ਨਿਰਭਿਆ ਸਮੂਹਿਕ ਬਲਾਤਕਾਰ ਦੇ ਦੋਸ਼ੀ ਅਕਸ਼ੈ ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤੀ ਰਿਵੀਉ ਪਟੀਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਜ਼ਾ ਤੋਂ ਬਚਣ ਲਈ ਦਾਖ਼ਲ ਕੀਤੀ ਨਜ਼ਰਸਾਨੀ ਪਟੀਸ਼ਨ

file photo

ਨਵੀਂ ਦਿੱਲੀ : ਨਿਰਭਿਆ ਸਮੂਹਿਕ ਬਲਾਤਕਾਰ ਦੇ ਦੋਸ਼ੀ ਅਕਸ਼ੈ ਸਿੰਘ ਦੀ ਨਜ਼ਰਸਾਨੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਸਵੀਕਾਰ ਕਰ ਲਿਆ ਹੈ। ਭਾਵੇਂ ਅਜੇ ਤਕ ਇਹ ਤੈਅ ਨਹੀਂ ਹੋਇਆ ਕਿ ਅਰਜ਼ੀ 'ਤੇ ਸੁਪਰੀਮ ਕੋਰਟ ਕਦੋਂ ਸੁਣਵਾਈ ਕਰੇਗਾ। ਕਾਬਲੇਗੌਰ ਹੈ ਕਿ ਅਕਸ਼ੈ ਨੂੰ ਹੇਠਲੀ ਅਦਾਲਤ ਵਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਜਿਸ ਨੂੰ ਦਿੱਲੀ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਬਰਕਰਾਰ ਰਖਿਆ ਸੀ। ਦੋਸ਼ੀ ਨੇ ਇਹ ਪਟੀਸ਼ਨ ਸਜ਼ਾ ਤੋਂ ਬਚਣ ਲਈ ਦਾਇਰ ਕੀਤੀ ਹੈ।

ਇਸ ਤੋਂ ਪਹਿਲਾਂ ਬਾਕੀ ਤਿੰਨਾਂ ਦੋਸ਼ੀਆਂ ਮੁਕੇਸ਼, ਪਵਨ ਅਤੇ ਵਿਨੈ ਨੇ ਨਜ਼ਰਸਾਨੀ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ ਨੂੰ ਪਿਛਲੇ ਸਾਲ ਸੁਪਰੀਮ ਕੋਰਟ ਨੇ ਖ਼ਾਰਿਜ ਕਰਦਿਆਂ ਫਾਂਸੀ ਦੀ ਸਜ਼ਾ ਨੂੰ ਕਾਇਮ ਰਖਿਆ ਸੀ।

ਨਿਰਭਿਆ ਸਮੂਹਿਕ ਬਲਾਤਕਾਰ ਦੇ ਦੋਸ਼ੀ ਵਿਨੈ ਅਤੇ ਪਵਨ ਫ਼ਿਲਹਾਲ ਸੁਪਰੀਮ ਕੋਰਟ ਵਿਚ ਅਰੋਗ ਪਟੀਸ਼ਨ ਦਾਖ਼ਲ ਨਹੀਂ ਕਰ ਸਕਣਗੇ ਕਿਉਂਕਿ ਉਹ ਅਦਾਲਤ ਸਾਹਮਣੇ ਪਹਿਲਾਂ ਹੀ ਅਪਣੀ ਘੱਟ ਉਮਰ ਅਤੇ ਮਾਂ ਪਿਉ ਅਤੇ ਉਨ੍ਹਾਂ ਦੇ ਬੁਢਾਪੇ ਦਾ ਵਾਸਤਾ ਦਿੰਦੇ ਹੋਏ ਸਜ਼ਾ ਘੱਟ ਕਰਨ ਲਈ ਗੁਹਾਰ ਲਗਾ ਚੁੱਕੇ ਹਨ। ਇਸ ਸਿੱਧਾ ਮਤਲਬ ਹੈ ਕਿ ਉਨ੍ਹਾਂ ਨੂੰ ਫ਼ੈਸਲੇ 'ਤੇ ਕੋਈ ਇਤਰਾਜ਼ ਨਹੀਂ ਹੈ।

ਦੂਜੇ ਪਾਸੇ ਦੋਸ਼ੀਆਂ ਦੇ ਵਕੀਲ ਏ.ਪੀ. ਸਿੰਘ ਨੇ ਕਿਹਾ ਕਿ ਅਕਸ਼ੈ ਦੀ ਨਜ਼ਰਸਾਨੀ ਪਟੀਸ਼ਨ ਦੇ ਨਿਪਟਾਰੇ ਤੋਂ ਬਾਅਦ ਉਹ ਬਾਕੀ ਤਿੰਨਾਂ ਦੋਸ਼ੀਆਂ ਵਲੋਂ ਵੀ ਅਰੋਗ ਯਾਨੀ ਇਲਾਜ ਪਟੀਸ਼ਨ ਇਕੱਠੀਆਂ ਦਾਖ਼ਲ ਕਰਨਗੇ।