ਜਾਮੀਆ ਦੇ ਵਿਦਿਆਰਥੀਆਂ ਦੇ ਹੱਕ ਵਿਚ ਉਤਰੀ ਸ਼ਿਵਸੈਨਾ, ਦਿੱਤਾ ਇਹ ਵੱਡਾ ਬਿਆਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਹਨ ਪ੍ਰਦਰਸ਼ਨ

Photo

ਮੁੰਬਈ : ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਦਿੱਲੀ ਦੇ ਜਾਮੀਆਨਗਰ ਇਲਾਕੇ ਵਿਚ ਭੜਕੀ ਹਿੰਸਾ ਪੂਰੇ ਦੇਸ਼ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮਾਮਲਾ ਸੁਪਰੀਮ ਕੋਰਟ ਵਿਚ ਪਹੁੰਚ ਗਿਆ ਹੈ। ਦੇਸ਼ ਭਰ ਦੀ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀ ਜਾਮੀਆ ਦੇ ਵਿਦਿਆਰਥੀਆਂ ਦੇ ਸਮਰਥਨ ਵਿਚ ਉਤਰ ਆਏ ਹਨ ਅਤੇ ਹੁਣ ਸ਼ਿਵਸੈਨਾ ਨੇ ਵੀ ਵਿਦਿਆਰਥੀਆਂ ਦਾ ਸਮੱਰਥਨ ਕੀਤਾ ਹੈ। ਇਨ੍ਹਾਂ ਹੀ ਨਹੀਂ ਸ਼ਿਵਸੈਨਾ ਨੇ ਸਰਕਾਰ ਦੀ ਵੀ ਤਿੱਖੀ ਆਲੋਚਨਾ ਕੀਤੀ ਹੈ।

ਸ਼ਿਵਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਹੈ ਕਿ ਸਰਕਾਰ ਨੂੰ ਵਿਦਿਆਰਥੀਆਂ ਦੀ ਗੱਲ ਸੁਣਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਨਾਗਰਿਕਤਾ ਕਾਨੂੰਨ ਵਿਚ ਕੁੱਝ ਖਾਮੀਆਂ ਹਨ ਜੇਕਰ ਸੱਭ ਨਾਲ ਗੱਲ ਕਰਕੇ ਉਨ੍ਹਾਂ ਨੂੰ ਦੂਰ ਕਰ ਲਿਆ ਹੁੰਦਾ ਤਾਂ ਦੇਸ਼ ਨਹੀਂ ਜੱਲਦਾ।

ਇੰਨਾ ਹੀ ਨਹੀਂ ਸ਼ਿਵਸੈਨਾ ਨੇਤਾ ਨੇ ਸਰਕਾਰ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਹੋਰ ਦੀ ਸਰਕਾਰ ਹੁੰਦੀ ਤਾਂ ਅਸੀ ਸਰਕਾਰ ਨੂੰ ਹੀ ਕੁੱਟ ਦਿੰਦੇ । ਉੱਥੇ ਹੀ ਰਾਊਤ ਨੇ ਕਿਹਾ ਕਿ ਦੇਸ਼ ਚਲਾਉਣ ਵਾਲੇ ਸਾਡੇ ਲੀਡਰਾਂ ਦਾ ਇਹ ਕਹਿਣਾ ਹੈ ਕਿ ਵਿਦਿਆਰਥੀ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਹਨ ਇਹ ਸਹੀ ਨਹੀਂ ਹੈ। ਸੰਜੇ ਰਾਊਤ ਨੇ ਇਹ ਵੀ ਆਰੋਪ ਲਗਾਇਆ ਕਿ ਭਾਜਪਾ ਸ਼ਾਸਿਤ ਸੂਬੇ ਜਲ ਰਹੇ ਹਨ। ਰਾਊਤ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਹਿੰਸਾ ‘ਤੇ ਸਰਬ ਸਾਂਝੀ ਮੀਟਿੰਗ ਬਲਾਉਣ ਦੀ ਮੰਗ ਕੀਤੀ ਹੈ।

ਦੱਸ ਦਈਏ ਕਿ ਕੱਲ੍ਹ ਐਤਵਾਰ ਨੂੰ ਦੱਖਣੀ ਦਿੱਲੀ ਇਲਾਕੇ ਵਿਚ ਮੌਜੂਦ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਲਗਾਤਾਰ ਪ੍ਰਦਰਸ਼ਨ ਕਰ ਰਹੇ ਸਨ ਇਸੇ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਵੀ ਝੜਪ ਹੋ ਗਈ ਅਤੇ ਇਸ ਪ੍ਰਦਰਸ਼ਨ ਨੇ ਹਿੰਸਾ ਦੀ ਰੂਪ ਧਾਰਨ ਕਰ ਲਿਆ ਸੀ। ਕਈਂ ਗੱਡੀਆ ਅਤੇ ਬੱਸਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਜਾਮੀਆ ਕੈਂਪਸ ਦੇ ਅੰਦਰ ਵੜ ਕੇ ਵੀ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਹੈ।