ਹੁਣ ਦੇਸ਼ ਭਰ 'ਚ ਇਕ ਹੀ ਨੰਬਰ ਤੋਂ ਮਿਲਣਗੀਆਂ ਰੇਲਵੇ ਦੀਆਂ ਸਾਰੀਆਂ ਸਹੂਲਤਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੌਜੂਦਾ ਸਮੇਂ ਵਿਚ ਰੇਲਵੇ ਵੱਲੋਂ ਇੰਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ ਕਿ ਇਹ ਯਾਤਰੀਆਂ ਨੂੰ ਯਾਦ ਵੀ ਨਹੀਂ ਰਹਿੰਦੇ ।

Indian Railway

ਬਿਲਾਸਪੁਰ : ਹੁਣ ਰੇਲਗੱਡੀ ਵਿਚ ਸਫਰ ਦੌਰਾਨ ਕਿਸੇ ਤਰ੍ਹਾਂ ਦੀ ਮੁਸ਼ਕਲ ਹੋਣ 'ਤੇ ਹੈਲਪਲਾਈਨ ਨੰਬਰ ਨੂੰ ਲੈ ਕੇ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਇਸ ਦੇ ਲਈ ਪੂਰੇ ਦੇਸ਼ ਵਿਚ ਸਿਰਫ ਇਕ ਹੀ ਨੰਬਰ ਹੋਵੇਗਾ। ਇਸ 'ਤੇ ਫੋਨ ਕਰਨ 'ਤੇ ਰੇਲਵੇ ਤੋਂ ਮਦਦ ਮਿਲ ਜਾਵੇਗੀ। ਇਸ ਦੇ ਲਈ ਰੇਲਵੇ ਬੋਰਡ ਨੇ ਕ੍ਰਿਸ ਨੂੰ ਨਿਰਦੇਸ਼ ਦਿਤੇ ਹਨ। ਇਸ ਦੇ ਨਾਲ ਹੀ ਸਾਰੇ ਜ਼ੋਨ ਨੂੰ ਇਸ ਸਬੰਧੀ ਜਾਣਕਾਰੀ ਦੇ ਦਿਤੀ ਗਈ ਹੈ। ਸਫਰ ਦੌਰਾਨ ਯਾਤਰੀਆਂ ਦੀ ਸਹੂਲਤ ਨੂੰ ਲੈ ਕੇ ਰੇਲਵੇ ਹਮੇਸ਼ਾ ਸਚੇਤ ਰਹਿੰਦਾ ਹੈ।

ਇਸ ਦੇ ਲਈ ਹਰ ਸਹੂਲਤ ਲਈ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਯਾਤਰੀ ਉਸ ਨੰਬਰ 'ਤੇ ਅਪਣੀ ਸ਼ਿਕਾਇਤ ਦਰਜ ਕਰਵਾਉਣ ਤੋਂ ਇਲਾਵਾ ਮਦਦ ਵੀ ਹਾਸਲ ਕਰ ਸਕਦੇ ਹਨ। ਗੰਦਗੀ ਹੋਣ 'ਤੇ ਸਫਾਈ ਕਰਾਉਣ ਲਈ 58888 ਐਸਐਮਐਸ ਨੰਬਰ, ਟ੍ਰੇਨਾਂ ਦੀ ਪੁਛਗਿਛ ਲਈ 139 ਨੰਬਰ, ਬੱਚਾ ਵਿਛੜ ਗਿਆ ਹੈ ਤਾਂ ਚਾਈਲਡ ਲਾਈਨ ਤੱਕ ਸੁਰੱਖਿਅਤ ਪਹੁੰਚਾਉਣ ਲਈ ਵੱਖ ਨੰਬਰ ਹੈ। ਖਾਣਪੀਣ ਦੇ ਸਮਾਨ ਵਿਚ ਖਰਾਬੀ ਹੋਣ 'ਤੇ ਜਾਂ ਆਰਡਰ ਕਰਨਾ ਹੈ ਤਾਂ ਇਸ ਦੇ ਲਈ ਵੀ ਵੱਖ-ਵੱਖ ਨੰਬਰ ਹਨ।

ਮੌਜੂਦਾ ਸਮੇਂ ਵਿਚ ਰੇਲਵੇ ਵੱਲੋਂ ਇੰਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ ਕਿ ਇਹ ਯਾਤਰੀਆਂ ਨੂੰ ਯਾਦ ਵੀ ਨਹੀਂ ਰਹਿੰਦੇ ।ਇਸ ਦੇ ਕਾਰਨ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ। ਹਰ ਰੇਲਵੇ ਦਾ ਨੰਬਰ ਵੀ ਵੱਖ ਹੋਣ ਕਾਰਨ ਯਾਤਰੀਆਂ ਨੂੰ ਇਸ ਦੀ ਜਾਣਕਾਰੀ ਨਹੀਂ ਰਹਿੰਦੀ। ਰੇਲਵੇ ਬੋਰਡ ਨੇ ਯਾਤਰੀਆਂ ਦੀਆਂ ਇਹਨਾਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਇਕ ਨਬੰਰ ਰੱਖਣ ਦਾ ਫ਼ੈਸਲਾ ਲਿਆ ਹੈ ਅਤੇ ਇਸ ਦੀ ਤਿਆਰੀ ਵੀ ਸ਼ੁਰੂ ਕਰ ਦਿਤੀ ਹੈ। ਇਸ ਨਵੀਂ ਵਿਵਸਥਾ ਅਧੀਨ ਹੋ ਸਕਦਾ ਹੈ 

ਕਿ ਸੁਰੱਖਿਆ ਹੈਲਪਲਾਈਨ ਨੰਬਰ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਜਾਵੇਗਾ। ਮੌਜੂਦਾ ਸਮੇਂ ਵਿਚ ਸੁਰੱਖਿਆ ਹੈਲਪਲਾਈਨ ਨੰਬਰ 182 ਸਾਰੀਆਂ ਰੇਲਵੇ ਵਿਚ ਹੈ। ਇਸ ਨੂੰ ਡਾਇਲ ਕਰਨ 'ਤੇ ਯਾਤਰੀਆਂ ਨੂੰ ਮਦਦ ਵੀ ਮਿਲਦੀ ਹੈ। ਯਾਤਰੀ ਇਸ ਨੰਬਰ ਤੋਂ ਪੂਰੀ ਤਰ੍ਹਾਂ ਜਾਣੂ ਹਨ। ਜਿਸ ਕਾਰਨ ਇਸ ਵਿਚ ਬਦਲਾਅ ਕਰਨ 'ਤੇ ਉਹਨਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ।