ਦੋ ਹਫ਼ਤਿਆਂ ਤਕ ਰਹੇਗਾ ਠੰਢ ਦਾ ਪੂਰਾ ਜ਼ੋਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਗਲੇ ਦੋ ਦਿਨ ਪੰਜਾਬ ਸਮੇਤ ਕੁੱਝ ਰਾਜਾਂ ਵਿਚ ਮੀਂਹ ਦੀ ਸੰਭਾਵਨਾ

Photo

ਨਵੀਂ ਦਿੱਲੀ:  ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਅਤੇ ਦਿੱਲੀ ਸਮੇਤ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਮੌਸਮ ਦੇ ਪਲ ਪਲ ਬਦਲਦੇ ਮਿਜ਼ਾਜ ਕਾਰਨ ਜਨਵਰੀ ਵਿਚ ਅਗਲੇ ਦੋ ਹਫ਼ਤਿਆਂ ਦੌਰਾਨ ਸਿਰਫ਼ ਤਿੰਨ ਦਿਨ ਯਾਨੀ 21 ਤੋਂ 23 ਜਨਵਰੀ ਨੂੰ ਛੱਡ ਕੇ ਸਰਦੀ ਦੀ ਮੌਜੂਦਾ ਹਾਲਤ ਹੀ ਕਾਇਮ ਰਹਿਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ।

ਵਿਭਾਗ ਦੀ ਉੱਤਰੀ ਇਕਾਈ ਦੇ ਪ੍ਰਮੁੱਖ ਵਿਗਿਆਨੀ ਡਾ. ਕੁਲਦੀਪ ਸ੍ਰੀਵਾਸਤਵ ਨੇ ਦਸਿਆ ਕਿ ਹਿਮਾਲਿਆ ਖੇਤਰ ਵਿਚ ਪਛਮੀ ਗੜਬੜ ਦੀ 15 ਜਨਵਰੀ ਤੋਂ ਸਰਗਰਮੀ ਕਾਰਨ ਉੱਤਰ ਦੇ ਮੈਦਾਨੀ ਇਲਾਕਿਆਂ ਵਿਚ ਮੀਂਹ ਕਾਰਨ ਠੰਢ ਵਧ ਗਈ ਹੈ।

ਉਨ੍ਹਾਂ ਦਸਿਆ ਕਿ 20 ਤੋਂ 25 ਜਨਵਰੀ ਦੌਰਾਨ ਇਕ ਹੋਰ ਪਛਮੀ ਗੜਬੜ ਦੀ ਸੰਭਾਵਨਾ ਹੈ ਜਿਸ ਕਾਰਨ ਮੈਦਾਨੀ ਇਲਾਕਿਆਂ ਵਿਚ ਹਲਕੇ ਮੀਂਹ ਦਾ ਅਨੁਮਾਨ ਹੈ ਪਰ ਇਸ ਦਾ ਅਸਰ ਜ਼ਿਆਦਾ ਨਾ ਹੋਣ ਕਾਰਨ ਦਿੱਲੀ ਐਨਸੀਆਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ 21 ਤੋਂ 23 ਜਨਵਰੀ ਵਿਚਾਲੇ ਤਾਪਮਾਨ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਵਧਣ ਦਾ ਅਨੁਮਾਨ ਹੈ।

ਸ੍ਰੀਵਾਸਤਵ ਨੇ ਦਸਿਆ ਕਿ 24 ਜਨਵਰੀ ਤੋਂ ਵੱਧ ਤੋਂ ਤਾਪਮਾਨ ਵਿਚ ਕਮੀ ਦੇ ਅਨੁਮਾਨ ਨੂੰ ਵੇਖਦਿਆਂ ਜਨਵਰੀ ਦੇ ਆਖ਼ਰੀ ਹਫ਼ਤੇ ਵਿਚ ਦਿੱਲੀ ਐਨਸੀਆਰ ਸਮੇਤ ਹੋਰ ਉੱਤਰੀ ਰਾਜਾਂ ਵਿਚ ਠੰਢ ਇਕ ਵਾਰ ਫਿਰ ਵਧੇਗੀ। ਮੌਸਮ ਵਿਭਾਗ ਮੁਤਾਬਕ ਹਿਮਾਚਲ ਅਤੇ ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿਚ ਪਿਛਲੇ 24 ਘੰਟਿਆਂ ਤੋਂ ਪੈ ਰਹੀ ਬਰਫ਼ਬਾਰੀ ਦਾ ਸਿਲਸਿਲਾ ਅਗਲੇ ਦੋ ਦਿਨਾਂ ਤਕ ਜਾਰੀ ਰਹਿ ਸਕਦਾ ਹੈ ਅਤੇ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਦੇ ਕੁੱਝ ਹਿੱÎਸਿਆਂ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। 

ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਹਾਲੇ ਠੰਢ ਤੋਂ ਰਾਹਤ ਨਹੀਂ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਬੁਧਵਾਰ ਨੂੰ ਸਵੇਰੇ ਸੰਘਣਾ ਕੋਹਰਾ ਛਾਇਆ ਹੋਇਆ ਸੀ ਅਤੇ ਲੋਕਾਂ ਨੂੰ ਠੰਢ ਤੋਂ ਰਾਹਤ ਨਹੀਂ ਮਿਲ ਰਹੀ। ਮੌਸਮ ਵਿਭਾਗ ਦੇ ਇਕ ਅਧਿਕਾਰ ਨੇ ਦਸਿਆ ਕਿ ਅੰਮ੍ਰਿਤਸਰ ਵਿਚ ਘੱਟ ਤੋਂ ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ, ਲੁਧਿਆਣਾ ਵਿਚ 7.1, ਪਟਿਆਲਾ ਵਿਚ 7.6, ਆਦਮ ਵਿਚ 6.9, ਹਲਵਾਰਾ ਵਿਚ 4.7, ਬਠਿੰਡਾ ਵਿਚ 5.4, ਫ਼ਰੀਦਕੋਟ ਵਿਚ 6 ਅਤੇ ਗੁਰਦਾਸਪੁਰ ਵਿਚ 7.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ ਵਿਚ ਘੱਟੋ ਘੱਟ ਤਾਪਮਾਨ 6.9, ਹਿਸਾਰ ਵਿਚ 5.5, ਕਰਨਾਲ ਵਿਚ 8, ਨਾਰਨੌਲ ਵਿਚ 7.5, ਰੋਹਤਕ ਵਿਚ 8 ਅਤੇ ਸਿਰਸਾ ਵਿਚ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਰਾਤ ਵੇਲੇ ਤਾਪਮਾਨ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਸੰਘਣੀ ਧੁੰਦ ਪਵੇਗੀ।