105, ਐਨਸੀਪੀ ਨੂੰ 54 ਅਤੇ ਕਾਂਗਰਸ ਨੂੰ 44 ਸੀਟਾਂ ਮਿਲੀਆਂ ਹਨ। 
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।