ਨਵੀਂ ਦਿੱਲੀ : ਦਿੱਲੀ ਸਮੂਹਿਕ ਬਲਾਤਕਾਰ ਮਾਮਲੇ ਨੂੰ ਵਾਪਿਰਆ ਅੱਜ 7 ਸਾਲ ਦਾ ਲੰਮਾ ਸਮਾਂ ਬੀਤ ਚੁੱਕਾ ਹੈ। ਉਸ ਸਮੇਂ ਨਿਰਭਿਆ ਨਾਲ ਵਾਪਰੇ ਦੁਖਾਤ ਨੂੰ ਪੜ੍ਹ-ਸੁਣ ਕੇ ਅਜਿਹੀ ਕੋਈ ਅੱਖ ਨਹੀਂ ਸੀ, ਜਿਹੜੀ ਨਮ ਨਾ ਹੋਈ ਹੋਵੇ। ਇਸ ਘਟਨਾ ਤੋਂ ਬਾਅਦ ਦੇਸ਼ ਅੰਦਰ ਬਲਾਤਕਾਰੀਆਂ ਵਿਰੁਧ ਉਬਾਲ ਮਾਰਦੇ ਗੁੱਸੇ ਤੇ ਨਫਰਤ ਤੋਂ ਅਜਿਹਾ ਹੀ ਭਾਸ ਰਿਹਾ ਸੀ ਕਿ ਦੇਸ਼ ਵਿਚ ਵਾਪਰੀ ਇਹ ਆਪਣੀ ਕਿਸਮ ਦੀ ਆਖ਼ਰੀ ਘਟਨਾ ਹੋਵੇਗੀ ਪਰ ਮੌਜੂਦਾ ਅੰਕੜੇ ਕੁੱਝ ਹੋਰ ਹੀ ਬਿਆਨ ਕਰ ਰਹੇ ਹਨ। ਹੁਣ ਤਾਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਇਸ ਘਟਨਾ ਤੋਂ ਬਾਅਦ ਬਲਾਤਕਾਰੀਆਂ ਦੇ ਹੌਂਸਲੇ ਸਗੋਂ ਹੋਰ ਬੁਲੰਦ ਹੋ ਗਏ ਹੋਣ।
ਬਲਾਤਕਾਰ ਦੀਆਂ ਘਟਨਾਵਾਂ 'ਚ ਵਾਧਾ ਚਿੰਤਾਜਨਕ : ਕੁੱਝ ਦਿਨ ਪਹਿਲਾਂ ਵਾਪਰੀ ਹੈਦਰਾਬਾਦ ਵਾਲੀ ਘਟਨਾ ਨੇ ਇਕ ਵਾਰ ਫਿਰ ਦਿੱਲੀ ਕਾਂਡ ਚੇਤੇ ਕਰਵਾ ਦਿਤਾ ਹੈ। ਇਸ ਘਟਨਾ 'ਚ ਦਰਿੰਦਿਆਂ ਨੇ ਪੀੜਤਾ ਨਾਲ ਸਮੂਹਿਕ ਬਲਾਤਕਾਰ ਤੋਂ ਬਾਅਦ ਉਸ ਨੂੰ ਜਿੰਦਾ ਜਲਾ ਦਿਤਾ ਹੈ। ਹੁਣੇ-ਹੁਣੇ ਆਈ ਖ਼ਬਰ ਅਨੁਸਾਰ ਉਨਾਵ 'ਚ ਨਾਬਾਲਿਗ਼ ਲੜਕੀ ਨੂੰ ਅਗਵਾ ਕਰਨ ਬਾਅਦ ਬਲਾਤਕਾਰ ਕਰਨ ਦੇ ਕੇਸ 'ਚ ਕੁਲਦੀਪ ਸੇਂਗਰ ਨਾਂ ਦੇ ਭਾਜਪਾ ਦੇ ਇਕ ਸਾਬਕਾ ਵਿਧਾਇਕ ਨੂੰ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਦੋਸ਼ੀ ਕਰਾਰ ਦੇ ਦਿਤਾ ਹੈ। ਸੇਂਗਰ 'ਤੇ ਦੋਸ਼ ਹੈ ਕਿ ਉਸ ਨੇ 2017 ਵਿਚ ਉਨਾਵ ਵਿਚ ਇਕ ਨਾਬਾਲਿਗ਼ ਲੜਕੀ ਨੂੰ ਅਗਵਾ ਕਰ ਕੇ ਉਸ ਨਾਲ ਬਲਾਤਕਾਰ ਕੀਤਾ।
ਕਿੰਨੀ ਕੁ ਬਦਲੀ ਹੈ ਸਾਡੀ ਮਾਨਿਸਕਤਾ : ਹੁਣ ਤਾਂ ਹਾਲਾਤ ਅਜਿਹੇ ਬਣਦੇ ਜਾ ਰਹੇ ਹਨ ਕਿ 6-6 ਮਹੀਨੇ ਦੀਆਂ ਦੁੱਧ ਪੀਦੀਆਂ ਮਾਸੂਮ ਬੱਚੀਆਂ ਵੀ ਦਰਿੰਦਿਆਂ ਤੋਂ ਸੁਰੱਖਿਅਤ ਨਹੀਂ ਰਹੀਆਂ। ਭਾਵੇਂ ਸਰਕਾਰ ਨੇ ਨਾਬਾਲਿਗ਼ਾਂ ਦੀ ਉਮਰ 18 ਤੋਂ ਘਟਾ ਕੇ 16 ਸਾਲ ਕਰ ਦਿਤੀ ਹੈ ਪਰ ਨਾਬਾਲਿਗਾ ਵਲੋਂ ਕੀਤੇ ਜਾ ਰਹੇ ਕਾਰੇ ਕੁੱਝ ਹੋਰ ਹੀ ਤਸਵੀਰ ਪੇਸ਼ ਕਰ ਰਹੇ ਹਨ ਜੋ ਵੱਡੀ ਚਿੰਤਾ ਦਾ ਵਿਸ਼ਾ ਹੈ।
ਸੱਤ ਸਾਲ ਪਹਿਲਾਂ ਵਾਪਰੇ ਹਾਦਸੇ ਦੇ ਜ਼ਖ਼ਮ ਅੱਜ ਵੀ ਅੱਲ੍ਹੇ : 2012 ਦੇ ਦਸੰਬਰ ਮਹੀਨੇ ਦੀ 16 ਤਰੀਕ ਦੀ ਉਸ ਰਾਤ ਨੂੰ ਵੀ ਕਾਫ਼ੀ ਠੰਡ ਸੀ। ਨਿਰਭਿਆ ਤੇ ਉਸ ਦਾ ਦੋਸ਼ ਰਾਤ ਸਮੇਂ ਘਰ ਪਰਤਣ ਲਈ ਆਟੋ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਨੇ ਕਈ ਸਾਰੇ ਆਟੋ ਵਾਲਿਆਂ ਨੂੰ ਚੱਲਣ ਲਈ ਕਿਹਾ ਪਰ ਉਨ੍ਹਾਂ ਨੂੰ ਆਪਣੀ ਮੰਜ਼ਲ 'ਤੇ ਪਹੁੰਚਾਉਣ ਲਈ ਕੋਈ ਰਾਜ਼ੀ ਨਹੀਂ ਹੋਇਆ। ਦਰਅਸਲ ਜਿੱਥੇ ਉਹ ਜਾਣਾ ਚਾਹੁੰਦੇ ਸਨ ਉਥੇ ਰਾਤ ਸਮੇਂ ਆਟੋ ਵਾਲੇ ਘੱਟ ਜਾਂਦੇ ਸਨ। ਇਸ ਦੌਰਾਨ ਉਨ੍ਹਾਂ ਨੂੰ ਆਟੋ ਦੀ ਉਡੀਕ ਕਰਦਿਆਂ ਕਾਫ਼ੀ ਦੇਰ ਹੋ ਗਈ। ਇਸੇ ਦੌਰਾਨ ਇਕ ਬੱਸ ਉਨ੍ਹਾਂ ਕੋਲ ਆ ਕੇ ਰੁਕੀ ਜਿਸ ਵਿਚ ਉਹ ਦੋਵੇਂ ਜਣੇ ਸਵਾਰ ਹੋ ਗਏ। ਇਹ ਬੱਸ ਮੁਨਿਰਕਾ ਤੋਂ ਦੁਆਰਕਾ ਜਾ ਰਹੀ ਸੀ। ਬੱਸ ਵਿਚ ਉਨ੍ਹਾਂ ਤੋਂ ਇਲਾਵਾ 6 ਹੋਰ ਲੜਕੇ ਸਵਾਰ ਸਨ।
ਕੁੱਝ ਦੇਰ ਬਾਅਦ ਉਨ੍ਹਾਂ ਨਿਰਭਿਆ ਨਾਲ ਛੇੜਛਾੜ ਸ਼ੁਰੂ ਕਰ ਦਿਤੀ। ਜਦੋਂ ਉਸ ਦੇ ਦੋਸਤ ਨੇ ਇਸ ਦਾ ਵਿਰੋਧ ਕੀਤਾ ਤਾਂ ਦਰਿੰਦਿਆਂ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਦਰਿਦਿਆਂ ਨੇ ਨਿਰਭਿਆ ਨਾਲ ਸਮੂਹਿਕ ਬਲਾਤਕਾਰ ਕੀਤਾ। ਇੰਨਾ ਹੀ ਨਹੀਂ, ਉਨ੍ਹਾਂ ਨੇ ਨਿਰਭਿਆ ਨਾਲ ਅਜਿਹੀ ਘਿਨੌਣੀ ਹਰਕਤ ਕੀਤੀ, ਜਿਸ ਬਾਰੇ ਪੜ੍ਹ ਸੁਣ ਕੇ ਸਾਰੀ ਮਨੁੱਖਤਾ ਨੂੰ ਸ਼ਰਮਸਾਰ ਹੋ ਜਾਂਦੀ ਹੈ। ਬਾਅਦ ਵਿਚ ਦਰਿੰਦਿਆਂ ਨੇ ਨਿਰਭਿਆ ਅਤੇ ਉਸ ਦੇ ਦੋਸਤ ਨੂੰ ਦੱਖਣੀ ਦਿੱਲੀ ਦੇ ਮਹਿਮਾਲਪੁਰ ਦੇ ਨੇੜੇ ਵਸੰਤ ਵਿਹਾਰ ਇਲਾਕੇ 'ਚ ਚਲਦੀ ਬੱਸ 'ਚੋਂ ਬਾਹਰ ਸੁੱਟ ਦਿਤਾ।
ਕਾਫ਼ੀ ਦੇਰ ਤਕ ਨਿਰਭਿਆ ਤੇ ਉਸ ਦਾ ਦੋਸਤ ਮਦਦ ਲਈ ਪੁਕਾਰਦੇ ਰਹ ਪਰ ਜ਼ਿਆਦਾਤਰ ਲੋਕ ਉਨ੍ਹਾਂ ਨੂੰ ਅਣਗੌਲੇ ਕਰਦਿਆਂ ਲੰਘਦੇ ਗਏ। ਅਖ਼ੀਰ ਅੱਧੀ ਰਾਤ ਤੋਂ ਬਾਅਦ ਕੁੱਝ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿਤੀ। ਪੁਲਿਸ ਨੇ ਨਿਰਭਿਆ ਨੂੰ ਗੰਭੀਰ ਹਾਲਤ ਵਿਚ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਭਰਤੀ ਕਰਵਾਇਆ। ਇਹ ਮਾਮਲਾ ਦੇਸ਼ ਵਿਦੇਸ਼ ਦੇ ਮੀਡੀਆ ਦੀਆਂ ਸੁਰਖੀਆਂ ਬਣਿਆ। ਲੋਕ ਵੱਡੀ ਗਿਣਤੀ 'ਚ ਸੜਕਾਂ 'ਤੇ ਉਤਰ ਆਏ। ਸਫਦਰਜੰਗ ਹਸਪਤਾਲ ਵਿਚ ਨਿਰਭਿਆ ਦੀ ਹਾਲਤ ਵਿਚ ਸੁਧਾਰ ਨਾ ਹੋਣ ਤੇ ਉਸ ਨੂੰ ਸਿੰਗਾਪੁਰ ਭੇਜਿਆ ਗਿਆ, ਜਿੱਥੇ 29 ਦਸੰਬਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਨਿਰਭਿਆ ਦੇ ਦੋਸ਼ੀਆਂ ਦੀ ਉਲਟੀ ਗਿਣਤੀ ਸ਼ੁਰੂ : ਅੱਜ ਸੱਤ ਸਾਲ ਬਾਤ ਜਾਣ ਬਾਅਦ ਨਿਰਭਿਆਂ ਕਾਂਡ ਦੇ 6 ਦੋਸ਼ੀਆਂ ਵਿਚੋਂ ਇਕ ਨਾਬਾਲਿਗ਼ ਦੋਸ਼ੀ ਰਿਹਾਅ ਹੋ ਚੁੱਕਾ ਹੈ। ਰਾਮ ਸਿੰਘ ਨਾਮ ਦੇ ਦੂਜੇ ਦੋਸ਼ੀ ਨੇ ਖੁਦਕੁਸ਼ੀ ਕਰ ਲਈ ਸੀ ਜਦਕਿ ਚਾਰ ਦੋਸ਼ੀ ਵਿਨੈ ਸ਼ਰਮਾ, ਮੁਕੇਸ਼ ਸਿੰਘ, ਪਵਨ ਗੁਪਤਾ ਤੇ ਅਕਸ਼ੈ ਕੁਮਾਰ ਤਿਹਾੜ ਜੇਲ੍ਹ ਵਿਚ ਬੰਦ ਹਨ। ਇਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਨ੍ਹਾਂ 'ਚੋਂ ਅਕਸ਼ੈ ਕੁਮਾਰ ਨੇ ਸੁਮਰੀਮ ਕੋਰਟ ਵਿਚ ਮੁੜ ਵਿਚਾਰ ਲਈ ਅਰਜ਼ੀ ਲਾਈ ਹੋਈ ਹੈ ਜਿਸ 'ਤੇ 17 ਦਸੰਬਰ ਨੂੰ ਸੁਣਵਾਈ ਹੋਵੇਗੀ। ਇਸ ਤੋਂ ਬਾਅਦ ਦੋਸ਼ੀਆਂ ਨੂੰ ਦੋਸ਼ੀਆਂ ਨੂੰ ਛੇਤੀ ਹੀ ਫਾਂਸੀ 'ਤੇ ਲਟਕਾਏ ਜਾਣ ਦੇ ਚਰਚੇ ਹਨ, ਜਿਸ ਦੀ ਪੂਰਾ ਦੇਸ਼ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।